ਮੋਗਾ/ਨਿਹਾਲ ਸਿੰਘ ਵਾਲਾ, (ਲਖਵੀਰ ਸਿੰਘ/ਪੱਪੂ ਗਰਗ/ ਸੱਚ ਕਹੂੰ ਨਿਊਜ਼)। ਅੱਜ ਵਿਜੀਲੈਂਸ ਵਿਭਾਗ ਵੱਲੋਂ ਨਿਹਾਲ ਸਿੰਘ ਵਾਲਾ ਥਾਣੇ ‘ਚ ਤਾਇਨਾਤ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਮੌਕੇ ‘ਤੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਮੋਗਾ ਵਿਜੀਲੈਂਸ ਦਫ਼ਤਰ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਵਿਜੀਲੈਂਸ ਫਿਰੋਜ਼ਪੁਰ ਰੇਂਜ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਅਸ਼ੋਕ ਕੁਮਾਰ ਵਾਸੀ ਭਗਤਾ ਭਾਈਕਾ ਖਿਲਾਫ਼ ਕਿਸੇ ਵਿਅਕਤੀ ਨੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪੈਸਿਆਂ ਦੇ ਲੈਣ ਦੇਣ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਸ਼ਿਕਾਇਤ ਦੀ ਤਫਤੀਸ਼ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਕਰ ਰਿਹਾ ਸੀ। ਪਰ ਉਸ ਨੇ ਸ਼ਿਕਾਇਤ ਨੂੰ ਰਫ਼ਾ ਦਫ਼ਾ ਕਰਨ ਲਈ ਅਸ਼ੋਕ ਕੁਮਾਰ ਤੋਂ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਅਸ਼ੋਕ ਕੁਮਾਰ ਨੇ ਤਿੰਨ ਦਿਨ ਪਹਿਲਾਂ 3 ਹਜ਼ਾਰ ਰੁਪਏ ਸਹਾਇਕ ਥਾਣੇਦਾਰ ਨੂੰ ਰਿਸ਼ਵਤ ਵਜੋਂ ਦੇ ਦਿੱਤੇ ਅਤੇ ਅੱਜ ਬਾਕੀ ਦੇ 7 ਹਜ਼ਾਰ ਰੁਪਏ ਨਿਹਾਲ ਸਿੰਘ ਵਾਲਾ ਥਾਣੇ ਵਿੱਚ ਬਣੇ ਕੁਆਟਰਾਂ ਵਿੱਚ ਬੈਠੇ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੂੰ ਦੇ ਦਿੱਤੇ ਪਰ ਮੌਕੇ ‘ਤੇ ਵਿਜੀਲੈਂਸ ਨੇ ਛਾਪਾ ਮਾਰ ਕੇ ਸਹਾਇਕ ਥਾਣੇਦਾਰ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਮੌਕੇ ‘ਤੇ ਅਸ਼ੋਕ ਕੁਮਾਰ ਵੱਲੋਂ ਦਿੱਤੇ 7 ਹਜ਼ਾਰ ਰੁਪਏ ਵੀ ਬਰਾਮਦ ਹੋ ਗਏ।
ਇਸ ਮੌਕੇ ਨਿਰਵੈਰ ਸਿੰਘ ਡਿਪਟੀ ਡਾਇਰੈਕਟਰ ਨਹਿਰੀ ਵਿਭਾਗ ਅਤੇ ਚਰਨਜੀਤ ਪਾਲ ਐਸ.ਡੀ.ਓ. ਪੀ ਡਬਲਿਊ. ਡੀ. ਗਵਾਹ ਵਜੋਂ ਹਾਜ਼ਰ ਸਨ। ਜਦ ਕਿ ਵਿਜੀਲੈਂਸ ਟੀਮ ਵਿੱਚ ਡੀ.ਐਸ.ਪੀ. ਵਿਜੀਲੈਂਸ ਫਿਰੋਜ਼ਪੁਰ ਰੇਂਜ ਸ: ਰਸ਼ਪਾਲ ਸਿੰਘ ਤੋਂ ਇਲਾਵਾ ਸਹਾਇਕ ਥਾਣੇਦਾਰ ਰੇਸ਼ਮ ਸਿੰਘ , ਸਹਾਇਕ ਥਾਣੇਦਾਰ ਗੁਰਇਕਬਾਲ ਸਿੰਘ, ਹੌਲਦਾਰ ਗੁਰਮੀਤ ਸਿੰਘ, ਹੌਲਦਾਰ ਨਿੰਦਰ ਸਿੰਘ ਅਤੇ ਮੁੱਖ ਮੁਨਸ਼ੀ ਵਿਜੀਲੈਂਸ ਸ: ਹਰਜਿੰਦਰ ਸਿੰਘ ਸ਼ਾਮਲ ਸਨ।