ਨਵਜੋਤ ਸਿੱਧੂ ਨੇ ਸ਼ੰਭੂ ਸਰਾਏ ਤੋਂ ਸ਼ੁਰੂ ਕੀਤਾ ਚਾਰ ਰੋਜ਼ਾ ਦੌਰਾ
ਰਾਜਪੁਰਾ, (ਜਤਿੰਦਰ ਲੱਕੀ/ਸੱਚ ਕਹੂੰ ਨਿਊਜ਼)। ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਸਮਾਰਕਾਂ ਦੇ ਦਰਵਾਜੇ ਆਮ ਲੋਕਾਂ ਲਈ ਖੋਲ੍ਹਣ ਵਾਸਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਤੇ ਹਰਿਆਣਾ ਦੀ ਹੱਦ ‘ਤੇ ਸਥਿਤ ਮੁਗਲ ਕਾਲ ਦੀ ਇਤਿਹਾਸਕ ਇਮਾਰਤ ਸ਼ੰਭੂ ਸਰਾਏ ਤੋਂ ਪੰਜਾਬ ਦੀਆਂ ਇਤਿਹਾਸਕ ਇਮਾਰਤਾਂ ਦੇ ਚਾਰ ਰੋਜ਼ਾ ਦੌਰੇ ਦੀ ਸ਼ੁਰੂਆਤ ਕੀਤੀ। ਸ੍ਰੀ ਸਿੱਧੂ ਜਿਨ੍ਹਾਂ ਦੇ ਨਾਲ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਗਲਕਾਲ ‘ਚ ਬਣੀ ਇਸ ਸਰਾਏ ਨੂੰ ਹੁਣ ਸ਼ੰਭੂ ਸਰਾਏ ਦਾ ਨਾਂਅ ਦੇ ਦਿੱਤਾ ਗਿਆ ਹੈ ਪਰ ਇਸ ਇਤਿਹਾਸਕ ਅਮਾਨਤ ਨੂੰ ਸਜਾਕੇ ਤੇ ਸੰਵਾਰਕੇ ਇਸਨੂੰ ਸ਼ਾਨਦਾਰ ਵਿਆਹ ਕਰਨ ਵਾਲੀ ਥਾਂ ‘ਚ ਤਬਦੀਲ ਕੀਤਾ ਜਾਵੇਗਾ। ਇਸਦੇ ਲਈ ਸੁੰਦਰ ਰੌਸ਼ਨੀ ਅਤੇ ਹੋਰ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ, ਪਰ ਇਸਦੇ ਅਸਲੀ ਡਿਜਾਈਨ ਤੇ ਢਾਂਚੇ ਨੂੰ ਬਰਕਰਾਰ ਰੱਖਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 11 ਏਕੜ ਵਿੱਚ ਬਣੀ ਇਸ ਸਰਾਏ ‘ਤੇ 15 ਤੋਂ 20 ਕਰੋੜ ਰੁਪਏ ਖਰਚ ਕਰਕੇ ਇਸਨੂੰ ਕੁਝ ਇਸ ਤਰ੍ਹਾਂ ਨਾਲ ਤਿਆਰ ਕੀਤਾ ਜਾਵੇਗਾ ਤਾਂ ਜੋ ਪੰਜਾਬੀ ਤੇ ਪ੍ਰਵਾਸੀ ਭਾਰਤੀ ਸ਼ਾਹੀ ਤਰੀਕੇ ਨਾਲ ਵਿਆਹ ਕਰਨ ਲਈ ਜੋ ਰਾਜਸਥਾਨ ਦਾ ਰੁਖ ਕਰਦੇ ਸਨ ਉਹ ਪੰਜਾਬ ਵਿੱਚ ਹੀ ਆਪਣੇ ਸੁਫਨੇ ਪੂਰਾ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਤਿੰਨ ਮੁਗਲਕਾਲੀਨ ਸਰਾਵਾਂ ਹਨ, ਜਿਨ੍ਹਾਂ ‘ਤੇ 60 ਕਰੋੜ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਵਿਆਹ ਸਥਾਨਾਂ ‘ਚ ਤਬਦੀਲ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸ਼ੰਭੂ ਬਾਰਡਰ ਦੇ ਨਜ਼ਦੀਕ ਮੁਗਲ ਸਰਾਏ ਤੋਂ ਇਲਾਵਾ ਦੁਰਾਹਾ ਦੇ ਕੋਲ ਸਰਾਏ ਤੇ ਸਰਾਏ ਲਸ਼ਕਰ ਨੂੰ ਵੈਡਿੰਗ ਡੇਸਟੀਨੇਸ਼ਨ ‘ਚ ਤਬਦੀਲ ਕਰਨ ਤੋਂ ਇਲਾਵਾ ਰਾਜ ‘ਚ ਸੈਰ ਸਪਾਟੇ ਦੀਆਂ 32 ਥਾਂਵਾਂ ‘ਤੇ 591 ਕਰੋੜ ਰੁਪਏ ਖਰਚ ਕਰ ਇਨ੍ਹਾਂ ਨੂੰ ਸੰਵਾਰਿਆ ਜਾਵੇਗਾ।
ਪੱਤਰਕਾਰਾਂ ਨਾਲ ਕੀਤੇ ਗਏ ਇੱਕ ਹੋਰ ਸਵਾਲ ਦੇ ਜਵਾਬ ‘ਚ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਆਮ ਲੋਕਾਂ ਦੇ ਪ੍ਰਤੀ ਜਵਾਬਦੇਹ ਹੈ। ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿਲੋਂ ਤੋਂ ਇਲਾਵਾ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਪੀਪੀਸੀਸੀ ਮੈਂਬਰ ਗਗਨਦੀਪ ਸਿੰਘ ਜਲਾਲਪੁਰ, ਗੁਰਦੀਪ ਸਿੰਘ ਉਂਟਸਰ ਮੁੱਖ ਤੌਰ ‘ਤੇ ਮੌਜੂਦ ਸਨ।