ਖੇਤੀ ਤੋਂ ਬਾਹਰ ਹੋਣ ਦੇ ਰਾਹ ਪਿਆ ਛੋਟਾ ਕਿਸਾਨ

Small Farmer

ਕੇਂਦਰ ਸਰਕਾਰ ਭਾਵੇਂ 2022 ਤੱਕ ਕਿਸਾਨਾਂ ਦੀ (Small Farmer) ਆਮਦਨ ਦੁੱਗਣੀ ਕਰਨ ਅਤੇ ਖੇਤੀ ਲਾਗਤ ਘਟਾਉਣ ਦੇ ਦਾਅਵੇ ਕਰ ਰਹੀ ਹੈ ਪਰ ਇਹ ਸਾਰਾ ਕੁਝ ਇਸ ਤਰ੍ਹਾਂ ਦੇ ਮਾਹੌਲ ਵਿਚ ਸੰਭਵ ਨਹੀਂ ਹੈ, ਕਿਉਂਕਿ ਅੱਜ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਪਿਛਲੇ ਸਾਲਾਂ ਵਿਚ ਹੀ ਖੇਤੀ ਸੈਕਟਰ ਗੰਭੀਰ ਆਰਥਿਕ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਗਿਆ ਹੈ। ਪਿਛਲੇ ਦਿਨੀਂ ਦੇਸ਼ ਭਰ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਗੱਲ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਹੀ ਨਹੀਂ ਬਲਕਿ ਦੇਸ਼ ਵਿਚ ਖੇਤੀ ਸੈਕਟਰ ਡੂੰਘੇ ਸੰਕਟ ਦਾ ਸ਼ਿਕਾਰ ਹੈ।

ਜਿਸ ਦੀ ਸਭ ਤੋਂ ਵੱਧ ਮਾਰ ਕਿਸਾਨੀ ਦੇ ਹੇਠਲੇ ਤਬਕੇ ਅਤੇ ਦਰਮਿਆਨੀ ਕਿਸਾਨੀ ਨੂੰ ਪੈ ਰਹੀ ਹੈ। ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ ਸਾਡੇ ਮੌਜੂਦਾ ਖੇਤੀ ਸੈਕਟਰ ਦੀ ਪੈਦਾਵਾਰ ਵਿਚ ਭਰਵੀਂ ਗਿਰਾਵਟ ਆ ਰਹੀ ਹੈ। ਪੰਜਾਬ ਵਿਚ ਕਣਕ ਅਤੇ ਝੋਨਾ ਦੋ ਮੁੱਖ ਫ਼ਸਲਾਂ ਹੀ ਖੇਤੀ ਸੈਕਟਰ ਵਿਚ ਪ੍ਰਧਾਨ ਰਹਿ ਗਈਆਂ ਹਨ। ਇਸ ਦੇ ਨਾਲ ਹੀ ਕਿਸਾਨ ਜਾਂ ਖੇਤ ਮਜ਼ਦੂਰ, ਜਿਹੜੇ ਖੇਤੀ ਦੇ ਨਾਲ ਸਹਾਇਕ ਧੰਦੇ ਕਰਦੇ ਹਨ, ਦੀ ਹਾਲਤ ਵੀ ਵਧੇਰੇ ਚੰਗੀ ਨਹੀਂ ਰਹੀ।  ਕਰਜੇ ਦੀ ਵਧੇਰੇ ਮਾਰ ਦਰਮਿਆਨੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਪਈ ਹੈ। ਦਰਮਿਆਨੀ ਅਤੇ ਹੇਠਲੀ ਕਿਸਾਨੀ ਤਾਂ ਆਪਣੀਆਂ ਜ਼ਮੀਨਾਂ ਵੇਚਣ ਲਈ ਵੀ ਤਿਆਰ ਹੈ। ਮਾਲਵੇ ਦੇ ਬਹੁਤੇ ਪਿੰਡਾਂ ਵਿਚ ਹੁਣ ਜ਼ਮੀਨਾਂ ਦੇ ਭਾਅ ਹੇਠਾਂ ਡਿੱਗ ਗਏ ਹਨ।

ਫਾਜ਼ਿਲਕਾ ਜ਼ਿਲੇ ਦੇ ਪਿੰਡ ਭੰਗਾਲਾ ਦੇ ਇੱਕ ਕਿਸਾਨ ਨੇ (Small Farmer) ਦੱਸਿਆ ਕਿ ਜ਼ਮੀਨਾਂ ਦੇ ਭਾਅ ਵੀ 7 ਤੋਂ 8 ਲੱਖ ਰੁਪਏ ਪ੍ਰਤੀ ਕਿੱਲਾ ਆ ਗਏ ਹਨ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਜਦੋਂ ਜ਼ਮੀਨਾਂ ਵਿਚ ਪੈਦਾਵਾਰ ਹੀ ਨਹੀਂ ਹੁੰਦੀ ਤਾਂ ਉਨ੍ਹਾਂ ਨੇ ਜ਼ਮੀਨਾਂ ਨੂੰ ਕੀ ਚੱਟਣਾ ਹੈ! ਖੇਤੀ ਲਈ ਪਾਣੀ ਨਹੀਂ ਮਿਲ ਰਿਹਾ ਕਿਸਾਨੀ ਦਾ ਇਕ ਹਿੱਸਾ ਬੇਜ਼ਮੀਨੇ ਹੋਣ ਤੇ ਕਿਸਾਨੀ ਕਿੱਤੇ ‘ਚੋਂ ਬਾਹਰ ਹੋਣ ਦੇ ਰਾਹ ਪਿਆ ਹੋਇਆ ਹੈ। ਗਰੀਬ ਕਿਸਾਨ ਨੂੰ ਤਾਂ ਆਪਣੀ ਜ਼ਮੀਨ ਵੇਚਣ ਲਈ ਲੋੜੀਂਦੇ ਖ਼ਰੀਦਦਾਰ ਹੀ ਨਹੀਂ ਮਿਲ ਰਹੇ। ਇਸ ਕਰਕੇ ਮਾਲਵੇ ਵਿਚ ਜ਼ਮੀਨਾਂ ਦੇ ਭਾਅ ਹੇਠਾਂ ਡਿੱਗ ਗਏ ਹਨ।

ਕਿਸਾਨਾਂ ਦੇ ਇਸ ਸੰਕਟ ਦੇ ਦੋ ਮੁੱਖ ਕਾਰਨ ਹਨ। ਪਹਿਲਾ, ਜ਼ੱਰਈ ਸੈਕਟਰ ਅਤੇ ਸਨਅਤੀ ਸੈਕਟਰ ਵਿਚ ਪਾੜਾ ਹੈ। ਜਿਹੜੀਆਂ ਵਸਤਾਂ ਕਿਸਾਨ ਜਾਂ ਖੇਤ ਮਜ਼ਦੂਰ ਖੇਤੀ ਪੈਦਾਵਾਰ ਲਈ ਜਾਂ ਆਪਣੀ ਸਮਾਜੀ ਜ਼ਿੰਦਗੀ ‘ਚ ਵਰਤੋਂ ਲਈ ਖ਼ਰੀਦਦਾ ਹੈ, ਉਹ ਸਾਰੀਆਂ ਸਨਅਤੀ ਖੇਤਰ ਦੀਆਂ ਪੈਦਾਵਾਰ ਹਨ। ਇਨ੍ਹਾਂ ਦੀਆਂ ਕੀਮਤਾਂ ‘ਚ ਵਾਧੇ ਦੀ ਰਫ਼ਤਾਰ ਖੇਤੀ ਪੈਦਾਵਾਰ ਦੀਆਂ ਕੀਮਤਾਂ ਵਿਚ ਵਾਧੇ ਦੀ ਰਫ਼ਤਾਰ ਨਾਲੋਂ ਕਿਤੇ ਜਿਆਦਾ ਹੈ। ਜਿਸ ਕਾਰਨ ਕਿਸਾਨਾਂ ਦੀ ਬਹੁਤ ਸਾਰੀ ਰਕਮ ਇਨ੍ਹਾਂ ਵਸਤਾਂ ਦੀ ਖਰੀਦੋ-ਫਰੋਖਤ ‘ਤੇ ਖਰਚ ਹੋ ਜਾਂਦੀ ਹੈ।

ਖੇਤੀ ਦੀ ਦੂਜੀ ਸਭ ਤੋਂ ਵੱਡੀ ਸਮੱਸਿਆ ਮੌਜੂਦਾ ਸਾਮਰਾਜੀ ਮਾਡਲ

ਖੇਤੀ ਦੀ ਦੂਜੀ ਸਭ ਤੋਂ ਵੱਡੀ ਸਮੱਸਿਆ ਮੌਜੂਦਾ ਸਾਮਰਾਜੀ ਮਾਡਲ ਹੈ, ਜਿਹੜਾ ਕਿਸਾਨਾਂ ਨੂੰ Àੁੱਪਰ ਨਹੀਂ Àੁੱਠਣ ਦੇ ਰਿਹਾ। ਖੇਤੀ ਵਿਕਾਸ ਦਾ ਇਹ ਮਾਡਲ ਰਸਾਇਣ ਅਧਾਰਿਤ ਮਾਡਲ ਹੈ। ਇਸ ਮਾਡਲ ਵਿਚ ਕਿਸਾਨਾਂ ਵੱਲੋਂ ਵੱਧ ਤੋਂ ਵੱਧ ਰਸਾਇਣਕ ਖਾਦਾਂ, ਰਸਾਇਣਕ ਕੀੜੇਮਾਰ ਅਤੇ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਦਾ ਆਮਦਨ ਨਾਲੋਂ ਵੱਡਾ ਖਰਚ ਇਸ Àੁੱਪਰ ਹੋ ਜਾਂਦਾ ਹੈ। ਇਸ ਕਾਰਨ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਨਸ਼ਟ ਹੋ ਰਹੀ ਹੈ।

ਕਿਸਾਨਾਂ ਨੂੰ ਇਸ ਵੇਲੇ ਇਸ ਸੰਕਟਗ੍ਰਸਤ ਸਥਿਤੀ ‘ਚੋਂ ਨਿੱਕਲਣ (Small Farmer) ਅਤੇ ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਉਨ੍ਹਾਂ ਕਾਰਨਾਂ ‘ਤੇ ਵੀ ਝਾਤ ਮਾਰਨੀ ਚਾਹੀਦੀ ਹੈ, ਜਿਹੜੇ ਕਾਰਨ ਕਿਸਾਨਾਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣਦੇ ਜਾ ਰਹੇ ਹਨ।1960ਵਿਆਂ ‘ਚ ਜਦੋਂ ਦੇਸ਼ ਭੁੱਖਮਰੀ ਨਾਲ ਤੜਫ਼ ਰਿਹਾ ਸੀ ਤਾਂ ਦੇਸ਼ ਦੀਆਂ ਸਰਕਾਰਾਂ ਵੱਲੋਂ ਹਰੇ ਇਨਕਲਾਬ ਦਾ ਨਾਅਰਾ ਦੇ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਅਨਾਜ ਪੈਦਾ ਕਰਨ ਲਈ ਪ੍ਰੇਰਿਆ ਗਿਆ। ਪਰ ਕਿਸਾਨਾਂ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ। ਅਸਲ ਵਿਚ ਹਰੇ ਇਨਕਲਾਬ ਦਾ ਇਹ ਮਾਡਲ ਸਾਮਰਾਜੀ ਮਾਡਲ ਸੀ। ਜਿਹੜਾ ਪੰਜਾਬ ਦੀ ਕਿਸਾਨੀ ਲਈ ਕ੍ਰਿਸ਼ਮਾ ਸਾਬਤ ਹੋਣ ਦੀ ਥਾਂ ਜੀਅ ਦਾ ਜੰਜਾਲ ਬਣ ਕੇ ਰਹਿ ਗਿਆ। ਹਰਾ ਇਨਕਲਾਬ ਅਸਲ ਵਿਚ ਵੱਡੇ ਫਾਰਮਾਂ ਦਾ ਤਜ਼ਰਬਾ ਸੀ। ਪੰਜਾਬ ਵਰਗੇ ਸੂਬੇ ਵਿਚ ਇਸ ਦੀ ਲੋੜ ਹੀ ਨਹੀਂ ਸੀ।

ਅਸਲ ਵਿਚ ਕਿਸਾਨਾਂ ਨੂੰ ਇਹ ਕਹਿ ਕੇ ਵਡਿਆਇਆ ਗਿਆ ਕਿ ਉਹ ਆਧੁਨਿਕ ਅਤੇ ਨਵੀਆਂ ਤਕਨੀਕਾਂ ਨਾਲ ਖੇਤੀ ਕਰਨ। ਇਹ ਸੋਚਣ ਦਾ ਸਵਾਲ ਹੈ ਕਿ ਨਵੀਆਂ ਤਕਨੀਕਾਂ ਨੇ ਆਖਰ ਸਾਨੂੰ ਦਿੱਤਾ ਕੀ? ਜਦੋਂ ਅਸੀ ਅਨਾਜ ਵਾਫ਼ਰ ਕਰ ਦਿੱਤਾ ਤੇ ਸਾਡੇ ਕੋਲ ਅਨਾਜ ਦੀ ਬਹੁਤਾਤ ਹੋ ਗਈ ਤਾਂ ਉਸਦੇ ਭਾਅ ਹੇਠਾਂ ਡਿੱਗ ਗਏ। ਕਿਸਾਨਾਂ ਨੂੰ ਆਧੁਨਿਕ ਖੇਤੀ ਦੇ ਨਾਂਅ ‘ਤੇ ਨਵੇਂ ਸੰਦ, ਰੇਹਾਂ, ਸਪਰੇਆਂ ਆਦਿ ਦਿੱਤੀਆਂ ਗਈਆਂ। ਜਿਸ ਦਾ ਸਿੱਟਾ ਇਹ ਨਿੱਕਲਿਆ ਕਿ ਖੇਤੀ ਹੇਠ ਰਕਬਾ ਭਾਵੇਂ ਵਧ ਗਿਆ ਪਰ ਜੋਤਾਂ ਹਮੇਸ਼ਾ ਛੋਟੀਆਂ ਹੁੰਦੀਆਂ ਗਈਆਂ। ਜਿਹੜੀਆਂ ਦੋ ਤੋਂ ਢਾਈ ਏਕੜ ਤੱਕ ਰਹਿ ਗਈਆਂ।

ਇਹ ਵੀ ਪੜ੍ਹੋ : ਦੁਨੀਆ ’ਚ ਵਧਿਆ ਭਾਰਤ ਦਾ ਮਾਣ

ਜੇਕਰ ਇੱਕ ਢਾਈ ਤੋਂ ਤਿੰਨ ਏਕੜ ਵਾਲਾ ਕਿਸਾਨ ਟਰੈਕਟਰ ਖਰੀਦੇਗਾ ਤਾਂ ਉਸ ਲਈ ਉਹ ਘਾਟੇ ਦਾ ਸੌਦਾ ਹੀ ਬਣੇਗਾ। ਕਿਉਂਕਿ ਟਰੈਕਟਰ ਨਾਲ ਵਾਹੁਣ ਯੋਗੀ ਜ਼ਮੀਨ ਵੀ ਚਾਹੀਦੀ ਹੈ। ਅਸਲ ਵਿਚ ਹਰੇ ਇਨਕਲਾਬ ਦੇ ਮਾਡਲ ਦੀ ਖੇਤੀ ਵੱਡੇ ਪੈਮਾਨੇ ਦੀ  ਖੇਤੀ ਸੀ। ਪਰ ਪੰਜਾਬ ਵਿਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈ। ਇਸੇ ਕਾਰਨ ਹੀ ਅੱਜ ਛੋਟੀ ਕਿਸਾਨੀ ਤਬਾਹੀ ਦੇ ਕੰਢੇ ਖੜ੍ਹੀ ਹੈ।

ਡਾ. ਡੀ. ਐਸ. ਕੰਗ ਨੇ ਆਪਣੀ ਲਿਖਤ ਹਰੇ ਇਨਕਲਾਬ ਦੀਆਂ ਵਾਤਾਵਰਣੀ ਸਮੱਸਿਆਵਾਂ ਪੰਜਾਬ ਤੇ ਫੋਕਸ ਵਿਚ ਹਰੇ ਇਨਕਲਾਬ ਦੇ ਚੱਕਰ ਬਾਰੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਹਰੇ ਇਨਕਲਾਬ ਦੀ ਭੂਮੀ ਵਰਤੋਂ ਦੀ ਪ੍ਰਕਿਰਿਆ ਖੇਤੀ ਦੇ ਹੇਠਾਂ ਵੱਲ ਢਲਾਨ ਹਿੱਤ ਹੈ ਦਾਲਾਂ ਤੋਂ ਕਣਕ ਤੋਂ ਝੋਨਾ ਤੋਂ ਬੰਜ਼ਰ । ਅੱਜ ਡਾ. ਕੰਗ ਦੀ ਚਿਤਾਵਨੀ ਸਹੀ ਸਾਬਤ ਹੁੰਦੀ ਜਾ ਰਹੀ ਹੈ। ਇਸ ਤਰ੍ਹਾਂ ਜਦੋਂ ਅਸੀਂ ਹਰੇ ਇਨਕਲਾਬ ਦੇ ਅਮਰੀਕੀ ਮਾਡਲ ਦੇ ਸਿੱਟਿਆਂ ਦਾ ਕੁੱਲ ਜਮ੍ਹਾ-ਤੋੜ ਦੇਖਦੇ ਹਾਂ ਤਾਂ ਜਿਹੜੀ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਉਹ ਹੈ ਬੰਜਰ ਹੋ ਰਹੀ ਧਰਤੀ, ਵਾਤਾਵਰਨ ਅਤੇ ਖਾਦ ਪਦਾਰਥਾਂ ਵਿਚ ਜ਼ਹਿਰ, ਵਧ ਰਹੀਆਂ ਬਿਮਾਰੀਆਂ, ਮਾਨਸਿਕ ਤਣਾਅ, ਕਰਜੇ ਦੇ ਜਾਲ ‘ਚ ਫਸੇ ਖੁਦਕੁਸ਼ੀਆਂ ਕਰ ਰਹੇ ਕਿਸਾਨ ਅਤੇ ਟੁੱਟ ਕੇ ਖ਼ਤਮ ਹੋ ਰਹੀ ਛੋਟੀ ਕਿਸਾਨੀ।