ਮੰਗਾਂ ਨਾਂ ਮੰਨੀਆਂ ਤਾਂ ਲੜਾਈ ਰਹੇਗੀ ਜਾਰੀ: ਹਰਗੋਬਿੰਦ ਕੌਰ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਆਲ ਪੰਜਾਬ ਆਂਗਨਣਵਾੜੀ ਮੁਲਾਜਮ ਯੂਨੀਅਨ ਪੰਜਾਬ ਦੀਆਂ 17 ਜੁਲਾਈ ਤੱਕ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਜੱਥੇਬੰਦੀ ਨੇ ਇੱਕ ਵਾਰ ਆਰਜੀ ਤੌਰ ‘ਤੇ ਯੁੱਧ ਵਿਰਾਮ ਕਰ ਦਿੱਤਾ ਹੈ। ਜੱਥੇਬਦੀ ਹੁਣ 17 ਜੁਲਾਈ ਨੂੰ ਸਰਕਾਰ ਦਾ ਰੁਖ ਦੇਖ ਕੇ ਹੀ ਅਗਲਾ ਪ੍ਰੋਗਰਾਮ ਤੈਅ ਕਰੇਗੀ। ਅੱਜ ਯੂਨੀਅਨ ਦੇ ਇਕ 11 ਮੈਂਬਰੀ ਵਫ਼ਦ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨਾਲ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ।
ਮੀਟਿੰਗ ‘ਚ ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸਿੰਘ ਤੇ ਵਿਭਾਗ ਦੀ ਡਾਇਰੈਕਟਰ ਕਵਿਤਾ ਸਿੰਘ ਤੋਂ ਇਲਾਵਾ ਉੱਚ ਅਧਿਕਾਰੀ ਮੌਜੂਦ ਸਨ। ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਵਿਭਾਗ ਦੀ ਮੰਤਰੀ ਨੇ ਵਫਦ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮਾਣ ਭੱਤੇ ਵਿਚ ਵਾਧਾ ਹੋਣਾ ਚਾਹੀਦਾ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਆਂਗਣਵਾੜੀ ਸੈਂਟਰਾਂ ਦੇ ਲਿਜਾਏ ਗਏ ਬੱਚੇ ਵੀ ਵਾਪਸ ਮਿਲਣੇ ਚਾਹੀਦੇ ਹਨ।
ਉਨ੍ਹਾਂ ਭਰੋਸਾ ਦਿਵਾਇਆ ਕਿ ਯੂਨੀਅਨ ਦੀਆਂ ਮਾਣ ਭੱਤੇ ਵਿਚ ਵਾਧੇ ਸਮੇਤ ਸਾਰੀਆਂ ਮੰਗਾਂ ਸਰਕਾਰ ਮੰਨ ਲਵੇਗੀ ਅਤੇ 17 ਜੁਲਾਈ ਨੂੰ ਫਾਇਨਲ ਮੀਟਿੰਗ ਕਰਕੇ ਮੰਗਾਂ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ 17 ਜੁਲਾਈ ਤੋਂ ਪਹਿਲਾਂ ਪਹਿਲਾ ਦੋ ਮੀਟਿੰਗਾਂ ਉਹ ਜੱਥੇਬੰਦੀਆਂ ਦੀਆਂ ਆਗੂਆ ਨਾਲ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਓ ਪੀ ਸੋਨੀ ਨਾਲ ਕਰਵਾਉਣਗੇ।