ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ਪੁਲਿਸ ਨੇ ਅੱਜ ਲੁੱਟ ਦਾ ਸੱਤ ਸਾਲ ਪੁਰਾਣਾ ਮਾਮਲਾ ਹੱਲ ਕਰਨ ਦਾ ਦਾਅਵਾ ਕਰਦਿਆਂ ਤਿੰਨ ਮੁਲਜਮ ਗ੍ਰਿਫਤਾਰ ਕਰ ਲਏ ਹਨ ਜਦੋਂ ਕਿ ਇੱਕ ਫਰਾਰ ਦੱਸਿਆ ਜਾਂਦਾ ਹੈ। ਅੱਜ ਐਸ ਪੀ ਸਿਟੀ ਗੁਰਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਖੁਲਾਸਾ ਕੀਤਾ। ਪੁਲਿਸ ਮੁਤਾਬਕ ਮਾਮਲਾ ਕੁਝ ਇਸ ਤਰਾਂ ਹੈ ਕਿ ਥਾਣਾ ਨਥਾਣਾ ‘ਚ 26 ਦਸੰਬਰ 2011 ਨੂੰ ਅਣਪਛਾਤਿਆਂ ਖਿਲਾਫ ਧਾਰਾ 457 ਅਤੇ 380 ਤਹਿਤ ਡਕੈਤੀ ਦਾ ਮਾਮਲਾ ਦਰਜ ਹੋਇਆ ਸੀ। ਇੱਕ ਐਨ ਆਈ ਆਰ ਪ੍ਰੀਵਾਰ ਦੇ ਘਰੋਂ ਇੱਕ ਬਾਰਾਂ ਬੋਰ ਬੰਦੂਕ ਦੋਨਾਲ ਤੇ 24 ਕਾਰਤੂਸ, 20 ਤੋਲੇ ਸੋਨੇ ਦੇ ਗਹਿਣੇ, 1ਲੱਖ 65 ਹਜਾਰ ਨਕਦੀ, ਵਿਦੇਸ਼ੀ ਕਰੰਸੀ 1100 ਯੂਰੋ, 1200 ਕਰੋਨਾ ਨਾਰਵੇ, 1000 ਡੈਨਮਾਰਕ ਕਰੰਸੀ, ਅਤੇ ਇੰਗਲੈਂਡ ਦੇ 900 ਪੌਂਡ ਚੋਰੀ ਹੋਏ ਸਨ।
ਪੁਲਿਸ ਨੇ ਪੜਤਾਲ ਕੀਤੀ ਪਰ ਜਦੋਂ ਕੋਈ ਸੁਰਾਗ ਨਾਂ ਮਿਲਿਆ ਤਾਂ ਮਿਤੀ 30 ਸਤੰਬਰ 2012 ਨੂੰ ਅਨਟਰੇਸ ਕਰਾਰ ਦੇਕੇ ਮਾਮਲੇ ਨੂੰ ਫਾਈਲ ਕਰ ਦਿੱਤਾ ਸੀ। ਥਾਣਾ ਸੀਆਈਏ ਸਟਾਫ-2 ਦੇ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ਤੇ ਜਗਵਿੰਦਰ ਸਿੰਘ ਉਰਫ ਜੱਗਾ ਪੁੱਤਰ ਗਮਦੂਰ ਸਿੰਘ,ਰਛਪਾਲ ਖਾਨ ਉਰਫ ਸੋਨੂੰ ਪੁੱਤਰ ਮਾੜਾ ਖਾਨ ਅਤੇ ਗੁਰਦਿੱਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਅਨ ਧਰਮਪੁਰਾ ਥਾਣਾ ਸ਼ਹਿਣਾ ਜਿਲ੍ਹਾ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਨੇ ਇਹ ਵਾਰਦਾਤ ਕਬੂਲ ਲਈ ਹੈ।
ਇਸ ਵਾਰਦਾਤ ‘ਚ ਸ਼ਾਮਲ ਇੰਨ੍ਹਾਂ ਦੇ ਪਿੰਡ ਦਾ ਸੁਖਜੀਤ ਸਿੰਘ ਉਰਫ ਚੀਨਾ ਪੁੱਤਰ ਹਾਕਮ ਸਿੰਘ ਫਰਾਰ ਹੈ, ਜਿਸ ਨੂੰ ਕਾਬੂ ਕਰਨ ਦੇ ਯਤਨ ਜਾਰੀ ਹੈ। ਪੁਲਿਸ ਨੇ ਇੰਨ੍ਹਾਂ ਦੀ ਨਿਸ਼ਾਨਦੇਹੀ ਤੇ 12 ਬੋਰ ਦੀ ਬੰਦੂਕ ਤੇ 24 ਰੌਂਦ ਬਰਾਮਦ ਕੀਤੇ ਹਨ। ਬੰਦੂਕ ਦਾ ਬੈਰਲ ਅਤੇ ਬੱਟ ਦੋਵੇਂ ਕੱਟੇ ਹੋਏ ਹਨ ਅਤੇ ਨੰਬਰ ਮਿਟਾਇਆ ਹੋਇਆ ਹੈ। ਇਵੇਂ ਹੀ 12 ਬੋਰ ਦਾ ਦੇਸੀ ਪਿਸਤੌਲ ਤੇ ਦੋ ਕਾਰਤੂਸ ਅਤੇ 120 ਗਰਾਮ ਸੋਨੇ ਦੇ ਜ਼ੇਵਰ ਵੀ ਇੰਨ੍ਹਾਂ ਦੇ ਕਬਜੇ ਚੋਂ ਮਿਲੇ ਹਨ। ਐਸਪੀ ਨੇ ਦੱਸਿਆ ਕਿ ਜਗਵਿੰਦਰ ਸਿੰਘ ਦੀ ਸਕੀ ਭੂਆ ਵਿਦੇਸ਼ੋਂ ਆਈ ਸੀ ਜੋਕਿ ਵਾਰਦਾਤ ਵਾਲੇ ਦਿਨ ਉਨ੍ਹਾਂ ਦੇ ਘਰ ਮਿਲਣ ਗਈ ਸੀ। ਉਨ੍ਹਾਂ ਦੱਸਿਆ ਕਿ ਭੂਆ ਦੇ ਘਰੋਂ ਬਾਹਰ ਹੋਣ ਦਾ ਲਾਹਾ ਲੈਂਦਿਆਂ ਆਪਣੇ ਸਾਥੀਆਂ ਸਮੇਤ ਭੂਆ ਦੇ ਘਰ ਡਾਕਾ ਮਾਰਿਆ ਅਤੇ ਸਮਾਨ ਲੁੱਟ ਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਬੰਦੂਕ ਇੰਨ੍ਹਾਂ ਨੇ ਦੱਬ ਕੇ ਰੱਖੀ ਹੋਈ ਸੀ। ਐਸਪੀ ਨੇ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਲੈ ਲਿਆ ਹੈ ਅਤੇ ਡੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ, ਜਿਸ ਦੌਰਾਨ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ। ਇਸ ਮੌਕੇ ਡੀਐਸਪੀ ਕਰਨਸ਼ੇਰ ਸਿੰਘ, ਸੀਆਈਏ ਸਟਾਫ ਵਨ ਦੇ ਇੰਚਾਰਜ ਰਜਿੰਦਰ ਕੁਮਾਰ ਅਤੇ ਹੋਰ ਵੀ ਅਧਿਕਾਰੀ ਹਾਜਰ ਸਨ।