ਸ਼ਸ਼ੀ ਥਰੂਰ 7 ਜੁਲਾਈ ਨੂੰ ਹੋਣਗੇ ਅਦਾਲਤ ‘ਚ ਪੇਸ਼
- ਸ਼ਸ਼ੀ ਥਰੂਰ ‘ਤੇ ਚੱਲੇਗਾ ਮੁਕੱਦਮਾ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਕਾਂਗਰਸ ਆਗੂ ਸ਼ਸ਼ੀ ਥਰੂਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਨ੍ਹਾਂ ਦੀ ਮਰਹੂਮ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਨ੍ਹਾਂ ਨੂੰ ਮੁਲਜ਼ਮ ਮੰਨਿਆ ਹੈ। ਕੋਰਟ ਨੇ ਸੰਮਨ ਜਾਰੀ ਕਰਕੇ 7 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਚਾਰਜਸ਼ੀਟ ਦੇ ਅਧਾਰ ‘ਤੇ ਥਰੂਰ ਨੂੰ ਖੁਦਕੁਸ਼ੀ ਦੇ ਲਈ ਉਕਸਾਉਣ ਦਾ ਦੋਸ਼ੀ ਮੰਨਦਿਆਂ ਆਦੇਸ਼ ਜਾਰੀ ਕੀਤਾ।
ਕਾਂਗਰਸ ਆਗੂ ਸ਼ਸ਼ੀ ਥਰੂਰ ‘ਤੇ ਟਰਾਈਲ ਸ਼ੁਰੂ ਹੋਵੇਗਾ ਤੇ ਉਨ੍ਹਾਂ ਨੂੰ 7 ਜੁਲਾਈ ਨੂੰ ਕੋਰਟ ‘ਚ ਪੇਸ਼ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਪੁਲਿਸ ਨੇ 3000 ਸਫਿਆਂ ਦੀ ਚਾਰਜਸ਼ੀਟ ਕੋਰਟ ‘ਚ ਦਾਖਲ ਕੀਤੀ ਸੀ, ਜਿਸ ਦੇ ਅਧਾਰ ‘ਤੇ ਕੋਰਟ ਨੇ ਥਰੂਰ ਨੂੰ ਦੋਸ਼ੀ ਮੰਨਿਆ। ਇਸ ਮਾਮਲੇ ‘ਚ ਕਈ ਵਾਰ ਕਾਂਗਰਸ ਆਗੂ ਤੋਂ ਦਿੱਲੀ ਪੁਲਿਸ ਲੰਬੀ ਪੁੱਛਗਿੱਛ ਵੀ ਕਰ ਚੁੱਕੀ ਹੈ। ਕੋਰਟ ਨੇ ਇਹ ਵੀ ਕਿਹਾ ਕਿ ਸੁਨੰਦਾ ਪੁਸ਼ਕਰ ਦੀ ਮੌਤ ਮਾਮਲੇ ‘ਚ ਥਰੂਰ ‘ਤੇ ਕੇਸ ਚਲਾਉਣ ਦੇ ਲੋੜੀਂਦੇ ਆਧਾਰ ਮੌਜ਼ੂਦ ਹਨ। ਇਸ ਮਾਮਲੇ ‘ਚ ਸੁਬਰਮਣੀਅਮ ਸਵਾਮੀ ਨੇ ਕੋਰਟ ‘ਚ ਦੋ ਪਟੀਸ਼ਨਾਂ ਲਾਈਆਂ ਹਨ। ਪਹਿਲੀ
‘ਚ ਉਨ੍ਹਾਂ ਕਿਹਾ ਕਿ ਇਸ ਕੇਸ ‘ਚ ਦਿੱਲੀ ਪੁਲਿਸ ਨੇ ਜੋ ਆਪਣੇ ਅਫ਼ਸਰਾਂ ਦੀ ਵਿਜੀਲੈਂਸ ਜਾਂਚ ਕਰਵਾਈ ਸੀ, ਉਹ ਕੋਰਟ ‘ਚ ਪੇਸ਼ ਕੀਤੀ ਜਾਵੇ, ਕਿਉਂਕਿ ਅਫ਼ਸਰਾਂ ਨੇ ਸਬੂਤਾਂ ਨਾਲ ਛੇੜਛਾੜ ਕੀਤੀ ਹੈ, ਜਿਸ ਦਾ ਜ਼ਿਕਰ ਵਿਜੀਲੈਂਸ ਰਿਪੋਰਟ ‘ਚ ਵੀ ਹੈ ਦੂਜੀ ਪਟੀਸ਼ਨ ‘ਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਕਤਲ ਦਾ ਹੈ, ਇਸ ਲਈ ਕਤਲ ਤਹਿਤ ਟਰਾਇਲ ਚੱਲੇ ਹੁਣ ਇਨ੍ਹਾਂ ਦੋਵਾਂ ਪਟੀਸ਼ਨਾਂ ਸਬੰਧੀ ਕੋਰਟ ਨੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ। ਇਸ ‘ਤੇ ਵੀ ਕੋਰਟ 7 ਜੁਲਾਈ ਸੁਣਵਾਈ ਕਰੇਗੀ।