ਗੈਂਗਸਟਰਾਂ ਦਾ ਹੁਣ ਹੋਵੇਗਾ ਖ਼ਾਤਮਾ, ਖ਼ਤਮ ਹੋਵੇਗਾ ਹਿੰਸਾ ਦਾ ਸੱਭਿਆਚਾਰ
- ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਗੈਂਗਸਟਰਾਂ ਨੂੰ ਚਿਤਾਵਨੀ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਗੈਂਗਸਟਰਾਂ ਦਾ ਹੁਣ ਖ਼ਾਤਮਾ ਕਰਨਾ ਪਵੇਗਾ, ਹੁਣ ਤੱਕ ਇਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਸਮਾਂ ਦੇ ਦਿੱਤਾ ਗਿਆ ਹੈ ਪਰ ਇਹ ਗੈਂਗਸਟਰ ਸਮਝਣ ਨੂੰ ਤਿਆਰ ਹੀ ਨਹੀਂ ਹਨ। ਇਨ੍ਹਾਂ ਗੈਂਗਸਟਰਾਂ ਨੂੰ ਸੂਬੇ ਤੋਂ ਪੁੱਟ ਸੁੱਟਣ ਲਈ ਪੰਜਾਬ ਪੁਲਿਸ ਵੱਲੋਂ ਕ੍ਰੇਕਡਾਉਣ ਸ਼ੁਰੂ ਕਰ ਦਿੱਤਾ ਗਿਆ ਹੈ, ਜਲਦ ਹੀ ਇਸ ਦੇ ਸਿੱਟੇ ਸਾਰਿਆਂ ਦੇ ਸਾਹਮਣੇ ਆਉਣਗੇ। ਇਹ ਸਿੱਧੀ ਚੇਤਾਵਨੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਗੈਂਗਸਟਰਾਂ ਨੂੰ ਦਿੱਤੀ ਗਈ ਹੈ, ਜਿਹੜੇ ਕਿ ਕਾਫ਼ੀ ਜਿਆਦਾ ਸਮਝਾਉਣ ਦੇ ਬਾਵਜੂਦ ਹਿੰਸਾ ਦੇ ਸੱਭਿਆਚਾਰ ਤੋਂ ਬਾਹਰ ਹੀ ਨਹੀਂ ਆ ਰਹੇ ਹਨ।
ਸ਼ਾਹਕੋਟ ਤੋਂ ਚੋਣ ਜਿੱਤ ਕੇ ਆਏ ਹਰਦੇਵ ਸਿੰਘ ਲਾਡੀ ਦੇ ਬਤੌਰ ਵਿਧਾਇਕ ਸਹੁੰ ਚੁੱਕ ਸਮਾਗਮ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੈਂਗਸਟਰਾਂ ਦਾ ਖ਼ਾਤਮਾ ਕਰਨਾ ਹੁਣ ਜ਼ਰੂਰੀ ਹੈ ਇਸ ਲਈ ਹੁਣ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਐਮ.ਸੀ ਨੂੰ ਗੋਲੀ ਮਾਰ ਕੇ ਗੈਂਗਸਟਰਾਂ ਵੱਲੋਂ ਕੀਤੇ ਕਤਲ ਦਾ ਉਨ੍ਹਾਂ ਨੂੰ ਦੁੱਖ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਕੋਈ ਵੀ ਭਾਸ਼ਾ ਸਮਝਣ ਨੂੰ ਤਿਆਰ ਹੀ ਨਹੀਂ ਹਨ ਤਾਂ ਹੁਣ ਪੁਲਿਸ ਆਪਣੇ ਤਰੀਕੇ ਨਾਲ ਇਨ੍ਹਾਂ ਨਾਲ ਨਜਿੱਠੇਗੀ, ਜਿਸ ਦੇ ਸਿੱਟੇ ਜਲਦ ਹੀ ਸਾਹਮਣੇ ਆਉਣਗੇ।
ਅਮਰਿੰਦਰ ਸਿੰਘ ਨੇ ਇੱਥੇ ਕਿਹਾ ਕਿ ਇੱਕ ਹਾਦਸਾ ਹੋਣ ਨਾਲ ਪੰਜਾਬ ਭਰ ਦੇ ਪਾਣੀ ਨੂੰ ਦੂਸ਼ਿਤ ਨਹੀਂ ਕਿਹਾ ਜਾ ਸਕਦਾ ਹੈ, ਇਸ ਲਈ ਪਾਣੀ ਦੇ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਕਰਨਾ ਠੀਕ ਨਹੀਂ ਹੈ। ਇਥੇ ਹੀ ਅਮਰਿੰਦਰ ਸਿੰਘ ਵੱਲੋਂ ਦੂਸ਼ਿਤ ਪਾਣੀ ਦੇ ਮੁੱਦੇ ‘ਤੇ ਵਿਧਾਨ ਸਭਾ ਸੈਸ਼ਨ ਸੱਦਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।