ਬੇਵਜ੍ਹਾ ਪਰੇਸ਼ਾਨ ਕਰ ਰਹੀ ਐ ਸਰਕਾਰ, ਅਸੀਂ ਨਹੀਂ ਕੀਤੀ ਕੋਈ ਧੋਖਾਧੜੀ

Government, Trying, Upset, Uselessly, Have, Committed, Cheating

ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਲਾਇਆ ਦੋਸ਼

  • ਸਰਕਾਰ ਨੇ 2016 ‘ਚ ਗਲਤ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਪਰ ਦੋਸ਼ੀ ਠਹਿਰਾਇਆ ਜਾ ਰਿਹਾ ਐ ਸਾਨੂੰ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਬੇਵਜ੍ਹਾ ਹੀ ਪਰੇਸ਼ਾਨ ਕਰਨ ‘ਚ ਲੱਗੀ ਹੋਈ ਹੈ, ਜਦੋਂ ਕਿ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਕਾਲਜ ਨੇ ਕੋਈ ਧੋਖਾਧੜੀ ਕੀਤੀ ਹੀ ਨਹੀਂ ਹੈ ਪਰ ਫਿਰ ਵੀ ਡਰਾਪ ਰੇਟ ਦੇ ਨਾਂਅ ‘ਤੇ ਪ੍ਰਾਈਵੇਟ ਕਾਲਜਾਂ ਦਾ ਸ਼ੋਸ਼ਣ ਕਰਦਿਆਂ ਪੰਜਾਬ ਸਰਕਾਰ ਉਨ੍ਹਾਂ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ। ਇਹ ਦੋਸ਼ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵੱਲੋਂ ਬਣਾਈ ਗਈ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ‘ਤੇ ਲਗਾਏ ਗਏ ਹਨ।

ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕਾਂਗਰਸ ਸਰਕਾਰ ‘ਤੇ ਹੀ ਦੋਸ਼ ਲਗਾਏ ਕਿ ਸਰਕਾਰ ਪੰਜਾਬ ਦੇ ਉਨ੍ਹਾਂ 1650 ਕਾਲਜਾਂ ਦੇ ਮਾਲਕਾਂ ਨੂੰ ਬਰਬਾਦ ਕਰਨ ਲਈ ਤੁਲੀ ਹੋਈ ਹੈ, ਜਿਹੜੇ ਕਿ ਪੰਜਾਬ ‘ਚ 1 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਕਾਲਜ ਬਣਾ ਕੇ ਦਲਿਤਾਂ ਨੂੰ ਪੜ੍ਹਾਈ ਕਰਵਾਉਣ ‘ਚ ਲੱਗੇ ਹੋਏ ਹਨ। ਸ੍ਰੀ  ਸੇਖੜੀ ਨੇ ਦੋਸ਼ ਲਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 2016 ‘ਚ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਨੂੰ ਆਧਾਰ ਬਣਾ ਕੇ ਕਾਲਜਾਂ ਦਾ ਆਡਿਟ ਸ਼ੁਰੂ ਕਰ ਦਿੱਤਾ ਗਿਆ, ਜਦੋਂ ਨੋਟੀਫਿਕੇਸ਼ਨ ਅਨੁਸਾਰ ਆਡਿਟ 2016 ਤੋਂ ਬਾਅਦ ਹੋਣਾ ਸੀ ਪਰ ਆਡਿਟ 2012 ਤੋਂ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ।

ਇੱਥੇ ਹੀ ਸਰਕਾਰ ਵੱਲੋਂ ਉਨ੍ਹਾਂ ਵਿਦਿਆਰਥੀਆਂ ਦੀ ਫੀਸ ਕਾਲਜ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਹੜੇ 2 ਸਾਲ ਪੜ੍ਹਾਈ ਕਰਨ ਤੋਂ ਬਾਅਦ ਤੀਜੇ ਸਾਲ ਕਾਲਜ ਨੂੰ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ 2 ਸਾਲ ਪੜ੍ਹਾਈ ਕਰਵਾਈ ਗਈ ਹੈ, ਇਸ ‘ਚ ਉਨ੍ਹਾਂ ਦੀ ਕੀ ਕਸੂਰ ਹੈ। ਇੱਥੇ ਹੀ ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ ਵਿਦਿਆਰਥੀਆਂ ਵੱਲੋਂ ਪੜ੍ਹਾਈ ਡਰਾਪ ਕਰਨ ਦਾ ਰੇਟ ਲਗਭਗ 10-15 ਫੀਸਦੀ ਆ ਰਿਹਾ ਹੈ ਪਰ ਪੰਜਾਬ ‘ਚ ਇਸ ਡਰਾਪ ਰੇਟ ਨੂੰ ਜ਼ੀਰੋ ਕਰਦੇ ਹੋਏ ਪਹਿਲੇ ਵਾਲੇ ਸਾਲਾਂ ਦੀ ਪੜ੍ਹਾਈ ਦਾ ਖ਼ਰਚ ਕਾਲਜਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲ ਉਨ੍ਹਾਂ ਦੇ 1600 ਕਰੋੜ ਰੁਪਏ ਬਕਾਇਆ ਖੜ੍ਹੇ ਹਨ ਪਰ ਸਰਕਾਰ ਕੋਈ ਵੀ ਪੈਸਾ ਨਹੀਂ ਦੇ ਰਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਜਿਆਦਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਐਕਸਨ ਕਮੇਟੀ ਦੇ ਬੁਲਾਰੇ ਅੰਸ਼ੂ ਕਟਾਰੀਆ ਨੇ ਦੱਸਿਆ ਕਿ ਕਾਲਜਾਂ ਦੇ ਮਾਲਕ ਇਸ ਪੈਸੇ ਨੂੰ ਲੈ ਕੇ ਇੰਨੇ ਜਿਆਦਾ ਪਰੇਸ਼ਾਨ ਹਨ ਕਿ ਪਹਿਲਾਂ ਕਿਸਾਨ ਖ਼ੁਦਕੁਸ਼ੀਆਂ ਕਰਦੇ ਸਨ ਹੁਣ ਕਾਲਜਾਂ ਦੇ ਮਾਲਕ ਖ਼ੁਦਕੁਸ਼ੀਆਂ ਕਰਨ ਵੱਲ ਤੁਰੇ ਹੋਏ ਹਨ, ਕਿਉਂਕਿ ਉਨਾਂ ਵਲੋਂ ਬੈਂਕਾਂ ਰਾਹੀਂ ਲੋਨ ਲੈ ਕੇ  ਕਾਲਜ ਖੋਲੇ ਸਨ ਪਰ ਸਰਕਾਰਾਂ ਵਲੋਂ ਉਨਾਂ ਦੇ ਹੀ 1600 ਕਰੋੜ ਰੁਪਏ ਰੋਕ ਲਏ ਹਨ।

ਮੀਡੀਆ ਨਾਲ ਗੱਲ ਕਰਨ ਲਈ ਖੋਹਦੇ ਰਹੇ ਇੱਕ-ਦੂਜੇ ਤੋਂ ਮਾਈਕ

ਪ੍ਰੈਸ ਕਾਨਫਰੰਸ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰ ਹੀ ਇੱਕ-ਦੂਜੇ ਤੋਂ ਮਾਈਕ ਖੋਹਦੇ ਨਜ਼ਰ ਆਏ। ਹਰ ਕਿਸੇ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਸਾਥੀ ਮੀਡੀਆ ਨੂੰ ਠੀਕ ਢੰਗ ਨਾਲ ਜਾਣਕਾਰੀ ਨਹੀਂ ਦੇ ਰਿਹਾ ਹੈ ਤੇ ਉਹ ਜਾਣਕਾਰੀ ਦੇਣ ‘ਚ ਮਾਸਟਰ ਹਨ, ਇਸ ਲਈ ਉਹ ਮਾਈਕ ਖੋਹ ਕੇ ਖ਼ੁਦ ਜਾਣਕਾਰੀ ਦੇਣ ਲਈ ਲੱਗ ਜਾਂਦੇ ਸਨ। ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਤੋਂ 3 ਵਾਰ ਮਾਈਕ ਖੋਹ ਕੇ ਵੱਖ-ਵੱਖ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ।