ਬਿਕਰਮ ਮਜੀਠੀਆ ਤੇ ਸੁਖਬੀਰ ਖਿਲਾਫ਼ ਕੀਤਾ ਜੰਗ ਦਾ ਐਲਾਨ | Navjot Singh Sidhu
- ਬਿਕਰਮ ਮਜੀਠੀਆ ਨੂੰ ਦੱਸਿਆ 6 ਫੁੱਟ 4 ਇੰਚ ਲੰਬਾ ਕਾਂ | Navjot Singh Sidhu
ਅੰਮ੍ਰਿਤਸਰ (ਰਾਜਨ ਮਾਨ)। ਪੰਜਾਬ ਦੇ ਕੈਬਨਿਟ ਮੰਤਰੀ ਤੇ ਬੇਬਾਕ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਜੰਗ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਉਹ 6 ਫੁੱਟ ਦੇ ਮਜੀਠੀਏ ਨੂੰ ਉਹ ਹਰ ਹਾਲ ਵਿੱਚ ਠੋਕਣਗੇ ਅਤੇ ਹੁਣ ਜਾਂ ਉਹ ਹੈਣੀ ਜਾਂ ਫਿਰ ਸੁਖਬੀਰ ਬਾਦਲ ਤੇ ਮਜੀਠੀਆ ਹੈਣੀ।
ਅੱਜ ਇੱਥੇ ਰੋਡਰੇਜ਼ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਬਰੀ ਹੋਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ੁਕਰਾਨੇ ਲਈ ਨਤਮਸਤਕ ਹੋਣ ਉਪਰੰਤ ਸ਼੍ਰੀ ਸਿੱਧੂ ਨੇ ਬਾਦਲਾਂ ਤੇ ਮਜੀਠੀਆ ‘ਤੇ ਜੰਮਕੇ ਹਮਲੇ ਕੀਤੇ। ਉਹਨਾਂ ਕਿਹਾ ਕਿ ਉਹ ਕਿਸੇ ਪੰਜਾਬੀ ਦਾ ਵਿਸ਼ਵਾਸ਼ ਟੁੱਟਣ ਨਹੀਂ ਦੇਣਗੇ। ਉਹਨਾਂ ਕਿਹਾ ਕਿ ਜ਼ਹਿਰ ਦਾ ਪਾਣੀ ਦੇ ਕੇ ਅਸੀਂ ਕਈ ਜੀਵ ਜੰਤੂ ਤੇ ਛੋਟੀਆਂ ਮੱਛੀਆਂ ਤਾਂ ਮਾਰ ਚੁੱਕੇ ਹਾਂ ਪਰ ਰਾਜਨੀਤੀ ਦੀਆਂ ਕਈ ਵੱਡੀਆਂ ਮੱਛੀਆਂ ਫੁੰਕਾਰੇ ਮਾਰਦੀਆਂ ਫਿਰਦੀਆਂ ਨੇ ਉਹਨਾਂ ਵਿਰੁੱਧ ਸਿਕੰਜ਼ਾ ਕਸਿਆ ਜਾਣਾ ਜਰੂਰੀ ਹੈ। ਅਦਾਲਤ ਵਿਚੋਂ ਬਰੀ ਹੋਣ ਤੋਂ ਬਾਅਦ ਸ਼੍ਰੀ ਸਿੱਧੂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਸਨ।
ਇਹ ਵੀ ਪੜ੍ਹੋ : ਅਦਾਲਤ ਦੇ ਬਾਹਰ ਚੱਲੀਆਂ ਗੋਲੀਆਂ, ਲੋਕਾਂ ’ਚ ਦਹਿਸ਼ਤ
ਉਹਨਾਂ ਕਿਹਾ ਕਿ ਅੱਜ ਤੋਂ ਉਹਨਾਂ ਦੀ ਬਾਦਲਾਂ ਤੇ ਮਜੀਠੀਆ ਵਿਰੁੱਧ ਜੰਗ ਤੇਜ਼ ਹੋ ਗਈ ਹੈ। ਮਜੀਠੀਆ ‘ਤੇ ਇੱਕ ਵਾਰ ਫਿਰ ਕਥਿਤ ਨਸ਼ਾ ਤਸਕਰੀ ਦੇ ਦੋਸ਼ ਲਾਉਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਹੈ ਅਤੇ ਉਹ ਕਿਸੇ ਹਾਲਤ ਵਿੱਚ ਬਚ ਨਹੀਂ ਸਕਦੇ। ਉਹਨਾਂ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਲਲਕਾਰਦਿਆਂ ਕਿਹਾ ਕਿ ਹੁਣ ਉਹ ਜਿੱਥੇ ਵੀ ਭੱਜਣਾ ਚਾਹੁੰਦੇ ਹਨ ਭੱਜਕੇ ਵੇਖ ਲੈਣ, ਸਿੱਧੂ ਉਹਨਾਂ ਨੂੰ ਭੱਜਣ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਮਜੀਠੀਆ ਨੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਹੈ ਅਤੇ ਇਸ ਕਰਕੇ ਕਈ ਘਰਾਂ ਦੇ ਚਿਰਾਗ ਬੁਝੇ ਹਨ ਅਤੇ ਇਸ ਦਾ ਹਿਸਾਬ ਦੇਣਾ ਪਵੇਗਾ। ਸਿੱਧੂ ਨੇ ਮਜੀਠੀਆ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ 6 ਫੁੱਟ ਚਾਰ ਇੰਚ ਲੰਬਾ ਕਾਂ ਟੰਗਿਆ ਜਾਵੇ ਤਾਂ ਜੋ ਪੰਜਾਬ ਦੀਆਂ ਵਿਰਲਾਪ ਕਰਦੀਆਂ ਮਾਵਾਂ ਦੇ ਹਿਰਦੇ ਨੂੰ ਕੁਝ ਸ਼ਾਂਤੀ ਮਿਲ ਸਕੇ। ਉਹਨਾਂ ਕਿਹਾ ਕਿ ਮਜੀਠੀਆ ਵਿਰੁੱਧ ਹਰ ਸਬੂਤ ਉਹਨਾਂ ਕੋਲ ਹਨ।
ਸਿੱਧੂ ਨੇ ਸੁਖਬੀਰ ਬਾਦਲ ਤੇ ਮਜੀਠੀਆ ਤੇ ਵਿਅੰਗ ਕੱਸਦਿਆਂ ਕਿਹਾ ਕਿ ਜਾਂ ਟਾਂਡਿਆਂ ਵਾਲੀ ਹੈਣੀ ਜਾਂ ਭਾਂਡਿਆਂ ਵਾਲੀ ਹੈਣੀ ਸੁਖਬੀਰ ਬਾਦਲ ‘ਤੇ ਵਿਅੰਗ ਕੱਸਦਿਆਂ ਸਿੱਧੂ ਨੇ ਕਿਹਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਸੁਖ ਚੈਨ ਖੋਹ ਕੇ ਆਪਣੇ ਸੁੱਖ ਵਿਲਾਸ ਹੋਟਲ ਖੋਲ੍ਹ ਲਏ ਹਨ। ਸ਼ਾਹਕੋਟ ਜਿਮਨੀ ਚੋਣ ਵਿੱਚ ਪ੍ਰਚਾਰ ਕਰਨ ਜਾਣ ਬਾਰੇ ਪੁੱਛੇ ਜਾਣ ‘ਤੇ ਸਿੱਧੂ ਨੇ ਕਿਹਾ ਕਿ ਅਕਾਲੀਆਂ ਨੂੰ ਦੋ ਦਿਨ ਵਿੱਚ ਹੀ ਜਾ ਕੇ ਸਬਕ ਸਿਖਾ ਦੇਣਗੇ। ਉਹਨਾਂ ਕਿਹਾ ਕਿ ਉਹਨਾਂ ਦਾ ਹਰ ਸਵਾਸ ਤੇ ਦੇਹ ਪੰਜਾਬ ਨੂੰ ਸਮਰਪਿਤ ਹੈ, ਉਹ ਪੰਜਾਬ ਦੇ ਲੋਕਾਂ ਲਈ ਹਰ ਕੁਬਾਨੀ ਕਰਨ ਨੂੰ ਤਿਆਰ ਹਨ।
ਸ੍ਰ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਬਿਆਸ ਦਰਿਆ ਵਿੱਚ ਜਹਿਰੀਲਾ ਪਾਣੀ ਮਿਲਣ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।