ਬਾਗੀ ਵਿਧਾਇਕਾਂ ਨੇ ਚੁਣਿਆ ਆਪਣਾ ਲੀਡਰ, ਸਿੱਧੂ ਨੂੰ ਪੇਸ਼ ਕੀਤਾ ਜਾਵੇਗਾ ਬਤੌਰ ਮੁੱਖ ਮੰਤਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬਾਗੀ ਵਿਧਾਇਕਾਂ ਨੇ ਤਖਤਾ ਪਲਟ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਵਾਰ ਰਾਜਿੰਦਰ ਕੌਰ ਭੱਠਲ ਦੀ ਥਾਂ ‘ਤੇ ਨਵਜੋਤ ਸਿੱਧੂ ਦੇ ਸਿਰ ‘ਤੇ ਸਿਹਰਾ ਬੰਨ੍ਹਿਆ ਜਾ ਰਿਹਾ ਹੈ। ਬਾਗੀ ਵਿਧਾਇਕ ਨਵਜੋਤ ਸਿੱਧੂ ਨੂੰ ਬਤੌਰ ਮੁੱਖ ਮੰਤਰੀ ਪੇਸ਼ ਕਰਨ ਜਾ ਰਹੇ ਹਨ। ਪੰਜਾਬ ਦੇ ਬਾਗੀ ਵਿਧਾਇਕਾਂ ਨੂੰ ਰਾਹੁਲ ਗਾਂਧੀ ਨੇ ਵੀ 29 ਮਈ ਤੋਂ ਬਾਅਦ ਦਿੱਲੀ ਵਿਖੇ ਸਮਾਂ ਦੇਣ ਲਈ ਹਾਮੀ ਭਰ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਵਿਖੇ ਚੱਕਰ ਮਾਰਨ ਦੀ ਥਾਂ ‘ਤੇ ਸ਼ਾਹਕੋਟ ਵਿੱਚ ਡਟਣ ਲਈ ਕਿਹਾ ਹੈ ਤਾਂ ਕਿ ਇਸ ਉਪ ਚੋਣ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਨਾ ਕਰਨਾ ਪਵੇ। ਮੰਗਲਵਾਰ ਨੂੰ ਵੀ 3-4 ਵਿਧਾਇਕ ਦਿੱਲੀ ਵਿਖੇ ਸੀਨੀਅਰ ਕਾਂਗਰਸੀ ਲੀਡਰਾਂ ਨਾਲ ਮੀਟਿੰਗ ਕਰਨ ਵਿੱਚ ਲੱਗੇ ਹੋਏ ਸਨ।
ਇਹ ਵੀ ਪੜ੍ਹੋ : ਟਮਾਟਰ ਐਨੇ ਲਾਲ ਹੋਏ ਕਿ ਫਲਾਂ ਦੇ ਰਾਜੇ ਨੂੰ ਵੀ ਛੱਡ ਗਏ ਪਿੱਛੇ !
ਪੰਜਾਬ ਦੀ ਵਜ਼ਾਰਤ ਵਿੱਚ ਵਾਧਾ ਹੋਣ ਤੋਂ ਬਾਅਦ ਹੀ ਕਈ ਸੀਨੀਅਰ ਕਾਂਗਰਸੀ ਵਿਧਾਇਕਾਂ ਨੇ ਬਾਗੀ ਸੁਰ ਦਿਖਾਉਂਦੇ ਹੋਏ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਬਾਗੀ ਵਿਧਾਇਕ ਕੋਈ ਨਾ ਕੋਈ ਮੁੱਦਾ ਬਣਾ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹਮਲੇ ਕਰਨ ‘ਤੇ ਲੱਗੇ ਹੋਏ ਹਨ। ਪੰਜਾਬ ਕਾਂਗਰਸ ਦੇ ਅਹੁਦਿਆਂ ਤੋਂ ਕਈ ਵਿਧਾਇਕਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਬੀਤੇ ਦਿਨੀਂ 3 ਵਿਧਾਇਕਾਂ ਨੇ ਵਿਧਾਨ ਸਭਾ ਦੀ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਹੀ ਇਹ ਤਿੰਨੋਂ ਵਿਧਾਇਕ ਦਿੱਲੀ ਵਿਖੇ ਸੀਨੀਅਰ ਲੀਡਰਾਂ ਅਤੇ ਰਾਹੁਲ ਗਾਂਧੀ ਦੇ ਸੰਪਰਕ ਵਿੱਚ ਚਲ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਬਾਗੀ ਵਿਧਾਇਕਾਂ ਨੇ ਨਵਜੋਤ ਸਿੱਧੂ ਨੂੰ ਅੱਗੇ ਕਰਨ ਦੀ ਸਲਾਹ ਕਰਦੇ ਹੋਏ ਸਿੰਧੂ ਨਾਲ ਇਸ ਸਬੰਧੀ ਸੰਪਰਕ ਬਣਾ ਲਿਆ ਹੈ। ਨਵਜੋਤ ਸਿੱਧੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਖ਼ਾਸ ਹੋਣ ਦੇ ਨਾਲ ਹੀ ਉਨ੍ਹਾਂ ਮੰਤਰੀਆਂ ਵਿੱਚੋਂ ਹਨ ਜਿਹੜੇ ਤੇਜ਼ ਤਰਾਰ ਦੇ ਨਾਲ ਹੀ ਲਗਾਤਾਰ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਕਾਰਨ ਖ਼ੁਦ ਹੀ ਨਰਾਜ਼ ਹਨ। ਨਵਜੋਤ ਸਿੱਧੂ ਵੱਲੋਂ ਦਿੱਤੀ ਗਈ ਮਾਈਨਿੰਗ ਪਾਲਿਸੀ ਵੀ ਲਾਗੂ ਨਹੀਂ ਕੀਤੀ ਗਈ। ਨਵਜੋਤ ਸਿੱਧੂ ਹੀ ਮੁੱਖ ਮੰਤਰੀ ਬਣਨ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਇੱਕ ਹਨ। ਇਸ ਲਈ ਬਾਗੀ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਲੜਾਈ ਲੜਨ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਬਗੀ ਵਿਧਾਇਕਾਂ ਪਿੱਛੇ ਨਾ ਹਟ ਜਾਣ ਇਸ ਲਈ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਇਨ੍ਹਾਂ ਨੇ ਸੰਪਰਕ ਤੋੜ ਦਿੱਤਾ ਹੈ, ਕਿਉਂਕਿ ਸੁਨੀਲ ਜਾਖੜ ਮੁੱਖ ਮੰਤਰੀ ਦੇ ਬਹੁਤ ਹੀ ਖਾਸ ਹਨ।
ਕਿੱਥੇ ਗਈ ਮੰਗਲਵਾਰ-ਬੁੱਧਵਾਰ ਦੀ ਮੀਟਿੰਗ ?
ਬਾਗੀ ਵਿਧਾਇਕਾਂ ਨੇ ਕਿਹਾ ਕਿ ਉਹ ਅਮਰਿੰਦਰ ਸਿੰਘ ‘ਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ, ਕਿਉਂਕਿ ਸਾਡੀ ਨਰਾਜ਼ਗੀ ਸੁਣਨ ਅਤੇ ਕੰਮ ਕਰਨ ਲਈ ਮੰਗਲਵਾਰ-ਬੁੱਧਵਾਰ ਰਿਜ਼ਰਵ ਕੀਤਾ ਗਿਆ ਸੀ ਪਰ 2 ਮਹੀਨਿਆਂ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਨਾ ਹੀ ਅਮਰਿੰਦਰ ਸਿੰਘ ਦਾ ਮੰਗਲਵਾਰ ਆਇਆ ਅਤੇ ਨਾ ਹੀ ਬੁੱਧਵਾਰ ਆਇਆ ਹੈ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਮਾਂ ਲੈਣਾ ਵਿਧਾਇਕਾਂ ਨੂੰ ਵੀ ਰੱਬ ਲੱਭ ਕੇ ਲਿਆਉਣ ਬਰਾਬਰ ਹੋਇਆ ਪਿਆ ਹੈ।