ਪਲੇ ਆੱਫ ‘ਚ ਪੱਕਾ ਹੋਣ ਲਈ ਹੱਲਾ ਕਰੇਗਾ ਹੈਦਰਾਬਾਦ | Cricket News
ਹੈਦਰਾਬਾਦ (ਏਜੰਸੀ) Cricket News : ਜ਼ਬਰਦਸਤ ਲੈਅ ‘ਚ ਚੱਲ ਰਹੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਅੱਜ ਰਾਇਲ ਚੈਲੰਜ਼ਰਸ ਬੰਗਲੂਰੁ ਵਿਰੁੱਧ ਹੋਣ ਵਾਲੇ ਮੁਕਾਬਲੇ ‘ਚ ਜਿੱਤ ਹਾਸਲ ਕਰਕੇ ਆਈ.ਪੀ.ਐਲ. 11 ਦੇ ਪਲੇਆੱਫ ‘ਚ ਆਪਣੀ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਹੱਲ ਕਰਨ ਉੱਤਰੇਗੀ। ਜਦੋਂਕਿ ਬੰਗਲੂਰੁ ਦਾ ਟੀਚਾ ਆਪਣੀਆਂ ਆਸਾਂ ਨੂੰ ਕਾਇਮ ਰੱਖਣ ਲਈ ਜਿੱਤਣਾ ਹੋਵੇਗਾ। ਆਈ.ਪੀ.ਐਲ. ਹੁਣ ਅਜਿਹੇ ਮੋੜ ‘ਤੇ ਪਹੁੰਚ ਚੁੱਕਾ ਹੈ। ਜਿੱਥੇ ਹਰ ਟੀਮ ਲਈ ਹਰ ਮੈਚ ਮਹੱਤਵਪੂਰਨ ਹੋ ਗਿਆ ਹੈ। ਚੋਟੀ ‘ਤੇ ਚੱਲ ਰਹੀ ਹੈਦਰਾਬਾਦ ਟੀਮ ਨੂੰ ਪਲੇਆੱਫ ‘ਚ ਜਗ੍ਹਾ ਬਣਾਉਣ ਲਈ ਸਿਰਫ਼ ਇੱਕ ਜਿੱਤ ਦੀ ਜ਼ਰੂਰਤ ਹੈ। ਜੇਕਰ ਉਸਨੇ ਬੰਗਲੂਰੁ ਨੂੰ ਹਰਾ ਦਿੱਤਾ ਤਾਂ ਉਹ ਪਲੇਆੱਫ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਜਾਵੇਗੀ। (Cricket News)
ਦੂਸਰੇ ਪਾਸੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੰਗਲੂਰੁ ਦੀ ਹਾਲਤ ਕਾਫ਼ੀ ਖ਼ਰਾਬ ਹੈ ਅਤੇ ਪਿਛਲੇ ਮੈਚ ‘ਚ ਤਾਂ ਉਸਨੇ ਬੱਲੇ ਨਾਲ ਡਾਢਾ ਭੈੜਾ ਪ੍ਰਦਰਸ਼ਨ ਕੀਤਾ ਸੀ। ਬੰਗਲੂਰੁ ਜੇਕਰ ਇਹ ਮੈਚ ਹਾਰ ਜਾਂਦੀ ਹੈ ਤਾਂ ਫਿਰ ਉਸਨੂੰ ਬਾਕੀ ਸਾਰੇ ਚਾਰ ਮੈਚ ਹਰ ਹਾਲ ‘ਚ ਜਿੱਤਣੇ ਹੋਣਗੇ ਅਤੇ ਇਸ ਦੇ ਨਾਲ ਹੀ ਦੂਸਰੀਆਂ ਟੀਮਾਂ ਦੇ ਨਤੀਜ਼ਿਆਂ ਦਾ ਇੰਤਜ਼ਾਰ ਵੀ ਕਰਨਾ ਹੋਵੇਗਾ ਤਾਂ ਹੀ ਉਸ ਲਈ ਕੁਝ ਆਸ ਬਣ ਸਕੇਗੀ। ਕੇਨ ਵਿਲਿਅਮਸਨ ਦੀ ਹੈਦਰਾਬਾਦ ਦੀ ਟੀਮ ਅਤੇ ਵਿਰਾਟ ਦੀ ਬੰਗਲੂਰੁ ਟੀਮ ਦਾ ਮੁਕਾਬਲਾ ਅਜਿਹੀਆਂ ਦੋ ਟੀਮਾਂ ਦਾ ਮੁਕਾਬਲਾ ਹੋਵੇਗਾ, ਜਿਸ ਵਿੱਚ ਇੱਕ ਆਤਮਵਿਸ਼ਵਾਸ ਦੇ ਸਿਖ਼ਰ ‘ਤੇ ਹੈ ਤਾਂ ਦੂਸਰੀ ਆਪਣਾ ਮਨੋਬਲ ਗੁਆ ਬੈਠੀ ਹੈ। (Cricket News)