ਭਾਰੀ ਸੁਰੱਖਿਆ ਹੇਠ ਕੀਤਾ ਮ੍ਰਿਤਕ ਦਾ ਸਸਕਾਰ
- ਪੰਜ ਜ਼ਿਲ੍ਹਿਆਂ ‘ਚ ਬੰਦ ਰਹੀ ਇੰਟਰਨੈੱਟ ਸੇਵਾ
ਫਗਵਾੜਾ (ਸੱਚ ਕਹੂੰ ਨਿਊਜ਼)। ਸਥਾਨਕ ਗੋਲ ਚੌਕ ਦਾ ਨਾਂਅ ਸੰਵਿਧਾਨ ਚੌਕ ਰੱਖਣ ਨੂੰ ਲੈ ਕੇ 13 ਅਪਰੈਲ ਨੂੰ ਦੇਰ ਰਾਤ ਜਨਰਲ ਭਾਈਚਾਰੇ ਅਤੇ ਦਲਿਤ ਭਾਈਚਾਰੇ ‘ਚ ਪੈਦਾ ਹੋਏ ਵਿਵਾਦ ਦੌਰਾਨ ਭੜਕੀ ਹਿੰਸਾ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਦਲਿਤ ਨੌਜਵਾਨ ਯਸ਼ਵੰਤ ਉਰਫ ਬੌਬੀ ਨੇ ਸ਼ਨਿੱਚਰਵਾਰ ਦੇਰ ਰਾਤ ਦਮ ਤੋੜ ਦਿੱਤਾ। ਅੱਜ ਸਵੇਰੇ ਉਸ ਦਾ ਫਗਵਾੜਾ ਦੇ ਬੰਗਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਭਾਰੀ ਸੁਰੱਖਿਆ ਹੇਠ ਅੰਤਿਮ ਸਸਕਾਰ ਕੀਤਾ ਗਿਆ। (Phagwara Case)
ਇਸ ਮਾਮਲੇ ‘ਚ ਪ੍ਰਸ਼ਾਸਨ ਨੇ ਸ਼ਨਿੱਚਰਵਾਰ ਰਾਤ 11 ਵਜੇ ਹੀ ਜਲੰਧਰ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ‘ਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਸੀ। ਇਸ ਤੋਂ ਇਲਾਵਾ ਸਵੇਰੇ ਫਿਲੌਰ ਤੋਂ ਜਲੰਧਰ ਤੱਕ ਨੈਸ਼ਨਲ ਹਾਈਵੇ ਵੀ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ ਤੇ ਵੱਡੀ ਗਿਣਤੀ ‘ਚ ਪੁਲਿਸ ਦੀ ਤਾਇਨਾਤੀ ਕੀਤੀ ਗਈ। ਪੁਲਿਸ ਨੇ ਸਵੇਰ ਤੋਂ ਹੀ ਫਗਵਾੜਾ ਤੋਂ ਬਾਹਰ ਵੱਲ ਨੂੰ ਜਾਂਦੇ ਸਾਰੇ ਰਸਤੇ ਸੀਲ ਕਰ ਦਿੱਤੇ।