ਨੌਜਵਾਨਾਂ ਨੂੰ ਉਸ ‘ਤੇ ਵਿਸ਼ਵਾਸ ਨਹੀਂ : ਰਾਹੁਲ | Corruption
ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭ੍ਰਿਸ਼ਟਾਚਾਰ (Corruption) ਦੇ ਮਾਮਲਿਆਂ ਨੂੰ ਲੈ ਕੇ ਚੁੱਪ ਧਾਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਹੁਣ ਮੋਦੀ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਰਿਹਾ। ਪਾਰਟੀ ਦੀ ‘ਜਨ ਆਕ੍ਰੋਸ਼’ ਰੈਲੀ ‘ਚ ਰਾਹੁਲ ਨੇ ਕਿਹਾ, ਦੇਸ਼ ‘ਚ ਸਭ ਗੁੱਸੇ ‘ਚ ਹਨ। ਪ੍ਰਧਾਨ ਮੰਤਰੀ ਸਿਰਫ਼ ਭਾਸ਼ਣ ਦਿੰਦੇ ਹਨ, ਜਿੱਥੇ ਜਾਂਦੇ ਹਨ ਉਥੇ ਵਾਅਦੇ ਕਰਦੇ ਹਨ, ਉਨ੍ਹਾਂ ਦੀਆਂ ਗੱਲਾਂ ‘ਚ ਸੱਚਾਈ ਨਹੀਂ ਹੁੰਦੀ’।
ਰਾਹੁਲ ਨੇ ਕਿਹਾ, ‘ਭਾਰਤ ਇੱਕ ਧਾਰਮਿਕ ਦੇਸ਼ ਹੈ ਦੇਸ਼ ਦੀ ਜਨਤਾ ਸਿਰਫ਼ ਸੱਚ ਦੇ ਸਾਹਮਣੇ ਸਿਰ ਝੁਕਾਉਂਦੀ ਹੈ’। ਉਨ੍ਹਾਂ ਕਿਹਾ ਕਿ ਕਰਨਾਟਕ ‘ਚ ਇੱਕ ਪਾਸੇ ਬੀ ਐਸ ਯੇਦੀਯੁਰੱਪਾ ਖੜੇ ਹਨ, ਜੋ ਜੇਲ੍ਹ ‘ਚ ਜਾ ਚੁੱਕੇ ਹਨ। ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ‘ਤੇ ਯਕੀਨ ਨਹੀਂ ਹੁੰਦਾ। ‘ਰੇਲ ਮੰਤਰੀ ਪੀਯੂਸ਼ ਗੋਇਲ ਦਾ ਹਵਾਲਾ ਦਿੰਦਿਆਂ ਰਾਹੁਲ ਨੇ ਕਿਹਾ, ‘ਪਹਿਲੀ ਵਾਰ ਇੱਕ ਬਿਜਲੀ ਮੰਤਰੀ ਬਿਜਲੀ ਆਪਣੀ ਕੰਪਨੀ ਨੂੰ ਵੇਚਦਾ ਹੈ ਤੇ ਮੋਦੀ ਜੀ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਦਾ”।
ਉਨ੍ਹਾਂ ਕਿਹਾ ਕਿ ਦੇਸ਼ ਦੇ ਚੌਂਕੀਦਾਰ ਨੇ ਨੀਰਵ ਮੋਦੀ ਖਿਲਾਫ਼ ਇੱਕ ਸ਼ਬਦ ਨਹੀਂ ਬੋਲਿਆ। ਕਾਂਗਰਸ ਪ੍ਰਧਾਨ ਨੇ ਕਿਹਾ, ‘ਮੋਦੀ ਜੀ ਪੈਰਿਸ ਜਾ ਕੇ ਰਾਫ਼ੇਲ ਸੌਦੇ ਦੇ ਕਾਂਟ੍ਰੇਕਟ ਬਦਲ ਦਿੰਦੇ ਹਨ। ਫੌਜ ਕਹਿੰਦੀ ਹੈ ਕਿ ਸਾਡੇ ਕੋਲ ਨਹੀਂ ਹੈ ਤੇ ਮੋਦੀ ਜੀ ਆਪਣੇ ਉਦਯੋਗਪਤੀ ਮਿੱਤਰ ਨੂੰ ਕਾਂਟ੍ਰੇਕਟ ਦਿੰਦੇ ਹਨ”। ਉਨ੍ਹਾਂ ਕਿਹਾ, ਅਮਿਤ ਸ਼ਾਹ ਦਾ ਪੁੱਤਰ 50 ਹਜ਼ਾਰ ਰੁਪਏ ਦੇ ਕਾਰੋਬਾਰ ਨੂੰ ਤਿੰਨ ਮਹੀਨੇ ‘ਚ 80 ਕਰੋੜ ਰੁਪਏ ਦੇ ਕਾਰੋਬਾਰ ‘ਚ ਬਦਲ ਦਿੰਦਾ ਹੈ ਤੇ ਮੋਦੀ ਜੀ ਇੱਕ ਸ਼ਬਦ ਨਹੀਂ ਬੋਲਦੇ। ਰਾਹੁਲ ਨੇ ਕਿਹਾ ਕਿ ਪਹਿਲੀ ਵਾਰ ਚਾਰ ਜੱਜ ਬਾਹਰ ਆ ਕੇ ਨਿਆਂ ਮੰਗਦੇ ਹਨ ਤੇ ਨਰਿੰਦਰ ਮੋਦੀ ਜੀ ਚੁੱਪ ਰਹਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਰੀਆਂ ਸੰਸਥਾਵਾਂ ‘ਚ ਆਰਐਸਐਸ ਦੇ ਲੋਕ ਭਰੇ ਜਾ ਰਹੇ ਹਨ। ਹਰ ਮੰਤਰੀ ਦਾ ਓਐਸਡੀ ਆਰਐਸਐਸ ਦਾ ਵਿਅਕਤੀ ਹੈ।