ਅਰੁਣ ਜੇਤਲੀ ਦੇ ਖ਼ਾਸ ਹੋਣ ਕਰਕੇ ਹੀ ਸ਼ਵੇਤ ਮਲਿਕ ਬਣੇ ਸਨ ਰਾਜ ਸਭਾ ਮੈਂਬਰ | Shwet Malik
- ਕਮਲ ਸ਼ਰਮਾ ਗੁੱਟ ਦੇ ਹੱਥ ਆਏਗੀ ਸਰਦਾਰੀ, ਖੁੰਝੇ ਲਾਈਨ ਲੱਗੇਗਾ ਸਾਂਪਲਾ ਗੁੱਟ | Shwet Malik
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰੀ ਖਜਾਨਾ ਮੰਤਰੀ ਅਰੁਣ ਜੇਤਲੀ ਦੀ ਕ੍ਰਿਪਾ ਲਗਾਤਾਰ ਅੰਮ੍ਰਿਤਸਰ ਦੇ ਭਾਜਪਾਈ ਸ਼ਵੇਤ ਮਲਿਕ ‘ਤੇ ਜਾਰੀ ਹੈ। ਪਹਿਲਾਂ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਬਣਾਉਣ ਤੋਂ ਬਾਅਦ ਅਰੁਣ ਜੇਤਲੀ ਕਾਰਨ ਹੀ ਸ਼ਵੇਤ (Shwet Malik) ਮਲਿਕ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਸ਼ਵੇਤ ਮਲਿਕ ਦੇ ਪ੍ਰਧਾਨ ਬਣਾਉਣ ਨਾਲ ਹੁਣ ਵਿਜੇ ਸਾਂਪਲਾ ਸਿਰਫ਼ ਕੇਂਦਰੀ ਰਾਜ ਮੰਤਰੀ ਹੀ ਰਹਿਣਗੇ ਤੇ ਅਗਲੇ 2-3 ਦਿਨਾਂ ਵਿੱਚ ਪੰਜਾਬ ਭਾਜਪਾ ਪ੍ਰਧਾਨ ਦੀ ਕੁਰਸੀ ਰਸਮੀ ਤੌਰ ‘ਤੇ ਸਾਪਲਾ ਸ਼ਵੇਤ ਮਲਿਕ ਨੂੰ ਸੌਂਪ ਦੇਣਗੇ।
ਪੰਜਾਬ ਭਾਜਪਾ ਪ੍ਰਧਾਨ ਦੀ ਦੌੜ ਵਿੱਚ ਰਾਕੇਸ਼ ਰਾਠੌਰ ਦਾ ਨਾਂਅ ਸਭ ਤੋਂ ਉੱਪਰ ਚੱਲ ਰਿਹਾ ਸੀ ਪਰ ਰਾਕੇਸ਼ ਰਾਠੌਰ ਨੂੰ ਪਛਾੜਦੇ ਹੋਏ (Shwet Malik) ਸ਼ਵੇਤ ਮਲਿਕ ਨੇ ਪ੍ਰਧਾਨ ਬਨਣ ‘ਚ ਸਫ਼ਲਤਾ ਹਾਸਲ ਕੀਤੀ ਹੈ। ਸ਼ਵੇਤ ਮਲਿਕ ਪਿਛਲੇ 2014 ‘ਚ ਲੋਕ ਸਭਾ ਚੋਣਾਂ ਦੌਰਾਨ ਹੀ ਅਰੁਣ ਜੇਤਲੀ ਦੇ ਨੇੜੇ ਆਏ ਸਨ, ਜਿਸ ਤੋਂ ਬਾਅਦ ਲਗਾਤਾਰ ਅਰੁਣ ਜੇਤਲੀ ਨਾਲ ਸ਼ਵੇਤ ਮਲਿਕ ਦੀਆਂ ਨਜ਼ਦੀਕੀਆਂ ਕਾਫ਼ੀ ਜਿਆਦਾ ਵਧ ਗਈਆਂ ਸਨ।
ਸ਼ਵੇਤ (Shwet Malik) ਮਲਿਕ ਨੂੰ ਪਿਛਲੇ ਸਾਲ ਹੀ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ ਤੇ ਹੁਣ ਪੰਜਾਬ ਭਾਜਪਾ ਦਾ ਤਾਜ ਵੀ ਉਨ੍ਹਾਂ ਦੇ ਸਿਰ ‘ਤੇ ਸਜਾ ਦਿੱਤਾ ਗਿਆ ਹੈ। ਸ਼ਵੇਤ ਮਲਿਕ ਦੇ ਪ੍ਰਧਾਨ ਬਨਣ ਤੋਂ ਬਾਅਦ ਪੰਜਾਬ ਭਾਜਪਾ ‘ਚ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਗੁੱਟ ਸਰਗਰਮ ਹੋ ਜਾਏਗਾ, ਜਿਹੜਾ ਕਿ ਵਿਜੇ ਸਾਂਪਲਾ ਦੇ ਪ੍ਰਧਾਨ ਬਨਣ ਤੋਂ ਬਾਅਦ ਲਗਾਤਾਰ ਇੱਕ ਕਿਨਾਰੇ ‘ਤੇ ਹੀ ਚੱਲ ਰਿਹਾ ਸੀ। ਕਮਲ ਸ਼ਰਮਾ ਤੇ ਸੁਭਾਸ਼ ਸ਼ਰਮਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੇ ਕਰੀਬੀਆਂ ‘ਚੋਂ ਹੀ ਹਨ, ਜਦੋਂ ਕਿ ਕਮਲ ਸ਼ਰਮਾ ਦੇ ਗੁੱਟ ਦੀ ਵਿਰੋਧਤਾ ਕਰਨ ਵਾਲੇ ਵਿਜੇ ਸਾਂਪਲਾ ਦੇ ਕਈ ਕਰੀਬੀ ਜਲਦ ਹੀ ਪੰਜਾਬ ਭਾਜਪਾ ਦੇ ਅਹਿਮ ਅਹੁਦਿਆਂ ਤੋਂ ਬਾਹਰ ਹੋ ਜਾਣਗੇ।