ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤੀ ਕੇਂਦਰ ਤੋਂ ਮੰਗ
- ਪਾਲਿਸੀ ਅਨੁਸਾਰ ਹੀ ਲਿਆ ਜਾਏਗਾ ਫੈਸਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਰਾਕ ਵਿੱਚ ਮਾਰੇ ਗਏ 27 ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਸਣੇ ਇੱਕ-ਇੱਕ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਤਾਂ ਕਿ ਉਨਾਂ ਦਾ ਪਰਿਵਾਰ ਦਾ ਗੁਜ਼ਾਰਾ ਹੋ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ 11 ਅੰਮ੍ਰਿਤਸਰ ਅਤੇ 11 ਜਲੰਧਰ ਸਣੇ 5 ਵਿਅਕਤੀ ਪੰਜਾਬ ਦੇ ਹੋਰ ਸ਼ਹਿਰਾਂ ਵਿੱਚੋਂ ਹਨ। ਇਨਾਂ ਸਾਰੀਆਂ ਦੇ ਪਰਿਵਾਰਾਂ ਨਾਲ ਸਰਕਾਰ ਇਸ ਦੁਖ ਦੀ ਘੜੀ ਵਿੱਚ ਖੜ੍ਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਤਾਂ ਕਿ ਦੇਸ ਪੱਧਰ ‘ਤੇ ਹੀ ਇਹ ਰਾਹਤ ਮਿਲੇ।
ਇਥੇ ਹੀ ਵਿਰੋਧ ਪਾਰਟੀਆਂ ਵਲੋਂ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦੇਣ ਦੀ ਮੰਗ ‘ਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਪਾਲਿਸੀ ਦੇਖਣੀ ਪਏਗੀ ਕਿ ਪੰਜਾਬ ਵਿੱਚ ਕਿੰਨਾ ਅਤੇ ਕਿਵੇਂ ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਪਾਲਿਸੀ ਦੇਖਣ ਤੋਂ ਬਾਅਦ ਹੀ ਉਹ ਕੁਝ ਕਹਿ ਸਕਣਗੇ।
ਕੇਂਦਰ ਨੂੰ ਛੱਡੋ, ਪੰਜਾਬ ਕੀ ਦੇ ਰਿਹਾ ਐ : ਮਜੀਠਿਆ
ਬਿਕਰਮ ਮਜੀਠਿਆ ਨੇ ਇਥੇ ਕਿਹਾ ਕਿ ਕੇਂਦਰ ਸਰਕਾਰ ਨੂੰ ਛੱਡ ਦੇਣ ਚਾਹੀਦਾ ਹੈ ਕਿ ਉਹ ਕੀ ਦੇਣਗੇ, ਕਿਉਂਕਿ ਕੇਂਦਰ ਸਰਕਾਰ ਨਾਲ ਹੀ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਇਨਾਂ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਬਿਕਰਮ ਮਜੀਠੀਆ ਨੇ ਕਿਹਾ ਕਿ ਕੀ ਸਰਕਾਰ ਦੀ ਇੰਨੀ ਮਾੜੀ ਹਾਲਤ ਹੈ ਕਿ ਉਹ ਖ਼ੁਦ ਮੁਆਵਜ਼ਾ ਦੇਣ ਦੀ ਥਾਂ ‘ਤੇ ਕੇਂਦਰ ਸਰਕਾਰ ਵੱਲ ਤੱਕ ਰਹੀਂ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਖਜਾਨੇ ਵਿੱਚੋਂ ਵੀ ਕੁਝ ਨਾ ਕੁਝ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।
ਖਹਿਰਾ ਕਾਂਗਰਸ ਵਾਲੇ ਪਾਸੇ ਹੀ ਜਾ ਕੇ ਬੈਠ ਜਾਏ : ਮਜੀਠੀਆ
ਆਪ ਆਗੂ ਸੁਖਪਾਲ ਖਹਿਰਾ ਵਲੋਂ ਕਿਸੇ ਮੁੱਦੇ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਧੰਨਵਾਦ ਕਰਨ ‘ਤੇ ਭੜਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਨਾਂ ਕਾਂਗਰਸੀਆਂ ਵੱਲ ਜਾ ਕੇ ਹੀ ਬੈਠ ਜਾਓ। ਬਿਕਰਮ ਮਜੀਠੀਆ ਨੇ ਸਦਨ ਤੋਂ ਬਾਹਰ ਕਿਹਾ ਕਿ ਸੁਖਪਾਲ ਖਹਿਰਾ ਤਾਂ ਪੂਰੀ ਤਰਾਂ ਹੀ ਕਾਂਗਰਸ ਸਰਕਾਰ ਅੱਗੇ ਗੋਡੇ ਟੇਕ ਕੇ ਬਹਿ ਗਿਆ ਹੈ। ਉਸ ਨੂੰ ਲਗਦਾ ਹੈ ਕਿ ਸ਼ਾਇਦ ਕਾਂਗਰਸ ਉਸ ਨੂੰ ਆਪਣੇ ਵਾਲੇ ਪਾਸੇ ਲੈ ਲਏਗੀ। ਜੇਕਰ ਇੰਨੀ ਹੀ ਚਮਚਾਗੀਰੀ ਕਰਨੀ ਹੈ ਤਾਂ ਕਾਂਗਰਸ ਵਾਲੇ ਪਾਸੇ ਜਾ ਕੇ ਬੈਠ ਜਾਏ ਪਰ ਅਕਾਲੀ ਦਲ ਨੂੰ ਆਪਣਾ ਕੰਮ ਕਰਨ ਦੇਵੇ, ਐਵੇਂ ਹੀ ਉੱਠ ਉੱਠ ਕੇ ਮੁੱਖ ਮੰਤਰੀ ਦਾ ਹਰ ਗੱਲ ‘ਤੇ ਹੀ ਧੰਨਵਾਦ ਨਾ ਕਰਦਾ ਫਿਰੇ।