ਹਰ ਕਿਸੇ ਨੂੰ ਡਰ ਹੋਣਾ ਚਾਹੀਦਾ ਐ, ਕਾਰਵਾਈ ਕਰਦੇ ਹੋਏ ਠੋਕ ਦੇਣਾ ਚਾਹੀਦੈ : ਸਿੱਧੂ
- ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਦੋਸ਼ੀ ਵਿਧਾਇਕ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਚੰਨੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਤੀਜੇ ਦਿਨ ਪ੍ਰਸ਼ਨ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿਮਰਜੀਤ ਸਿੰਘ ਬੈਂਸ ਵੱਲੋਂ ਫੇਸਬੁਕ ‘ਤੇ ਪਾਈ ਹੋਈ ਵੀਡੀਓ ‘ਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ। ਹਾਲਾਂਕਿ ਇਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਨਾਂਅ ਨਹੀਂ ਲਿਆ ਗਿਆ ਪਰ ਸਦਨ ਵਿੱਚ ਹਰ ਕਿਸੇ ਨੂੰ ਪਤਾ ਸੀ ਕਿ ਸਿਮਰਜੀਤ ਸਿੰਘ ਬੈਂਸ ਦੀ ਗੱਲ ਕੀਤੀ ਜਾ ਰਹੀਂ ਹੈ, ਕਿਉਂਕਿ ਬੀਤੇ ਦਿਨੀਂ ਸਿਰਫ਼ ਸਿਮਰਜੀਤ ਸਿੰਘ ਬੈਂਸ ਵੱਲੋਂ ਹੀ ਆਪਣੀ ਵੀਡੀਓ ਫੇਸਬੁੱਕ ‘ਤੇ ਪਾਈ ਗਈ ਸੀ।
ਚੰਨੀ ਨੇ ਵੀ ਪਾਈ ਸੀ ਪਿਛਲੇ ਵਿਧਾਨ ਸਭਾ ਵਿੱਚ ਆਪਣੀ ਵੀਡੀਓ ਫੇਸਬੁਕ ‘ਤੇ : ਖਹਿਰਾ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸਦਨ ਦੀ ਮਰਿਆਦਾ ਹੁੰਦੀ ਹੈ ਇਸ ਲਈ ਫੇਸਬੁਕ ‘ਤੇ ਵੀਡੀਓ ਜਾਂ ਫਿਰ ਆਡਿਓ ਨਹੀਂ ਪਾਈ ਜਾਣੀ ਚਾਹੀਦੀ ਹੈ, ਇਹ ਗਲਤ ਹੈ। ਇਸ ‘ਤੇ ਬੋਲਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਚਲੇ ਸਕੇ ਕਿ ਕਿਹੜੇ ਵਿਧਾਇਕ ਵੱਲੋਂ ਫੇਸਬੁੱਕ ‘ਤੇ ਵੀਡੀਓ ਪਾਈ ਗਈ ਹੈ ਅਤੇ ਉਸ ਖ਼ਿਲਾਫ਼ ਕਾਰਵਾਈ ਵੀ ਹੋਣੀ ਚਾਹੀਦੀ ਹੈ। ਇਹ ਸਦਨ ਦੀ ਮਰਿਆਦਾ ਦੇ ਉਲਟ ਹੈ।
ਜਾਂਚ ਤੋਂ ਬਾਅਦ ਹੋਏਗੀ ਕਾਰਵਾਈ, ਸਪੀਕਰ ਨੇ ਦਿੱਤਾ ਭਰੋਸਾ
ਚਰਨਜੀਤ ਸਿੰਘ ਚੰਨੀ ਦੇ ਇੰਨਾ ਕਹਿਣ ‘ਤੇ ਆਪਣੀ ਸੀਟ ਤੋਂ ਉੱਠ ਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕਿਵੇਂ ਇਤਰਾਜ਼ ਜ਼ਾਹਿਰ ਕਰ ਸਕਦੇ ਹਨ ਕਿਉਂਕਿ ਪਿਛਲੀ ਸਰਕਾਰ ਵਿੱਚ ਜਦੋਂ ਉਹ ਵਿਰੋਧੀ ਧਿਰ ਦੇ ਲੀਡਰ ਹੁੰਦੇ ਸਨ ਤਾਂ ਉਨ੍ਹਾਂ ਵੱਲੋਂ ਵੀ ਫੇਸਬੁਕ ‘ਤੇ ਆਪਣੀ ਵੀਡੀਓ ਅਪਲੋਡ ਕੀਤੀ ਹੋਈ ਹੈ। ਇਸ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਨਿਯਮਾਂ ਅਨੁਸਾਰ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਹਰ ਵਿਧਾਇਕ ਨੂੰ ਆਪਣਾ ਫੋਨ ਬੰਦ ਕਰਕੇ ਹੀ ਅੰਦਰ ਆਉਣਾ ਹੁੰਦਾ ਹੈ, ਇਸ ਲਈ ਮਾਮਲੇ ਦੀ ਜਾਂਚ ਕਰਵਾਈ ਜਾਏਗੀ। ਉਸ ਤੋਂ ਬਾਅਦ ਹੀ ਅਗਲਾ ਫੈਸਲਾ ਕੀਤਾ ਜਾਏਗਾ।