ਦਿੱਲੀ ਵਿਖੇ ਹੋਈ ਆਸ਼ਾ ਕੁਮਾਰੀ ਅਤੇ ਸੁਨੀਲ ਜਾਖੜ ਦੀ ਮੀਟਿੰਗ
- ਕਈ ਵਿਧਾਇਕਾਂ ਨੇ ਲਾਏ ਦਿੱਲੀ ਡੇਰੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਬਜਟ ਸ਼ੈਸਨ ਤੋਂ ਪਹਿਲਾਂ ਅਮਰਿੰਦਰ ਸਿੰਘ ਦੀ ਕੈਬਨਿਟ ਨੂੰ ਅੱਧੀ ਦਰਜਨ ਤੋਂ ਜ਼ਿਆਦਾ ਨਵੇਂ ਮੰਤਰੀ ਮਿਲ ਜਾਣਗੇ। ਇਸ ਸਬੰਧੀ ਕਾਂਗਰਸ ਪਾਰਟੀ ਵਿੱਚ ਸਹਿਮਤੀ ਬਣ ਗਈ ਹੈ ਅਤੇ ਰਾਹੁਲ ਗਾਂਧੀ ਨਾਲ ਗੱਲਬਾਤ ਤੱਕ ਹੋ ਗਈ ਹੈ ਪਰ ਫਿਰ ਵੀ ਕਰਨਾਟਕ ਦੌਰੇ ‘ਤੇ ਚੱਲ ਰਹੇ ਰਾਹੁਲ ਗਾਂਧੀ ਦੀ ਵਾਪਸੀ ਤੋਂ ਬਾਅਦ ਇਸ ਸਬੰਧੀ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਮੰਤਰੀ ਮੰਡਲ ਵਿੱਚ ਵਾਧਾ ਬਜਟ ਸੈਸ਼ਨ ਤੋਂ ਪਹਿਲਾਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਹੈਰੀਟੇਜ ਫੈਸਟੀਵਲ ਦਾ ਐਲਾਨ ਅੱਜ, ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਕਰਨਗੇ ਲਾਂਚ
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪਿਛਲੇ ਇੱਕ ਸਾਲ ਤੋਂ 18 ਮੰਤਰੀਆਂ ਦੀ ਥਾਂ ਸਿਰਫ਼ 8 ਮੰਤਰੀਆਂ ਨਾਲ ਹੀ ਕੰਮ ਚਲਾ ਰਹੇ ਹਨ, ਜਦੋਂਕਿ 10 ਹੋਰ ਮੰਤਰੀ ਅਮਰਿੰਦਰ ਸਿੰਘ ਕੈਬਨਿਟ ਵਿੱਚ ਸ਼ਾਮਲ ਕਰ ਸਕਦੇ ਹਨ। ਕੈਬਨਿਟ ਵਿੱਚ ਵਾਧੇ ਨੂੰ ਸਬੰਧੀ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਚਰਚਾ ਹੋਣ ਕਾਰਨ ਅਮਰਿੰਦਰ ਸਿੰਘ ਵੱਲੋਂ ਵੀ 4 ਵਾਰ ਜਲਦ ਵਾਧਾ ਕਰਨਾ ਦਾ ਐਲਾਨ ਤਾਂ ਕੀਤਾ ਗਿਆ ਪਰ ਹੁਣ ਤੱਕ ਮੰਤਰੀ ਮੰਡਲ ਵਿੱਚ ਵਾਧੇ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ।
ਬੀਤੇ ਕੁਝ ਦਿਨਾਂ ਤੋਂ ਇੱਕ ਵਾਰ ਫਿਰ ਤੋਂ ਮੰਤਰੀ ਮੰਡਲ ਵਿੱਚ ਵਾਧੇ ਬਾਰੇ ਚੱਲ ਰਹੀ ਚਰਚਾ ਨੂੰ ਖ਼ਤਮ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਇਸ ਸਬੰਧੀ ਹੁਣ ਸਹਿਮਤੀ ਬਣ ਗਈ ਹੈ ਅਤੇ ਬਜਟ ਸੈਸ਼ਨ ਤੋਂ ਪਹਿਲਾਂ ਪਹਿਲਾਂ ਪੰਜਾਬ ਨੂੰ ਨਵੇਂ ਮੰਤਰੀ ਮਿਲ ਜਾਣਗੇ। ਹਾਲਾਂਕਿ ਸੁਨੀਲ ਜਾਖੜ ਵੱਲੋਂ ਇਹ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਕਿ ਮੰਤਰੀ ਮੰਡਲ ਵਿੱਚ ਕਿੰਨੇ ਮੰਤਰੀ ਸ਼ਾਮਲ ਹੋਣਗੇ ਅਤੇ ਉਨ੍ਹਾਂ ਵਿੱਚ ਕਿਹੜੇ-ਕਿਹੜੇ ਨਾਂਅ ਸ਼ਾਮਲ ਹਨ।
ਪਿਛਲੇ 2 ਦਿਨਾਂ ਤੋਂ ਦਿੱਲੀ ਵਿਖੇ ਮੰਤਰੀ ਮੰਡਲ ਵਾਧੇ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਕਾਂਗਰਸੀ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਵੱਲੋਂ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਉਨ੍ਹਾਂ ਨਾਵਾਂ ‘ਤੇ ਸਹਿਮਤੀ ਬਣਾ ਲਈ ਹੈ, ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਣਾ ਹੈ ਹਾਲਾਂਕਿ ਇਨ੍ਹਾਂ ਨਾਵਾਂ ‘ਤੇ ਆਖਰੀ ਮੁਹਰ ਆਲ ਇੰਡੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੀ ਲਗਾਉਣਗੇ। ਇਸ ਲਈ ਰਾਹੁਲ ਗਾਂਧੀ ਦੀ ਵਾਪਸੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਇਸ ਸਮੇਂ ਕਰਨਾਟਕ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਦੀ ਵਾਪਸੀ ਤੋਂ ਤੁਰੰਤ ਬਾਅਦ ਮੰਤਰੀ ਮੰਡਲ ਵਿੱਚ ਵਾਧਾ ਕਰ ਦਿੱਤਾ ਜਾਵੇਗਾ। ਇਥੇ ਹੀ ਕੁਝ ਵਿਧਾਇਕ ਪਿਛਲੇ 2 ਦਿਨਾਂ ਤੋਂ ਦਿੱਲੀ ਵਿਖੇ ਡੇਰਾ ਲਾਈ ਬੈਠੇ ਹਨ ਤਾਂ ਕਿ ਉਨਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲ ਸਕੇ। ਇਨ੍ਹਾਂ ਵਿੱਚੋਂ ਕੁਝ ਵਿਧਾਇਕਾਂ ਵੱਲੋਂ ਕੇਂਦਰੀ ਕਾਂਗਰਸੀ ਲੀਡਰਸ਼ਿਪ ਅਤੇ ਰਾਹੁਲ ਗਾਂਧੀ ਤੱਕ ਵੀ ਪਹੁੰਚ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ।