ਵਿਦੇਸ਼ ਵੱਸਦੇ ਨੌਜਵਾਨ ਦਾ ਵਿਆਹ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰ
- ਡੀਜ਼ੇ ਦੀ ਬਜਾਇ ਸਾਦੀ ਢੋਲਕੀ ‘ਤੇ ਗਾਏ ਗੀਤ, ਸਿੱਠਣੀਆਂ ਤੇ ਬੋਲੀਆਂ
- ਛੱਜ ਤੋੜਨ ਦੀ ਰਸਮ ਵੀ ਕੀਤੀ ਅਦਾ
ਨਾਭਾ (ਤਰੁਣ ਕੁਮਾਰ ਸ਼ਰਮਾ)। ਰਿਆਸਤੀ ਸ਼ਹਿਰ ਨਾਭਾ ਵਿਖੇ ਇੱਕ ਵਿਦੇਸ਼ੀ ਲਾੜੇ ਦਾ ਵਿਆਹ ਉਦੋਂ ਸ਼ਹਿਰ ਵਾਸੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਜਦੋਂ ਇਸ ਵਿਆਹ ਵਿੱਚ ਅਜੋਕੀ ਜਿੰਦਗੀ ‘ਚੋਂ ਅਲੋਪ ਹੁੰਦੇ ਜਾ ਰਹੇ ਪੰਜਾਬੀ ਸਭਿਆਚਾਰਕ ਦੇ ਰੀਤੀ ਰਿਵਾਜ਼ਾਂ ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਨਿਭਾਇਆ ਗਿਆ। ਵਿਆਹ ਤੋਂ ਪਹਿਲਾਂ ਨੱਚਦਾ ਟੱਪਦਾ ਗਿੱਧੇ ਪਾਉਂਦਾ ‘ਨਾਨਕਾ ਮੇਲ’ ਮਹਿੰਗੀਆਂ ਗੱਡੀਆਂ ਦੀ ਥਾਂ ਟਰਾਲੀਆਂ ਰਾਹੀਂ ਲਾੜੇ ਦੇ ਦਾਦਕੇ ਪਿੰਡ ਪੁੱਜਾ।
ਜ਼ਿਕਰਯੋਗ ਹੈ ਕਿ ਅੱਜ ਦੇ ਅਤਿ ਰੁੱਝੇ ਭੋਤਿਕਵਾਦੀ ਜੀਵਨ ਵਿੱਚ ਜਿੱਥੇ ਵਿਆਹ, ਸ਼ਾਦੀ ਜਾਂ ਹੋਰ ਸ਼ੁੱਭ ਮੌਕਿਆਂ ‘ਤੇ ਪੰਜਾਬੀ ਸੱਭਿਆਚਾਰ ਦੇ ਰੀਤੀ ਰਿਵਾਜ਼ ਸਿਰਫ ਰਸਮ ਵਜੋਂ ਨਿਭਾਏ ਜਾਂਦੇ ਹਨ ਉਥੇ ਡੀਜੇ, ਡਾਂਸ ਪਾਰਟੀਆਂ ਅਤੇ ਹੋਰ ਲੱਚਰਪੁਣੇ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਇਸ ਦੇ ਉੱਲਟ ਵਿਦੇਸ਼ ਵਿੱਚ ਵਸੇ ਅਜੈਪਾਲ ਸਿੰਘ ਨਾਮੀ ਇਸ ਨੌਜਵਾਨ ਦੇ ਵਿਆਹ ਵਿੱਚ ਪੁਰਾਣੇ ਰੀਤੀ-ਰਿਵਾਜ਼ਾਂ ਅਤੇ ਰਸਮਾਂ ਦਾ ਅਨੋਖਾ ਸੁਮੇਲ ਦੇਖਣ ਨੂੰ ਨਜ਼ਰ ਆਇਆ ਜੋ ਕਿ ਦੇਖਣ ਵਾਲਿਆਂ ਦੀ ਖਿੱਚ ਦਾ ਕੇਂਦਰ ਬਣ ਗਿਆ।
ਵਿਦੇਸ਼ ਵਿੱਚ ਵਸਦੇ ਇਸ ਨੌਜਵਾਨ ਦਾ ਨਾਨਕਾ ਮੇਲ ਰੰਗ ਬਿਰੰਗੇ ਪਹਿਰਾਵੇ ਵਿੱਚ ਵਿਆਹ ਤੋਂ 10 ਦਿਨ ਪਹਿਲਾਂ ਟਰਾਲੀਆਂ ਰਾਹੀ ਵੱਖ-ਵੱਖ ਪਿੰਡਾਂ ਵਿੱਚੋਂ ਲੰਘਦਾ ਹੋਇਆ ਦਾਦਕੇ ਪੁੱਜਾ। ਇਸ ਤੋਂ ਬਾਦ ਪਿੰਡ ਵਿੱਚ ਨਾਨਕੇ ਪਰਿਵਾਰ ਨੇ ਸਚੁੱਜੇ ਢੰਗ ਨਾਲ ਜਾਗੋ ਕੱਢੀ ਅਤੇ ਮਹਿੰਗੇ ਡੀਜ਼ੇ ਦੀ ਬਜਾਏ ਸਾਦੀ ਢੋਲਕੀਆਂ ‘ਤੇ ਜਿੱਥੇ ਪੰਜਾਬੀ ਸਭਿਆਚਾਰਕ ਭਰਪੂਰ ਸਿੱਠਣੀਆਂ, ਗੀਤ, ਬੋਲੀਆ ਪਾ ਕੇ ਗਿੱਧੇ ਭੰਗੜੇ ਦਾ ਆਨੰਦ ਵੀ ਲਿਆ ਉਥੇ ਛੱਜ ਤੋੜਨ ਦੀ ਰਸਮ ਵੀ ਅਦਾ ਕੀਤੀ ਜਿਸ ਨੂੰ ਆਸ ਪਾਸ ਦੇ ਲੋਕ ਕੋਠਿਆਂ ‘ਤੇ ਖੜ੍ਹ ਕੇ ਦੇਖਦੇ ਨਜ਼ਰ ਆਏ।