ਕਰਨ ਗਏ ਸੀ ਅਮਰਿੰਦਰ ਸਿੰਘ ਖ਼ਿਲਾਫ਼ ਬੈਟਿੰਗ, ਨਵਜੋਤ ਸਿੰਘ ਸਿੱਧੂ ਖੁਦ ਹੋਏ ਕਲੀਨ ਬੋਲਡ
- ਕਿਹਾ, ਅਮਰਿੰਦਰ ਸਿੰਘ ਪਹਿਲਾਂ ਹੀ ਦੇ ਚੁੱਕੇ ਹਨ ਸਾਰੀ ਜਾਣਕਾਰੀ, ਇਸ ਮਾਮਲੇ ‘ਚ ਸਿੱਧੂ ਹੀ ਹਨ ਗਲਤ
- ਅੰਮ੍ਰਿਤਸਰ ਮੇਅਰ ਦੀ ਚੋਣ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਗਏ ਹੋਏ ਸਨ ਸਿੱਧੂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੰਮ੍ਰਿਤਸਰ ਮੇਅਰ ਦੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਬੈਟਿੰਗ ਕਰਨ ਦਿੱਲੀ ਪੁੱਜੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਖ਼ੁਦ ਹੀ ਕਲੀਨ ਬੋਲਡ ਹੋ ਕੇ ਵਾਪਸ ਆ ਗਏ ਹਨ। ਆਲ ਇੰਡੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ‘ਚ ਕੋਈ ਵੀ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਸਿੱਧੂ ਨੂੰ ਖਾਲੀ ਹੱਥ ਵਾਪਸ ਭੇਜ ਦਿੱਤਾ ਹੈ ਹਾਲਾਂਕਿ ਰਾਹੁਲ ਗਾਂਧੀ ਨੇ ਇਸ ਤਰ੍ਹਾਂ ਦੇ ਮਾਮਲੇ ‘ਚ ਤਕਰਾਰ ਕਰਨ ਦੀ ਬਜਾਇ ਆਪਣੀ ਸਹਿਮਤੀ ਨਾਲ ਨਿਪਟਾਉਣ ਦੀ ਸਲਾਹ ਵੀ ਸਿੱਧੂ ਨੂੰ ਦਿੱਤੀ ਹੈ। ਨਵਜੋਤ ਸਿੱਧੂ ਨੇ ਵੀ ਰਾਹੁਲ ਗਾਂਧੀ ਨੂੰ ਅੱਗੇ ਤੋਂ ਇਸ ਤਰ੍ਹਾਂ ਦੀ ਤਕਰਾਰ ਨਾ ਕਰਨ ਦਾ ਵਾਅਦਾ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਪਿਛਲੇ ਇੱਕ ਦਹਾਕੇ ਤੋਂ ਅੰਮ੍ਰਿਤਸਰ ਵਿਖੇ ਨਵਜੋਤ ਸਿੱਧੂ ਆਪਣਾ ਵੱਖਰਾ ਹੀ ਸ਼ੁਰੂ ਤੋਂ ਗੁੱਟ ਚਲਾਉਂਦੇ ਆ ਰਹੇ ਹਨ ਤੇ ਕਾਂਗਰਸ ‘ਚ ਸ਼ਾਮਲ ਹੋਣ ਸਮੇਂ ਸਿੱਧੂ ਨਾਲ ਅੰਮ੍ਰਿਤਸਰ ਦੇ ਕਈ ਲੀਡਰਾਂ ਨੇ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ‘ਚ ਸ਼ਮੂਲੀਅਤ ਕੀਤੀ ਸੀ। ਸੂਤਰ ਇਹ ਵੀ ਕਹਿੰਦੇ ਹਨ ਕਿ ਸਿੱਧੂ ਨੇ ਆਪਣੇ ਖ਼ਾਸਮ ਖਾਸ ਦਮਨਦੀਪ ਨੂੰ ਅੰਮ੍ਰਿਤਸਰ ਦਾ ਮੇਅਰ ਬਣਾਉਣ ਦਾ ਵਾਅਦਾ ਤੱਕ ਕਰ ਚੁੱਕੇ ਸਨ। ਪਿਛਲੇ ਸਾਲ ਹੋਈ ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਦਮਨਦੀਪ ਨੇ ਮੇਅਰ ਬਣਨ ਦੀ ਤਿਆਰੀ ਵੀ ਕਰ ਲਈ।
ਇਹ ਵੀ ਪੜ੍ਹੋ : ਜੰਗ ਦੀ ਤਬਾਹੀ
ਪਰ ਨਵਜੋਤ ਸਿੱਧੂ ਦੀ ਇਸ ਮਾਮਲੇ ‘ਚ ਤੇ ਮੇਅਰ ਦਾ ਅਹੁਦਾ ਕੱਟੜ ਕਾਂਗਰਸੀਆਂ ਦੇ ਹੱਥ ਲੱਗ ਗਿਆ, ਜਿਸ ਨੂੰ ਲੈ ਕੇ ਨਵਜੋਤ ਸਿੱਧੂ ਕਾਫ਼ੀ ਜਿਆਦਾ ਨਰਾਜ਼ ਹੋ ਗਏ ਤੇ ਉਨ੍ਹਾਂ ਨੇ ਆਪਣੀ ਨਰਾਜ਼ਗੀ ਮੇਅਰ ਦੀ ਚੋਣ ਤੋਂ ਲੈ ਕੈ ਕੈਬਨਿਟ ਮੀਟਿੰਗ ਤੱਕ ਜ਼ਾਹਿਰ ਕਰਦੇ ਹੋਏ ਸਾਫ਼ ਸੰਕੇਤ ਦੇ ਦਿੱਤੇ ਸਨ ਕਿ ਉਹ ਇਸ ਮਾਮਲੇ ‘ਚ ਮੰਨਣ ਵਾਲੇ ਨਹੀਂ ਹਨ। ਇਸੇ ਨੂੰ ਨਰਾਜ਼ਗੀ ਨੂੰ ਲੈ ਕੇ ਹੀ ਨਵਜੋਤ ਸਿੱਧੂ ਰਾਹੁਲ ਗਾਂਧੀ ਨੂੰ ਮਿਲਣ ਲਈ ਦਿੱਲੀ ਗਏ ਹੋਏ ਸਨ, ਜਿੱਥੇ ਕਿ ਉਹ ਅਮਰਿੰਦਰ ਸਿੰਘ ਦੀ ਸ਼ਿਕਾਇਤ ਕਰਦੇ, ਉਸ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਨੇ ਇਸ ਮਾਮਲੇ ‘ਚ ਝਾੜ ਪਾ ਦਿੱਤੀ।
ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨੂੰ ਕਿਹਾ ਕਿ ਇਸ ਮਾਮਲੇ ‘ਚ ਉਹ ਖ਼ੁਦ ਉਨ੍ਹਾਂ ਤੋਂ ਨਰਾਜ਼ ਹਨ, ਕਿਉਂਕਿ ਪਾਰਟੀ ਪੱਧਰ ‘ਤੇ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਤੋਂ ਬਾਹਰ ਹੈ, ਉਹ ਵੀ ਮੌਜ਼ੂਦਾ ਮੁੱਖ ਮੰਤਰੀ ਖ਼ਿਲਾਫ਼ ਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਹਾਲਾਂਕਿ ਇੱਥੇ ਰਾਹੁਲ ਗਾਂਧੀ ਨੇ ਸਿੱਧੂ ਨੂੰ ਸਮਝਾਉਣ ਦੇ ਨਾਲ ਹੀ ਸਲਾਹ ਵੀ ਦਿੱਤੀ ਕਿ ਉਹ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੀ ਨਰਾਜ਼ਗੀ ਕਰਨ ਜਾਂ ਫਿਰ ਵਿਰੋਧ ਕਰਨ ਦੀ ਬਜਾਇ ਪਹਿਲਾਂ ਮੁੱਖ ਮੰਤਰੀ ਤੇ ਬਾਅਦ ‘ਚ ਪਾਰਟੀ ਪਲੇਟਫਾਰਮ ‘ਤੇ ਸੂਬਾ ਪ੍ਰਧਾਨ ਜਾਂ ਫਿਰ ਸਿੱਧਾ ਉਨ੍ਹਾਂ ਨਾਲ ਗੱਲ ਰੱਖਣ ਨਾ ਕਿ ਇਸ ਤਰ੍ਹਾਂ ਮੀਡੀਆ ਪਲੇਟਫਾਰਮ ਤੇ ਜਨਤਕ ਤੌਰ ‘ਤੇ ਨਰਾਜ਼ਗੀ ਜ਼ਾਹਿਰ ਕਰਨ।