ਕਿਹਾ ਥਰਮਲ ਦੇ ਕਿਸੇ ਮੁਲਾਜ਼ਮ ਦੀ ਨੌਕਰੀ ਨਹੀਂ ਜਾਵੇਗੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ (Bathinda Thermal Plant) ਥਰਮਲ ਪਲਾਂਟ, ਬਠਿੰਡਾ ਨੂੰ ਬੰਦ ਕਰਨ ਬਾਰੇ ਸਰਕਾਰ ਵੱਲੋਂ ਲਏ ਫੈਸਲੇ ਤੋਂ ਪਿੱਛੇ ਹਟਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ ਕਿਉਂ ਜੋ ਇਹ ਪਲਾਂਟ ਬਿਜਲੀ ਉਤਪਾਦਨ ਲਈ ਹੁਣ ਨਿਭਣਯੋਗ ਨਹੀਂ ਹੈ। ਅੱਜ ਇੱਥੋਂ ਜਾਰੀ ਇੱਕ ਬਿਆਨ ਵਿਚ ਮੁੱਖ ਮੰਤਰੀ ਨੇ ਬਠਿੰਡਾ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰਨ ਦਾ ਕਾਰਨ ਬਣੀ ਹਾਲਤਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸੂਬੇ ਵਿਚ ਬਿਜਲੀ ਦੀ ਮੰਗ ਘਟਣ ਅਤੇ ਹੋਰਨਾਂ ਬਦਲਵੇਂ ਵਸੀਲਿਆਂ ਤੋਂ ਸਸਤੀ ਬਿਜਲੀ ਦੀ ਮੌਜੂਦਗੀ ਹੋਣ ਜਿਹੇ ਅਹਿਮ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ।
ਮੁੱਖ ਮੰਤਰੀ ਨੇ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਆਖਿਆ ਕਿ ਥਰਮਲ ਪਲਾਂਟ ਬੰਦ ਹੋਣ ਨਾਲ ਕਿਸੇ ਵੀ ਮੁਲਾਜ਼ਮ ਦੇ ਰੁਜ਼ਗਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਸਾਰੇ ਕਾਮਿਆਂ ਦੀਆਂ ਸੇਵਾਵਾਂ ਉਸੇ ਇਲਾਕੇ ਵਿਚ ਹੀ ਲਈਆਂ ਜਾਣਗੀਆਂ। ਮੁੱਖ ਮੰਤਰੀ ਨੇ ਆਖਿਆ ਕਿ ਬੰਦ ਕੀਤੇ ਥਰਮਲ ਪਲਾਂਟ ਦੇ ਕਾਰਜ ਪੂਰੀ ਤਰਾਂ ਠੱਪ ਹੋ ਜਾਣ ਤੋਂ ਬਾਅਦ ਬਠਿੰਡਾ ਪਲਾਂਟ ਦੀ ਵਾਧੂ ਮਾਨਵੀ ਸ਼ਕਤੀ ਦੀਆਂ ਸੇਵਾਵਾਂ ਉਹਨਾਂ ਕੰਮਾਂ ਲਈ ਲਈਆਂ ਜਾਣਗੀਆਂ, ਜਿੱਥੇ ਸਟਾਫ ਦੀ ਥੁੜ ਹੋਵੇਗੀ।
ਉਹਨਾਂ ਕਿਹਾ ਕਿ ਇਸ ਨਾਲ ਉਤਪਾਦਨ ਵਧੇਗਾ ਕਿਉਂਕਿ ਇਸ ਨਾਲ ਬਿਜਲੀ ਪੈਦਾ ਕਰਨ ਲਈ ਪੈਂਦੀ ਵੱਧ ਕੀਮਤ ਨੂੰ ਠੱਲ ਪਵੇਗੀ ਜਿਸ ਨਾਲ ਪੰਜਾਬ ਰਾਜ ਬਿਜਲੀ ਨਿਗਮ ਦੀ ਬੱਚਤ ਹੋਵੇਗੀ। ਬਠਿੰਡਾ ਥਰਮਲ ਪਲਾਂਟ ਵਿੱਚ ਪੈਦਾ ਹੁੰਦੀ ਬਿਜਲੀ ਦੀ ਕੀਮਤ ਪਾਵਰਕਾਮ ਵਿਚ ਬਿਜਲੀ ਦੀ ਸਮੁੱਚੀ ਕੀਮਤ ਦੇ ਮੁਕਾਬਲੇ ਜ਼ਿਆਦਾ ਪੈ ਰਹੀ ਹੈ ਜਿਸ ਕਰਕੇ ਇਸ ਥਰਮਲ ਪਲਾਂਟ ਤੋਂ ਬਿਜਲੀ ਦਾ ਉਤਪਾਦਨ ਕਰਨਾ ਲਾਹੇਵੰਦ ਨਹੀਂ ਹੈ।