ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਹੀ ਸੰਗਠਨ ਨੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ ਕਤਲ ਕੀਤਾ ਸੀ। ਇਸ ਅੱਤਵਾਦੀ ਸੰਗਠਨ ਦਾ ਦਾਅਵਾ ਹੈ ਕਿ ਭੁੱਟੋ ਨੇ ਅਮਰੀਕਾ ਨਾਲ ਮਿਲ ਕੇ ‘ਮੁਜ਼ਾਹਿਦੀਨ-ਏ-ਇਸਲਾਮ’ ਦੇ ਖਿਲਾਫ਼ ਐਕਸ਼ਨ ਲੈਣੀ ਦੀ ਤਿਆਰੀ ਕੀਤੀ ਸੀ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਮੁਖੀ ਦੀ ਲਿਖੀ ਗਈ ਇੱਕ ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭੁੱਟੋ ਨੇ ਸੱਤਾ ਵਿੱਚ ਆਉਣ ‘ਤੇ ਅਮਰੀਕਾ ਨਾਲ ਮਿਲ ਕੇ ‘ਮੁਜ਼ਾਹਿਦੀਨ-ਏ-ਇਸਲਾਮ’ ਦੇ ਖਿਲਾਫ਼ ਕੰਮ ਕਰਨ ਦੀ ਯੋਜਨਾ ਬਣਾਈ ਸੀ।
ਮੀਡੀਆ ਦੀ ਰਿਪੋਰਟ ਮੁਤਾਬਕ ਬੇਨਜ਼ੀਰ ਭੁੱਟੋ ਦੇ ਕਤਲ ਦੀ ਜ਼ਿੰਮੇਵਾਰੀ ਅੱਜ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਨਹੀਂ ਲਈ ਸੀ। ਪਹਿਲੀ ਵਾਰ ਪਾਕਿਸਤਾਨੀ ਤਾਲਿਬਾਨ ਦੇ ਮੁਖੀ ਦੀ ਉਰਦੂ ਵਿੱਚ ਲਿਖੀ ਕਿਤਾਬ ‘ਇਨਕਲਾਬ ਮਹਿਸੂਸ ਦੱਖਣੀ ਵਜ਼ੀਰਿਸਤਾਨ: ਬ੍ਰਿਟਿਸ਼ ਰਾਜ ਤੋਂ ਅਮਰੀਕੀ ਸਮਾਰਾਜਵਾਦ ਤੱਕ’ ਵਿੱਚ ਇਯ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਚਾਹੁੰਦਾ ਸੀ ਕਿ ਭੁੱਟੋ ਦੀ ਸੱਤਾ ਵਿੱਚ ਵਾਪਸੀ ਹੋਵੇ। ਇਸ ਤੋਂ ਇਲਾਵਾ ਅਮਰੀਕਾ ਨੇ ਭੁੱਟੋ ਨੂੰ ਮੁਜ਼ਾਹਿਦੀਨ-ਏ-ਇਸਲਾਮ ਦੇ ਖਿਲਾਫ਼ ਐਕਸ਼ਨ ਪਲਾਨ ਵੀ ਦਿੱਤਾ ਸੀ।