ਜ਼ਖਮੀਆਂ ਨੂੰ ਏਮਜ਼ ਬਠਿੰਡਾ ਅਤੇ ਡੱਬਵਾਲੀ ਵਿਖੇ ਭਰਤੀ ਕਰਵਾਇਆ
Road Accident: (ਸੁਖਤੇਜ ਧਾਲੀਵਾਲ) ਸੰਗਤ ਮੰਡੀ। ਬੀਤੀ ਦੇਰ ਰਾਤ ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਮਛਾਣਾ ਦੇ ਨਜ਼ਦੀਕ ਇੱਕ ਕਾਲੇ ਰੰਗ ਦੀ ਕਰੇਟਾ ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ ਤੇ ਤਿੰਨ ਔਰਤਾਂ ਸਮੇਤ ਛੇ ਹੋਰ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਸੰਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜੇ ਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਵਾਸਤੇ ਏਮਜ਼ ਹਸਪਤਾਲ ਬਠਿੰਡਾ ਅਤੇ ਮੰਡੀ ਡੱਬਵਾਲੀ ਵਿਖੇ ਭਰਤੀ ਕਰਵਾ ਦਿੱਤਾ ਗਿਆ।
ਘਟਨਾ ਸਥਾਨ ’ਤੇ ਪੁੱਜੇ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਪਿੰਡ ਮਛਾਣਾ ਨੇੜੇ ਇੱਕ ਕਾਲੇ ਰੰਗ ਦੀ ਕਰੇਟਾ ਕਾਰ ਬਠਿੰਡਾ ਤੋਂ ਡੱਬਵਾਲੀ ਸਾਈਡ ਵੱਲ ਜਾ ਰਹੀ ਸੀ ਜਿਸ ਵਿੱਚ ਚਾਲਕ ਸਮੇਤ 3 ਔਰਤਾਂ ਤੇ 2 ਵਿਅਕਤੀ ਸਵਾਰ ਸਨ ਜਦੋਂ ਉਹ ਪਿੰਡ ਮਛਾਣਾ ਨੇੜੇ ਪੁੱਜੇ ਤਾਂ ਸਾਹਮਣਿਓਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਮੋਟਰਸਾਈਕਲ ਉਪਰ ਸਵਾਰ 3 ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਏਮਜ਼ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ: Punjab News: ਮਲੇਰਕੋਟਲਾ ’ਚ 15 ਸਾਲਾਂ ਤੋਂ ਰਹਿ ਰਹੇ ਦੋ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਵਿਚੋਂ 2 ਨੌਜ਼ਵਾਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ। ਜਿਨ੍ਹਾਂ ਦੀ ਸ਼ਨਾਖਤ ਪ੍ਰੇਮ ਸਿੰਘ (23) ਪੁੱਤਰ ਪ੍ਰਕਾਸ਼ ਸਿੰਘ, ਸ਼ਰਨਪ੍ਰੀਤ ਸਿੰਘ (22) ਪੁੱਤਰ ਜਸਵੀਰ ਸਿੰਘ ਵਾਸੀ ਮੱਲਵਾਲਾ ਅਤੇ ਤੀਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਨੌਜਵਾਨ ਵਿੱਕੀ ਸਿੰਘ ( 25) ਪੁੱਤਰ ਮੇਜ਼ਰ ਸਿੰਘ ਪਿੰਡ ਗੁਰੂਸਰ ਸੈਣੇਵਾਲਾ ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਦੇ ਵਾਰਸਾਂ ਨੂੰ ਇਤਲਾਹ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। Road Accident














