ਜੇਈ ਦੀ ਕੁੱਟਮਾਰ, ਮਾਮਲਾ ਦਰਜ
ਨਥਾਣਾ (ਗੁਰਜੀਵਨ ਸਿੱਧੂ)। ਪਿੰਡ ਪੂਹਲੀ ਵਿੱਚ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਬਿੱਲ ਨਾ ਭਰਨ ਵਾਲੇ ਇੱਕ ਖਪਤਕਾਰ ਦਾ ਮੀਟਰ ਲਾਹੁਣ ਗਈ ਬਿਜਲੀ ਬੋਰਡ ਦੀ ਇੱਕ ਟੀਮ ਉੱਪਰ ਬਾਜੀਗਰ ਬਸਤੀ ਦੇ ਲੋਕਾਂ ਨੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ ਰੁਬਿੰਦਰਪਾਲ ਸਿੰਘ ਜੇਈ ਜਖਮੀ ਹੋ ਗਿਆ। ਉਸ ਨੇ ਆਪਣਾ ਮੋਬਾਇਲ ਫੋਨ ਖੋਹੇ ਜਾਣ ਦੀ ਸ਼ਿਕਾਇਤ ਵੀ ਪੁਲਸ ਨੂੰ ਦਿੱਤੀ ਹੈ।
ਐਕਸੀਅਨ ਕੰਵਲਜੀਤ ਅਰੋੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜੇਈ ਰੁਬਿੰਦਰਪਾਲ ਦੀ ਅਗਵਾਈ ਹੇਠ ਇੱਕ ਟੀਮ ਪਿੰਡ ਪੂਹਲੀ ਦੀ ਬਾਜੀਗਰ ਬਸਤੀ ਵਿੱਚ ਜੱਗੀ ਰਾਮ ਪੁੱਤਰ ਗੁਰਨਾਮ ਸਿੰਘ ਨਾਂਅ ਦੇ ਖਪਤਕਾਰ ਦਾ ਬਿੱਲ ਨਾ ਭਰਨ ਕਰਕੇ ਕੁਨੈਕਸ਼ਨ ਕੱਟ ਕੇ ਮੀਟਰ ਉਤਾਰਨ ਗਈ ਸੀ,ਜਿਸ ਉਪਰੰਤ ਜੱਗੀ ਰਾਮ, ਉਸਦੀ ਪਤਨੀ ਅਤੇ ਬਸਤੀ ਦੇ ਹੋਰ ਲੋਕਾਂ ਨੇ ਟੀਮ ਉੱਪਰ ਇੱਟਾਂ ਵੱਟਿਆਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਜੇਈ ਰੁਬਿੰਦਰਪਾਲ ਜਖਮੀ ਹੋ ਗਿਆ। ਇੱਕਠੇ ਹੋਏ ਹਜੂਮ ਨੇ ਮੁਲਾਜ਼ਮਾਂ ਦੀ ਕੁੱਟਮਾਰ ਕਰਦਿਆਂ ਉਤਾਰਿਆ ਗਿਆ ਮੀਟਰ ਅਤੇ ਜੇਈ ਦਾ ਮੋਬਾਇਲ ਵੀ ਖੋਹ ਲਿਆ।
ਟੀਮ ਨੂੰ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਪੁਲਸ ਨੇ ਜੱਗੀ ਰਾਮ,ਉਸਦੀ ਪਤਨੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ। ਦੂਸਰੇ ਪਾਸੇ ਜੱਗੀ ਰਾਮ ਦੀ ਪਤਨੀ ਵੀ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ,ਜਿਸ ਦਾ ਦੋਸ਼ ਹੈ ਕਿ ਬਿਜਲੀ ਕਰਮਚਾਰੀਆਂ ਨੇ ਉਸਦੀ ਖਿੱਚ ਧੁਹ ਕਰਦਿਆਂ ਉਸਦੀ ਕੁੱਟਮਾਰ ਕੀਤੀ ਹੈ।