LPG Supply Punjab: ਮੰਤਰੀ ਕਟਾਰੂਚੱਕ ਨੇ ਗੈਸ ਏਜੰਸੀ ’ਤੇ ਮਾਰਿਆ ਛਾਪਾ

LPG Supply Punjab
ਦੀਨਾਨਗਰ : ਤੰਗੋਸ਼ਾਹ ਵਿਖੇ ਗੈਸ ਏਜੰਸੀ ’ਚ ਛਾਪੇਮਾਰੀ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ। ਤਸਵੀਰ : ਸਰਬਜੀਤ ਸਾਗਰ।

ਲੋਕਾਂ ਦੀ ਖੱਜਲ-ਖੁਆਰੀ ਨੂੰ ਦੇਖਦਿਆਂ ਏਜੰਸੀ ਮਾਲਕਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਦਿੱਤੇ ਆਦੇਸ਼

LPG Supply Punjab: (ਸਰਬਜੀਤ ਸਾਗਰ) ਗੁਰਦਾਸਪੁਰ। ਰਸੋਈ ਗੈਸ ਦੀ ਕਿੱਲਤ ਦਰਮਿਆਨ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸਵੇਰੇ ਪਿੰਡ ਤੰਗੋਸ਼ਾਹ ’ਚ ਸਥਿਤ ‘ਦੀਨਾਨਗਰ ਗੈਸ ਸਰਵਿਸ ਏਜੰਸੀ’ ’ਤੇ ਛਾਪਾ ਮਾਰਿਆ ਅਤੇ ਲੋਕਾਂ ਨੂੰ ਖੱਜਲ-ਖੁਆਰ ਕਰ ਰਹੇ ਏਜੰਸੀ ਮਾਲਕਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ ਜਾਰੀ ਕੀਤੇ।

ਸਵੇਰੇ 8:30 ਵਜੇ ਦੇ ਕਰੀਬ ਜਦੋਂ ਮੰਤਰੀ ਕਟਾਰੂਚੱਕ ਐਚ.ਪੀ. ਗੈਸ ਏਜੈਂਸੀ ਦੇ ਮੁੱਖ ਗੋਦਾਮ ਵਿੱਚ ਪਹੁੰਚੇ ਤਾਂ ਸੈਕੜਿਆਂ ਦੀ ਗਿਣਤੀ ਵਿੱਚ ਲਾਈਨਾਂ ’ਚ ਖੜੀਆਂ ਔਰਤਾਂ, ਲੜਕੀਆਂ ਅਤੇ ਬਜ਼ੁਰਗਾਂ ਨੂੰ ਦੇਖ ਉਹ ਪਰੇਸ਼ਾਨ ਹੋ ਗਏ ਅਤੇ ਉਨਾਂ ਤੁਰੰਤ ਜ਼ਿਲਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਫ਼ੋਨ ਕਰਕੇ ਸਬੰਧਿਤ ਏਜੰਸੀ ਮਾਲਕਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦੇ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਖੱਜਲ-ਖੁਆਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Mawan Dhiyan Satkar Yojana: ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਲੈਣ ਲਈ ਰਜਿਸਟਰੇਸ਼ਨ 13 ਅਪਰੈਲ ਤੋਂ…

ਇਸ ਤੋਂ ਪਹਿਲਾਂ ਉਨਾਂ ਖ਼ੁਦ ਸਟੋਰ ਕੀਪਰ ਤੋਂ ਗੋਦਾਮ ਦੀ ਚਾਬੀ ਲੈ ਕੇ ਗੋਦਾਮ ਖੁੱਲਵਾਇਆ ਅਤੇ ਅੰਦਰ ਪਏ ਗੈਸ ਸਿਲੰਡਰਾਂ ਦੀ ਜਾਂਚ ਕਰਦਿਆਂ ਏਜੰਸੀ ਮਾਲਕਾਂ ਨੂੰ ਸੁਆਲ ਕੀਤਾ ਕਿ ਇਹ ਸਿਲੰਡਰ ਲੋਕਾਂ ਵਿੱਚ ਕਿਉਂ ਨਹੀਂ ਵੰਡੇ ਜਾ ਰਹੇ। ਮੰਤਰੀ ਨੇ ਏਜੰਸੀ ਮਾਲਕਾਂ ਅਤੇ ਉਨਾਂ ਦੇ ਕਰਿੰਦਿਆਂ ਨੂੰ ਲੋਕਾਂ ਦੀ ਖੱਜਲ-ਖੁਆਰੀ ਲਈ ਰੱਜਵੀਂ ਝਾੜ ਪਾਈ ਅਤੇ ਕਿਹਾ ਕਿ ਅਜਿਹੀ ਲਾਪਰਵਾਹੀ ਬਰਦਾਸ਼ਤ ਤੋਂ ਬਾਹਰ ਹੈ।

ਉਨ੍ਹਾਂ ਕਿਹਾ ਕਿ ਏਜੰਸੀ ਦੀ ਓਨਰਸ਼ਿਪ ਭਾਵੇਂ ਦੀਨਾਨਗਰ ਹਲਕੇ ਦੀ ਹੈ ਪਰ ਕੰਮ ਉਹ ਹਲਕਾ ਭੋਆ ਦੇ ਪਿੰਡ ਤੰਗੋਸ਼ਾਹ ਵਿੱਚ ਕਰ ਰਹੇ ਹਨ ਅਤੇ ਅੱਜ ਲਾਈਨਾਂ ਵਿੱਚ ਖੜੇ 99 ਫ਼ੀਸਦੀ ਲੋਕ ਉਨਾਂ ਦੇ ਹਲਕੇ ਨਾਲ ਸਬੰਧਿਤ ਹਨ, ਜਿਨਾਂ ਦੀ ਪਰੇਸ਼ਾਨੀ ਉਨਾਂ ਨੂੰ ਮਨਜ਼ੂਰ ਨਹੀਂ। ਹਾਲਾਂਕਿ ਇਸ ਦੌਰਾਨ ਏਜੰਸੀ ਪ੍ਰਬੰਧਕ ਹੋਮ ਡਿਲੀਵਰੀ ਦੀ ਸਹੂਲਤ ਚਾਲੂ ਕਰਨ ਸਮੇਤ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਖੱਜਲ-ਖੁਆਰੀ ਨੂੰ ਲੈ ਕੇ ਉਹ ਕੋਈ ਸਮਝੌਤਾ ਨਹੀਂ ਕਰ ਸਕਦੇ।

ਉਨ੍ਹਾਂ ਮੌਕੇ ’ਤੇ ਹੀ ਔਰਤਾਂ ਤੇ ਲੜਕੀਆਂ ਨੂੰ ਪਹਿਲ ਦੇ ਆਧਾਰ ’ਤੇ ਗੈਸ ਸਿਲੰਡਰ ਦਿੱਤੇ ਜਾਣ ਬਾਰੇ ਏਜੰਸੀ ਮਾਲਕਾਂ ਨੂੰ ਕਿਹਾ। ਇਸ ਦੌਰਾਨ ਮੰਤਰੀ ਕਟਾਰੂਚੱਕ ਲਾਈਨਾਂ ਵਿੱਚ ਖੜੇ ਲੋਕਾਂ ਕੋਲ ਵੀ ਗਏ ਅਤੇ ਉਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਿਆਂ। ਉਨਾਂ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਸਭ ਕੁਝ ਠੀਕ ਕਰ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਹੋਰ ਏਜੰਸੀ ਇੰਝ ਲੋਕਾਂ ਨੂੰ ਖੱਜਲ-ਖੁਆਰ ਕਰਦੀ ਪਾਈ ਗਈ ਤਾਂ ਉਸਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਰਸੋਈ ਗੈਸ ਦੀ ਕਿੱਲਤ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਅਤੇ ਬੁਕਿੰਗ ਕਰਵਾਉਣ ਦੇ ਬਾਵਜੂਦ ਲੋਕਾਂ ਨੂੰ ਕਈ-ਕਈ ਦਿਨਾਂ ਤੱਕ ਗੈਸ ਸਿਲੰਡਰ ਨਹੀਂ ਮਿਲ ਰਿਹਾ। LPG Supply Punjab