Pakistan Weather News: ਪਾਕਿਸਤਾਨ ’ਚ ਮੀਂਹ ਤੇ ਤੂਫਾਨ ਨਾਲ ਤਬਾਹੀ, ਕਰਾਚੀ ’ਚ 19 ਮੌਤਾਂ, ਮੌਸਮ ਵਿਭਾਗ ਦਾ ਅਲਰਟ

Pakistan Weather News
Pakistan Weather News: ਪਾਕਿਸਤਾਨ ’ਚ ਮੀਂਹ ਤੇ ਤੂਫਾਨ ਨਾਲ ਤਬਾਹੀ, ਕਰਾਚੀ ’ਚ 19 ਮੌਤਾਂ, ਮੌਸਮ ਵਿਭਾਗ ਦਾ ਅਲਰਟ

ਕਰਾਚੀ (ਏਜੰਸੀ)। ਪਾਕਿਸਤਾਨ ਦੇ ਕਰਾਚੀ ’ਚ ਭਾਰੀ ਮੀਂਹ ਤੇ ਤੂਫ਼ਾਨ ਨਾਲ ਸਬੰਧਤ ਘਟਨਾਵਾਂ ’ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। ਬੁੱਧਵਾਰ ਰਾਤ ਨੂੰ ਤੇਜ਼ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਮਕਾਨਾਂ ਦੀਆਂ ਛੱਤਾਂ ਤੇ ਕੰਧਾਂ ਡਿੱਗ ਗਈਆਂ, ਦਰੱਖਤ ਤੇ ਸਾਈਨ ਬੋਰਡ ਡਿੱਗ ਗਏ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਵੀਰਵਾਰ ਨੂੰ ਹੋਰ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਕੋਰੰਗੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਸੰਘਰ ਮਲਿਕ ਨੇ ਦੱਸਿਆ ਕਿ ਟੈਲੀਫੋਨ ਸੈਂਟਰ ਦੀ ਛੱਤ ਤੇ ਕੰਧ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ।

ਇਹ ਖਬਰ ਵੀ ਪੜ੍ਹੋ : ICC T20 Rankings: ਬੁਮਰਾਹ ਦਾ ਟੈਸਟ ਤੋਂ ਬਾਅਦ ਟੀ20 ’ਚ ਵੀ ਦਬਦਬਾ, ਅਭਿਸ਼ੇਕ ਸਿਖਰ ’ਤੇ

ਇਹ ਲੋਕ ਉੱਥੇ ਚਾਹ ਪੀ ਰਹੇ ਸਨ। ਉਨ੍ਹਾਂ ਕਿਹਾ, ‘ਤੇਜ਼ ​​ਹਵਾਵਾਂ, ਤੂਫ਼ਾਨ ਤੇ ਮੀਂਹ ਕਾਰਨ ਸਈਅਦਾਬਾਦ ਇਲਾਕੇ ਦੇ ਮੋਚਕੋ ਗੋਠ ’ਚ ਇੱਕ ਇਮਾਰਤ ਢਹਿ ਗਈ।’ ਐਸਐਸਪੀ ਨੇ ਦੱਸਿਆ ਕਿ ਬਚਾਅ ਟੀਮਾਂ ਅਜੇ ਵੀ ਮਲਬੇ ਨੂੰ ਹਟਾ ਰਹੀਆਂ ਹਨ ਤੇ ਮਲਬੇ ਹੇਠਾਂ ਹੋਰ ਲੋਕ ਵੀ ਹੋ ਸਕਦੇ ਹਨ। ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਅਸਦ ਰਜ਼ਾ ਨੇ ਵੀਰਵਾਰ ਸਵੇਰੇ ਮੀਡੀਆ ਨੂੰ ਦੱਸਿਆ ਕਿ ਕੋਰੰਗੀ ’ਚ ਵਧੇਰੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ, ਜਿੱਥੇ ਇੱਕ ਘਰ ’ਚ ਰਹਿਣ ਵਾਲੇ ਇੱਕ ਜੋੜੇ ਦੀ ਉਨ੍ਹਾਂ ਦੇ ਘਰ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ, ਜਦੋਂ ਕਿ ਮਲੇਰ ’ਚ ਦੋ ਲੋਕ ਬਿਜਲੀ ਦੀ ਲਪੇਟ ਵਿੱਚ ਆ ਗਏ। Pakistan Weather News

ਉਨ੍ਹਾਂ ਕਿਹਾ ਕਿ ਲਾਂਧੀ ਖੇਤਰ ਦੀ ਮਜੀਦ ਕਲੋਨੀ ਤੋਂ ਵੀ ਹਲਾਕ ਹੋਣ ਦੀ ਸੂਚਨਾ ਮਿਲੀ ਹੈ, ਜਦੋਂ ਕਿ ਕਲਿਫਟਨ ਖੇਤਰ ਵਿੱਚ ਇੱਕ ਡਿੱਗੇ ਦਰੱਖਤ ਹੇਠੋਂ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕਰਾਚੀ ਦੇ ਮੇਅਰ ਮੁਰਤਜ਼ਾ ਵਹਾਬ ਨੇ ਵੀਰਵਾਰ ਨੂੰ ਲੋਕਾਂ ਨੂੰ ਘਰ ਰਹਿਣ ਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ। ‘ਜੀਓ’ ਟੀਵੀ ਦੀ ਖ਼ਬਰ ਮੁਤਾਬਕ ਭਾਰੀ ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ ਰਹੀ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਸਿੰਧ ਦੇ ਹੋਰ ਹਿੱਸਿਆਂ ’ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।