Exams And Confidence: ਫਰਵਰੀ ਅਤੇ ਮਾਰਚ ਦਾ ਸਮਾਂ ਆਉਂਦੇ ਹੀ ਦੇਸ਼ ਦੇ ਲੱਖਾਂ ਘਰਾਂ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਬਣਨ ਲੱਗਦਾ ਹੈ। ਸਕੂਲਾਂ ਦੀਆਂ ਬੋਰਡ ਪ੍ਰੀਖਿਆਵਾਂ ਨੇੜੇ ਆਉਂਦਿਆਂ ਹੀ ਬੱਚਿਆਂ ਦੇ ਨਾਲ-ਨਾਲ ਮਾਤਾ-ਪਿਤਾ ਦੀ ਚਿੰਤਾ ਵੀ ਵਧ ਜਾਂਦੀ ਹੈ। ਘਰਾਂ ਵਿੱਚ ਪੜ੍ਹਾਈ ਦੀ ਗੱਲਬਾਤ, ਸਮਾਂ-ਸਾਰਣੀ, ਨਤੀਜੇ ਦੀ ਕਲਪਨਾ ਅਤੇ ਭਵਿੱਖ ਦੀਆਂ ਯੋਜਨਾਵਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ। ਹੌਲੀ-ਹੌਲੀ ਸਥਿਤੀ ਇਹ ਬਣ ਜਾਂਦੀ ਹੈ ਕਿ ਪ੍ਰੀਖਿਆ ਸਿਰਫ਼ ਵਿਦਿਆਰਥੀਆਂ ਦੀ ਨਹੀਂ, ਸਗੋਂ ਪੂਰੇ ਪਰਿਵਾਰ ਦੀ ਪ੍ਰੀਖਿਆ ਬਣ ਜਾਂਦੀ ਹੈ। ਸਾਡੇ ਸਮਾਜ ਵਿੱਚ ਪ੍ਰੀਖਿਆ ਨੂੰ ਅਕਸਰ ਗਿਆਨ ਦੀ ਪਰਖ ਤੋਂ ਵੱਧ ਜੀਵਨ ਦੀ ਸਫਲਤਾ ਦਾ ਪੈਮਾਨਾ ਮੰਨ ਲਿਆ ਜਾਂਦਾ ਹੈ।
ਇਹ ਖਬਰ ਵੀ ਪੜ੍ਹੋ : CM Punjab: ਘਰ ਚਲਾਉਣ ਵਾਲੀਆਂ ਔਰਤਾਂ ਨੂੰ ਹੁਣ ਦੇਸ਼ ਚਲਾਉਣਾ ਚਾਹੀਦੈ: ਮੁੱਖ ਮੰਤਰੀ ਮਾਨ
ਚੰਗੇ ਅੰਕ ਆਉਣ ਦਾ ਮਤਲਬ ਉੱਜਵਲ ਭਵਿੱਖ ਅਤੇ ਘੱਟ ਅੰਕ ਆਉਣ ਦਾ ਮਤਲਬ ਅਸਫਲਤਾ ਸਮਝ ਲਿਆ ਜਾਂਦਾ ਹੈ। ਇਸੇ ਸੋਚ ਕਾਰਨ ਮਾਤਾ-ਪਿਤਾ ਅਣਜਾਣੇ ਵਿੱਚ ਬੱਚਿਆਂ ਤੋਂ ਵਧੇਰੇ ਉਮੀਦਾਂ ਕਰਨ ਲੱਗ ਪੈਂਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਭ ਤੋਂ ਅੱਗੇ ਰਹੇ, ਵਧੀਆ ਅੰਕ ਲਿਆਵੇ ਅਤੇ ਦੂਜਿਆਂ ਤੋਂ ਅੱਗੇ ਨਿੱਕਲ ਜਾਵੇ। ਇਹ ਭਾਵਨਾ ਕੁਦਰਤੀ ਹੈ, ਪਰ ਜਦੋਂ ਇਹ ਹੱਦ ਤੋਂ ਵਧ ਜਾਂਦੀ ਹੈ ਤਾਂ ਬੱਚਿਆਂ ਦੇ ਮਨ ਵਿੱਚ ਡਰ ਅਤੇ ਤਣਾਅ ਪੈਦਾ ਕਰ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਪ੍ਰੀਖਿਆ ਸਿੱਖਣ ਦਾ ਮੌਕਾ ਨਹੀਂ ਰਹਿ ਜਾਂਦੀ, ਸਗੋਂ ਡਰ ਅਤੇ ਦਬਾਅ ਦਾ ਕਾਰਨ ਬਣ ਜਾਂਦੀ ਹੈ। ਬੱਚਿਆਂ ਨੂੰ ਪੜ੍ਹਾਈ ਤੋਂ ਵੱਧ ਅਸਫ਼ਲ ਹੋਣ ਦਾ ਡਰ ਸਤਾਉਣ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਪਰਿਵਾਰ, ਸਕੂਲ ਅਤੇ ਸਮਾਜ ਮਿਲ ਕੇ ਅਜਿਹਾ ਮਾਹੌਲ ਬਣਾਉਣ ਜਿਸ ਵਿੱਚ ਪ੍ਰੀਖਿਆ ਇੱਕ ਸਿਹਤਮੰਦ ਅਤੇ ਸਕਾਰਾਤਮਕ ਪ੍ਰਕਿਰਿਆ ਬਣ ਸਕੇ। Exams And Confidence
ਉਮੀਦਾਂ ਦੀ ਹੱਦ ਸਮਝਣਾ ਜ਼ਰੂਰੀ
ਹਰ ਮਾਤਾ-ਪਿਤਾ ਆਪਣੇ ਬੱਚੇ ਨੂੰ ਸਫਲ ਵੇਖਣਾ ਚਾਹੁੰਦੇ ਹਨ, ਪਰ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਬੱਚਾ ਆਪਣੀ ਸਮਰੱਥਾ, ਰੁਚੀ ਤੇ ਗਤੀ ਅਨੁਸਾਰ ਸਿੱਖਦਾ ਹੈ। ਜਦੋਂ ਬੱਚਿਆਂ ਤੋਂ ਹਰ ਹਾਲ ਵਿੱਚ ਸਰਵਉੱਚ ਸਥਾਨ ਲੈਣ ਦੀ ਉਮੀਦ ਕੀਤੀ ਜਾਂਦੀ ਹੈ, ਤਾਂ ਇਹ ਉਨ੍ਹਾਂ ਦੇ ਮਨ ’ਤੇ ਬੋਝ ਬਣ ਜਾਂਦੀ ਹੈ। ਨਿਰੰਤਰ ਉਮੀਦਾਂ ਦਾ ਦਬਾਅ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਉਣ ਲੱਗਦਾ ਹੈ ਕਿ ਉਨ੍ਹਾਂ ਦੀ ਕੀਮਤ ਸਿਰਫ਼ ਅੰਕਾਂ ਨਾਲ ਤੈਅ ਹੋਵੇਗੀ। Exams And Confidence
ਤੁਲਨਾ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ:
ਅਕਸਰ ਘਰਾਂ ਵਿੱਚ ਇਹ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਗੁਆਂਢੀ ਜਾਂ ਰਿਸ਼ਤੇਦਾਰ ਦਾ ਬੱਚਾ ਵੱਧ ਅੰਕ ਲਿਆਉਂਦਾ ਹੈ ਜਾਂ ਵੱਧ ਸਮਾਂ ਪੜ੍ਹਾਈ ਕਰਦਾ ਹੈ। ਅਜਿਹੀ ਤੁਲਨਾ ਬੱਚਿਆਂ ਦੇ ਮਨ ਵਿੱਚ ਹੀਣ ਭਾਵਨਾ ਪੈਦਾ ਕਰ ਦਿੰਦੀ ਹੈ। ਉਹ ਆਪਣੇ ਯਤਨਾਂ ਨੂੰ ਘੱਟ ਸਮਝਣ ਲੱਗਦੇ ਹਨ ਤੇ ਹੌਲੀ-ਹੌਲੀ ਉਨ੍ਹਾਂ ਦਾ ਆਤਮ-ਵਿਸ਼ਵਾਸ ਕਮਜ਼ੋਰ ਹੋਣ ਲੱਗਦਾ ਹੈ। ਹੱਲਾਸ਼ੇਰੀ ਦੀ ਥਾਂ ਤੁਲਨਾ ਦਾ ਮਾਹੌਲ ਬੱਚੇ ਨੂੰ ਅੰਦਰੂਨੀ ਤੌਰ ’ਤੇ ਅਸਥਿਰ ਬਣਾ ਦਿੰਦਾ ਹੈ। Exams And Confidence
ਮਾਤਾ-ਪਿਤਾ ਦੀ ਚਿੰਤਾ ਵੀ ਬੱਚਿਆਂ ਤੱਕ ਪਹੁੰਚਦੀ ਹੈ:
ਕਈ ਵਾਰ ਮਾਤਾ-ਪਿਤਾ ਸਿੱਧਾ ਦਬਾਅ ਨਹੀਂ ਪਾਉਂਦੇ, ਪਰ ਉਨ੍ਹਾਂ ਦੀ ਚਿੰਤਾ, ਵਾਰ-ਵਾਰ ਦੀ ਸਲਾਹ, ਨਤੀਜੇ ਦੀ ਗੱਲਬਾਤ ਅਤੇ ਭਵਿੱਖ ਨੂੰ ਲੈ ਕੇ ਸੰਭਾਵਨਾ ਬੱਚਿਆਂ ਤੱਕ ਪਹੁੰਚ ਜਾਂਦੀ ਹੈ। ਬੱਚੇ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਤੇ ਘਰ ਦਾ ਮਾਹੌਲ ਤੁਰੰਤ ਸਮਝ ਲੈਂਦੇ ਹਨ। ਜਦੋਂ ਉਹ ਲਗਾਤਾਰ ਤਣਾਅਪੂਰਨ ਮਾਹੌਲ ਵੇਖਦੇ ਹਨ ਤਾਂ ਉਨ੍ਹਾਂ ਦੇ ਅੰਦਰ ਵੀ ਡਰ ਪੈਦਾ ਹੋਣ ਲੱਗਦਾ ਹੈ।
ਮਾਨਸਿਕ ਅਤੇ ਸਰੀਰਕ ਸਿਹਤ ’ਤੇ ਅਸਰ:
ਪ੍ਰੀਖਿਆ ਦਾ ਵਧੇਰੇ ਦਬਾਅ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਕਈ ਬੱਚਿਆਂ ਨੂੰ ਨੀਂਦ ਘੱਟ ਆਉਣ ਲੱਗਦੀ ਹੈ, ਸਿਰਦਰਦ, ਥਕਾਵਟ ਤੇ ਚਿੜਚਿੜਾਪਣ ਵਰਗੀਆਂ ਸਮੱਸਿਆਵਾਂ ਦਿਖਾਈ ਦੇਣ ਲੱਗਦੀਆਂ ਹਨ। ਲਗਾਤਾਰ ਤਣਾਅ ਵਿੱਚ ਰਹਿਣ ਨਾਲ ਪੜਿ੍ਹਆ ਹੋਇਆ ਵੀ ਯਾਦ ਨਹੀਂ ਰਹਿੰਦਾ ਅਤੇ ਪ੍ਰੀਖਿਆ ਦੇ ਸਮੇਂ ਘਬਰਾਹਟ ਵਧ ਜਾਂਦੀ ਹੈ। ਇਹ ਸਥਿਤੀ ਪੜ੍ਹਾਈ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਸੰਵਾਦ ਤੇ ਵਿਸ਼ਵਾਸ ਦਾ ਮਾਹੌਲ ਬਣਾਉਣਾ ਜ਼ਰੂਰੀ:
ਸਮੱਸਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਹੱਲ ਇਹ ਹੈ ਕਿ ਮਾਤਾ-ਪਿਤਾ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ। ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣਾ ਜ਼ਰੂਰੀ ਹੈ ਕਿ ਪ੍ਰੀਖਿਆ ਜੀਵਨ ਦਾ ਸਿਰਫ਼ ਇੱਕ ਪੜਾਅ ਹੈ, ਅੰਤਿਮ ਫੈਸਲਾ ਨਹੀਂ। ਜੇਕਰ ਬੱਚਾ ਅਸਫਲ ਵੀ ਹੋ ਜਾਵੇ ਤਾਂ ਵੀ ਪਰਿਵਾਰ ਦਾ ਸਮੱਰਥਨ ਉਸ ਦੇ ਨਾਲ ਰਹੇਗਾ। ਜਦੋਂ ਬੱਚਿਆਂ ਨੂੰ ਇਹ ਵਿਸ਼ਵਾਸ ਮਿਲਦਾ ਹੈ ਕਿ ਉਹ ਬਿਨਾਂ ਡਰ ਦੇ ਆਪਣੀ ਗੱਲ ਕਹਿ ਸਕਦੇ ਹਨ, ਤਾਂ ਉਨ੍ਹਾਂ ਦਾ ਮਨ ਹੌਲਾ ਹੁੰਦਾ ਹੈ ਅਤੇ ਆਤਮ-ਵਿਸ਼ਵਾਸ ਵਧਦਾ ਹੈ।
ਸੰਤੁਲਿਤ ਜੀਵਨ ਸ਼ੈਲੀ ਨਾਲ ਤਣਾਅ ਘੱਟ ਹੁੰਦਾ ਹੈ:
ਪ੍ਰੀਖਿਆ ਦੇ ਸਮੇਂ ਸਿਰਫ਼ ਪੜ੍ਹਾਈ ’ਤੇ ਧਿਆਨ ਦੇਣ ਦੀ ਬਜਾਏ ਸੰਤੁਲਿਤ ਦਿਨਚਰਿਆ ਬਣਾਉਣਾ ਵਧੇਰੇ ਲਾਭਦਾਇਕ ਹੁੰਦਾ ਹੈ। ਨਿਯਮਿਤ ਆਰਾਮ, ਹਲਕੀ ਕਸਰਤ, ਖੇਡਾਂ, ਧਿਆਨ ਅਤੇ ਸਕਾਰਾਤਮਕ ਸੋਚ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੇ ਹਨ। ਜਦੋਂ ਮਨ ਸ਼ਾਂਤ ਅਤੇ ਸੰਤੁਲਿਤ ਰਹਿੰਦਾ ਹੈ ਤਾਂ ਪੜ੍ਹਾਈ ਵੀ ਵਧੀਆ ਹੁੰਦੀ ਹੈ ਅਤੇ ਪ੍ਰੀਖਿਆ ਦਾ ਡਰ ਵੀ ਘੱਟ ਹੋ ਜਾਂਦਾ ਹੈ।














