Drug Seizure Punjab: ਕੋਟਕਪੂਰਾ (ਅਜੈ ਮਨਚੰਦਾ)। ਥਾਣਾ ਸਿਟੀ ਕੋਟਕਪੂਰਾ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 80 ਨਸ਼ੀਲੀਆਂ ਗੋਲੀਆਂ ਅਤੇ 11,000 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਕੋਟਕਪੂਰਾ ਦੇ ਜੀਵਨ ਨਗਰ ਵਾਸੀ ਪ੍ਰਵੀਣ ਕੁਮਾਰ ਅਤੇ ਮੁਕਤਸਰ ਦੇ ਰਹਿਣ ਵਾਲੇ ਕਰਣਦੀਪ ਸਿੰਘ ਉਰਫ਼ ਕਰਨੀ ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਥਾਣਾ ਸਿਟੀ ਕੋਟਕਪੂਰਾ ਵਿੱਚ ਐਨਡੀਪੀਐਸ ਐਕਟ ਅਤੇ ਬੀਐਨਐਸ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਐਸਐਸਪੀ ਡਾ. ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਅਤੇ ਐਸਐਚਓ ਇੰਸਪੈਕਟਰ ਚਮਕੌਰ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਭੂਪਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਮੋਗਾ ਰੋਡ ਸਥਿਤ ਨਵੀਂ ਅਨਾਜ ਮੰਡੀ ਕੋਲ ਪਹੁੰਚੀ ਤਾਂ ਸਾਹਮਣੇ ਆ ਰਹੇ ਦੋਵੇਂ ਦੋਸ਼ੀ ਪੁਲਿਸ ਨੂੰ ਵੇਖ ਘਬਰਾ ਗਏ ਅਤੇ ਆਪਣੀ ਜੇਬ ਵਿੱਚੋਂ ਗੋਲੀਆਂ ਦੇ ਪੱਤੇ ਕੱਢ ਕੇ ਸੁੱਟਦੇ ਹੋਏ ਭੱਜਣ ਲੱਗ ਪਏ।
ਇਹ ਵੀ ਪੜ੍ਹੋ: Happy Card: ਸਰਕਾਰ ਦਾ ਤੋਹਫ਼ਾ, 1000 ਕਿਲੋਮੀਟਰ ਤੱਕ ਮੁਫ਼ਤ ਸਫ਼ਰ ਕਰ ਸਕਣਗੇ ਇਹ ਲੋਕ
ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਵੱਲੋਂ ਸੁੱਟੀਆਂ 80 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਪ੍ਰਵੀਣ ਕੁਮਾਰ ਦੇ ਬੈਗ ਦੀ ਤਲਾਸ਼ੀ ਦੌਰਾਨ 1,100 ਪੱਤੇ (ਕੁੱਲ 11,000 ਕੈਪਸੂਲ) ਪਾਬੰਦੀਸ਼ੁਦਾ ਕੈਪਸੂਲ ਵੀ ਬਰਾਮਦ ਕੀਤੇ ਗਏ। ਇਸ ਸਬੰਧੀ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਰਣਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ 2 ਕੇਸ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਪੁੱਛਗਿੱਛ ਕਰਕੇ ਨਸ਼ਾ ਤਸਕਰੀ ਦੇ ਨੈੱਟਵਰਕ ਦੇ ਅੱਗੇ-ਪਿੱਛੇ ਦੇ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ। Drug Seizure Punjab














