
ਕਿਹਾ-ਆਉਣ ਵਾਲੇ 2 ਮਹੀਨਿਆਂ ’ਚ ਸੜਕਾਂ ਦਾ ਕੰਮ ਪੂਰਾ ਕਰਨ ਲਈ ਕਰਾਂਗੇ ਕੋਸ਼ਿਸ਼-ਵਿਧਾਇਕ ਰਾਏ
MLA Rai Meeting: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਪੀ. ਡਬਲੀਊ. ਡੀ. ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਸੜਕਾਂ ਦਾ ਕੰਮ ਪੂਰਾ ਕਰਨ ਦੇ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਉਹ ਸਮਾਂ ਸੀਮਾ ਦੇ ਵਿੱਚ ਹੀ ਕੰਮ ਨੂੰ ਪੂਰਾ ਕਰਨਗੇ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੀਆਂ 90 ਫੀਸਦੀ ਸੜਕਾਂ ਨੂੰ ਬਣਾਉਣ ਦੇ ਲਈ ਪ੍ਰਵਾਨਗੀ ਦਿੱਤੀ ਗਈ ਹੈ। ਜਿਨ੍ਹਾਂ ਦੇ ਵਿੱਚੋਂ ਕਾਫੀ ਸੜਕਾਂ ਬਣ ਚੁੱਕੀਆਂ ਹਨ ਅਤੇ ਜੋ ਸੜਕਾਂ ਰਹਿੰਦੀਆਂ ਹਨ ਉਨ੍ਹਾਂ ਨੂੰ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।
ਉਨ੍ਹਾਂ ਕਿਹਾ ਕਿ ਜਿੱਥੇ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸੜਕਾਂ ਨੂੰ ਪੰਜ ਸਾਲ ਤੱਕ ਇਸੇ ਤਰ੍ਹਾਂ ਬਣਾਈ ਰੱਖਣ ਦੇ ਲਈ ਠੇਕੇਦਾਰਾਂ ਨੂੰ ਜਿੰਮੇਵਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਉਹ ਪਹਿਲੀ ਸਰਕਾਰ ਹੈ ਜੋ ਜਨਤਾ ਦੇ ਪੈਸੇ ਨੂੰ ਸਹੀ ਤਰੀਕੇ ਦੇ ਨਾਲ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਸ ਗੱਲ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਜੋ ਵਿਰੋਧੀ ਪਾਰਟੀਆਂ ਮੌਜ਼ੂਦਾ ਸਰਕਾਰ ਦੇ ਖਿਲਾਫ਼ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਨੇ ਆਪਣੇ ਰਾਜ ਦੇ ਵਿੱਚ ਸੂਬੇ ਲਈ ਕੀ ਕੀਤਾ ਹੈ।
ਇਹ ਵੀ ਪੜ੍ਹੋ: Census 2027: ਚੰਡੀਗੜ੍ਹ ’ਚ ਜਨਗਣਨਾ 2027 ਦਾ ਸ਼ਡਿਊਲ ਜਾਰੀ
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਸੂਬਾ ਵਿਰੋਧੀ ਹੈ ਜਿੱਥੇ ਸੂਬੇ ਦਾ ਕਰੋੜਾਂ ਰੁਪਈਆ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਹੋਣ ਲਈ ਛੱਡਿਆ ਗਿਆ ਹੈ, ਉੱਥੇ ਹੀ ਨਵੇਂ-ਨਵੇਂ ਕਾਨੂੰਨ ਬਣਾ ਕੇ ਪੰਜਾਬ ਦੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰੰਤੂ ਭਾਰਤੀ ਜਨਤਾ ਪਾਰਟੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਹਮੇਸ਼ਾ ਹੀ ਡਿੱਗ ਡਿੱਗ ਕੇ ਉੱਠਦਾ ਰਿਹਾ ਹੈ, ਦੁਵਾਰਾ ਫਿਰ ਉਠੇਗਾ। ਜਿਸ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦੀ ਖਾਣੀ ਪਵੇਗੀ। ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਲੁੰਬੜ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਉਹ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ਪੀਡਬਲੀਊਡੀ ਦੇ ਐਕਸਨੀਅਨ ਕਰਨ ਮਿੱਤਲ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਿੰਦਰ ਸਿੰਘ, ਰਾਜ ਦਵਿੰਦਰ ਲਾਡੀ, ਡਾ.ਬਲਜਿੰਦਰ ਸਿੰਘ, ਕੁਲਵਿੰਦਰ ਡੇਰਾ, ਰਮੇਸ਼ ਸੋਨੂੰ, ਪ੍ਰਿਤਪਾਲ ਜੱਸੀ, ਪੀਏ ਬਹਾਦਰ ਖਾਨ ਆਦਿ ਵੀ ਹਾਜ਼ਰ ਸਨ। MLA Rai Meeting













