ਸਾਡੇ ਨਾਲ ਸ਼ਾਮਲ

Follow us

13 C
Chandigarh
Friday, February 13, 2026
More
    Home Breaking News Khanna News: ...

    Khanna News: ਖੰਨਾ ’ਚ ਫੜੇ ਦਸ ਗੈਰ ਕਾਨੂੰਨੀ ਇਮੀਗ੍ਰੇਸ਼ਨ ਸੈਂਟਰ

    Illegal Immigration Centers
    ਖੰਨਾ : ਵੱਖੋ-ਵੱਖ ਇਮੀਗ੍ਰੇਸ਼ਨਾਂ ਤੋਂ ਬਰਾਮਦ ਕੀਤੇ ਗਏ ਪਾਸਪੋਰਟ ਮੋਬਾਈਲ ਅਤੇ ਹੋਰ ਸਮੱਗਰੀ।

    ਵੱਡੀ ਮਾਤਰਾ ਵਿੱਚ ਪਾਸਪੋਰਟ ਤੇ ਦਸਤਾਵੇਜ਼ ਬਰਾਮਦ

    Khanna News: (ਸੁਰਿੰਦਰ ਕੁਮਾਰ ਸ਼ਰਮਾ) ਖੰਨਾ/ਲੁਧਿਆਣਾ। ਪੰਜਾਬ ਪੁਲਿਸ ਵੱਲੋਂ ਜਾਰੀ ਆਪ੍ਰੇਸ਼ਨ ਪ੍ਰਹਾਰ-2 ਦੌਰਾਨ ਮਿਲੇ ਅਹਿਮ ਇਨਪੁੱਟ ਮਗਰੋਂ ਖੰਨਾ ਪੁਲਿਸ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਧੰਦੇ ਖ਼ਿਲਾਫ਼ ਵੱਡੀ ’ਤੇ ਸਖ਼ਤ ਕਾਰਵਾਈ ਕਰਦਿਆਂ 10 ਗੈਰਕਾਨੂੰਨੀ ਇਮੀਗ੍ਰੇਸ਼ਨ ਸੈਂਟਰਾਂ ’ਤੇ ਇਕਸਾਰ ਛਾਪੇਮਾਰੀ ਕੀਤੀ। ਇਹ ਪੂਰੀ ਕਾਰਵਾਈ ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਸਪੱਸ਼ਟ ਹੁਕਮਾਂ ਅਤੇ ਮਜ਼ਬੂਤ ਅਗਵਾਈ ਹੇਠ ਅਜ਼ਾਮ ਦਿੱਤੀ ਗਈ। ਇਸ ਵੱਡੀ ਕਾਰਵਾਈ ਨਾਲ ਗੈਰਕਾਨੂੰਨੀ ਤਰੀਕਿਆਂ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲੇ ਗਿਰੋਹਾਂ ’ਚ ਭਾਜੜ ਪੈ ਗਈ।

    ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਖੰਨਾ ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ-2 ਦੌਰਾਨ ਅਹਿਮ ਇਨਪੁੱਟ ਮਿਲੀ ਸੀ ਜਿਸ ਮਗਰੋਂ ਇਹ ਮੁਹਿੰਮ ਛੇੜੀ ਗਈ। ਸ਼ੁਰੂਆਤੀ ਜਾਂਚ ਦੌਰਾਨ 10 ਇਮੀਗ੍ਰੇਸ਼ਨ ਸੈਂਟਰਾਂ ਨੂੰ ਪੂਰੀ ਤਰ੍ਹਾਂ ਗੈਰਕਾਨੂੰਨੀ ਪਾਇਆ ਗਿਆ ਹੈ, ਜਿਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਕੁੱਝ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਗੈਂਗਸਟਰਾਂ ਅਤੇ ਅਪਰਾਧੀ ਤੱਤਾਂ ਨਾਲ ਮਿਲੀਭਗਤ ਕਰਕੇ ਨਕਲੀ ਪਾਸਪੋਰਟ ਤਿਆਰ ਕਰਵਾਉਂਦੇ ਹਨ ਅਤੇ ਨੌਜਵਾਨਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਿੱਚ ਮੱਦਦ ਕਰਦੇ ਹਨ। ਇਸ ਗੰਭੀਰ ਸੂਚਨਾ ਦੇ ਆਧਾਰ ’ਤੇ ਹੀ ਇਹ ਵਿਸ਼ਾਲ ਮੁਹਿੰਮ ਚਲਾਈ ਗਈ।

    ਇਹ ਵੀ ਪੜ੍ਹੋ: Check Bounce Case: ਰਾਜਪਾਲ ਯਾਦਵ ਨੂੰ ਨਹੀ ਮਿਲੀ ਜ਼ਮਾਨਤ

    ਰੇਡ ਦੌਰਾਨ ਪੁਲਿਸ ਨੂੰ ਹੈਰਾਨ ਕਰਨ ਵਾਲੀ ਮਾਤਰਾ ਵਿੱਚ ਸ਼ੱਕੀ ਸਮਾਨ ਬਰਾਮਦ ਹੋਇਆ। ਪੁਲਿਸ ਨੇ ਮੌਕੇ ਤੋਂ 30 ਪਾਸਪੋਰਟ, 34 ਕੰਪਿਊਟਰ, ਲੈਪਟਾਪ ਅਤੇ ਟੈਬ, 15 ਏ.ਟੀ.ਐਮ ਕਾਰਡ ਅਤੇ 175 ਚੈਕ ਬੁੱਕਾਂ ਕਬਜ਼ੇ ਵਿੱਚ ਲਈਆਂ, ਜਿਨ੍ਹਾਂ ਵਿੱਚੋਂ ਕਈ ਚੈਕ ਬੁੱਕਾਂ ਪਹਿਲਾਂ ਤੋਂ ਸਾਈਨ ਕੀਤੀਆਂ ਹੋਈਆਂ ਸਨ। ਇਹ ਸਾਰਾ ਸਮਾਨ ਗੈਰਕਾਨੂੰਨੀ ਲੈਣ-ਦੇਣ ਅਤੇ ਵਿੱਤੀ ਧੋਖਾਧੜੀ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਅਹਿਮ ਦਸਤਾਵੇਜ਼ ਅਤੇ ਡਿਜੀਟਲ ਡਾਟਾ ਵੀ ਬਰਾਮਦ ਕੀਤਾ ਗਿਆ ਹੈ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਸਪੱਸ਼ਟ ਕੀਤਾ ਕਿ ਵਿਦੇਸ਼ ਭੇਜਣ ਦੇ ਨਾਂਅ ਉੱਪਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।