Manila Murder: (ਜਸਵੀਰ ਗਹਿਲ) ਬਰਨਾਲਾ। ਰੋਜ਼ੀ-ਰੋਟੀ ਦੀ ਭਾਲ ’ਚ ਸੱਤ ਸਮੁੰਦਰੋਂ ਪਾਰ ਮਨੀਲਾ (ਫਿਲੀਪੀਨਜ਼) ਗਏ ਬਰਨਾਲਾ ਦੇ ਇੱਕ ਨੌਜਵਾਨ ਦਾ ਉੱਥੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਦੁਖਦਾਈ ਸਮਾਚਾਰ ਹੈ। ਸੰਧੂ ਪੱਤੀ ਬਰਨਾਲਾ ਦੇ ਰਹਿਣ ਵਾਲੇ ਹਰਦੇਵ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਮਣੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ ’ਚ ਮਾਤਮ ਛਾ ਗਿਆ।
ਜਾਣਕਾਰੀ ਮੁਤਾਬਕ ਮਨਪ੍ਰੀਤ ਸਿੰਘ ਮਣੀ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਕੰਮ ’ਤੇ ਜਾ ਰਿਹਾ ਸੀ। ਜਦੋਂ ਉਹ ਇੱਕ ਸੁੰਨਸਾਨ ਜਗ੍ਹਾ ’ਤੇ ਪਹੁੰਚਿਆ ਤਾਂ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ਨੂੰ ਇਕੱਲਾ ਦੇਖ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਮਨਪ੍ਰੀਤ (33) ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਖੂਨੀ ਵਾਰਦਾਤ ’ਚ ਤਿੰਨ ਹਮਲਾਵਰ ਸ਼ਾਮਲ ਸਨ। ਜਿਨ੍ਹਾਂ ’ਚੋਂ ਦੋ ਪੰਜਾਬੀ ਮੂਲ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਦੱਸੇ ਜਾ ਰਹੇ ਹਨ। ਜਿੰਨ੍ਹਾ ’ਚੋਂ ਤਿੰਨ ਹਮਲਾਵਰਾਂ ’ਚੋਂ ਇੱਕ ਨੂੰ ਮਨੀਲਾ ਪੁਲਿਸ ਨੇ ਕਾਬੂ ਕਰ ਲਿਆ ਹੈ, ਜਦਕਿ ਬਾਕੀ ਦੋ ਫਰਾਰ ਹਨ। Manila Murder
ਇਹ ਵੀ ਪੜ੍ਹੋ: Rohit Shetty Case: ਰੋਹਿਤ ਸ਼ੈੱਟੀ ਗੋਲੀਬਾਰੀ ਮਾਮਲਾ, 5 ਦੋਸ਼ੀਆਂ ‘ਤੇ ਲਗਾਇਆ ਮਕੋਕਾ
ਮੌਤ ਦੀ ਖ਼ਬਰ ਸੁਣ ਕੇ ਮਾਤਾ ਪਰਮਜੀਤ ਕੌਰ ਤੇ ਪਿਤਾ ਹਰਦੇਵ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ 2017 ’ਚ ਆਪਣੇ ਮਾਪਿਆਂ ਦੀ ਗਰੀਬੀ ਦੂਰ ਕਰਨ ਦੇ ਸੁਪਨੇ ਲੈ ਕੇ ਮਨੀਲਾ ਗਿਆ ਸੀ। ਉਹ ਲੰਘੀ ਦੀਵਾਲੀ ਮੌਕੇ ਬਰਨਾਲਾ ਵਿਖੇ ਇੱਕ ਪਰਿਵਾਰਕ ਵਿਆਹ ’ਚ ਸ਼ਾਮਲ ਹੋਣ ਆਇਆ ਸੀ ਤੇ 9 ਅਕਤੂਬਰ ਨੂੰ ਹੀ ਵਾਪਸ ਮਨੀਲਾ ਪਰਤਿਆ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪਰਿਵਾਰ ਨਾਲ ਬਿਤਾਏ ਉਹ ਪਲ ਆਖਰੀ ਹੋਣਗੇ। ਮ੍ਰਿਤਕ ਦੀ ਪਤਨੀ ਵੀਰਪਾਲ ਕੌਰ, ਦਾਦੀ ਜੋਗਿੰਦਰ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਉਣ ’ਚ ਮੱਦਦ ਕਰੇ।














