ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਸ਼ੇ ਨੂੰ ਲੈ ਕੇ ਬਣਾਈ ਵੀਡੀਓ
- ਨਸ਼ੇ ਦੀ ਸਪਲਾਈ ਅਤੇ ਤਸਕਰਾਂ ਨੂੰ ਲੈ ਕੇ ਕੀਤੀ ਗਈ ਗੱਲਬਾਤ, ਸਰਕਾਰ ਹੋਈ ਨਰਾਜ਼
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਨਸ਼ੇ ਦੀ ਪੰਜ ਮਿੰਟ ਵਿੱਚ ਹੋਮ ਡਿਲੀਵਰੀ ਤੇ ਪੁਲਿਸ ਵੱਲੋਂ ਵਾਰ-ਵਾਰ ਨਸ਼ੇੜੀਆਂ ਨੂੰ ਛੱਡਣ ਦੇ ਮਾਮਲੇ ’ਚ ਤਿਆਰ ਕੀਤੀ ਗਈ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਨੇ ਪੰਜਾਬ ’ਚ ਭੁਚਾਲ ਲਿਆ ਕੇ ਰੱਖ ਦਿੱਤਾ ਹੈ। ਚੰਨੀ ਵੱਲੋਂ ਦੋ ਨੌਜਵਾਨਾਂ ਦੇ ਕੀਤੇ ਗਏ ਇੰਟਰਵਿਊ ਅਤੇ ਸਵਾਲ ਜਵਾਬ ਨੂੰ ਆਪਣੇ ਯੂ-ਟਿਊਬ ਚੈਨਲ ’ਤੇ ਪਾਇਆ ਗਿਆ ਹੈ।
ਸਾਬਕਾ ਮੁੱਖ ਮੰਤਰੀ ਨੂੰ ਚਾਹੀਦਾ ਸੀ ਪੁਲਿਸ ਨੂੰ ਫੜਵਾਉਂਦੇ ਨਸ਼ੇ ਦੇ ਤਸਕਰ : ਬਲਤੇਜ਼ ਪੰਨੂ
ਇਸ ਵੀਡੀਓ ਨੂੰ ਰਿਲੀਜ਼ ਕਰਨ ਤੋਂ ਬਾਅਦ ਪੰਜਾਬ ’ਚ ਭੁਚਾਲ ਆਇਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਵੱਲੋਂ ਇਸ ਮਾਮਲੇ ’ਚ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪਾਰਟੀ ’ਤੇ ਹਮਲਾ ਕਰਦੇ ਹੋਏ ਸ਼ਰਮ ਕਰਨ ਦੀ ਗੱਲ ਆਖੀ ਗਈ ਹੈ। ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਚਰਨਜੀਤ ਸਿੰਘ ਚੰਨੀ ਕੁਝ ਵਿਊਜ਼ ਲਈ ਪੰਜਾਬ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ ਤੇ ਜੇਕਰ ਉਨ੍ਹਾਂ ਦੀ ਵੀਡੀਓ ਵਿੱਚ ਸੱਚਾਈ ਹੈ ਤਾਂ ਸਾਬਕਾ ਮੁੱਖ ਮੰਤਰੀ ਤੇ ਮੌਜ਼ੂਦਾ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਦੀ ਜਿੰਮੇਵਾਰੀ ਪੁਲਿਸ ਨੂੰ ਸਾਰੀ ਜਾਣਕਾਰੀ ਦੇਣ ਦੀ ਬਣਦੀ ਹੈ ਤਾਂਕਿ ਤਸਕਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਜੇਲ੍ਹ ਭੇਜਿਆ ਜਾਵੇ।
ਇਹ ਵੀ ਪੜ੍ਹੋ: Gidderbaha Double Murder: ਖਾਲ ਬਣਾਉਣ ਨੂੰ ਲੈ ਕੇ ਵਿਵਾਦ ਦੌਰਾਨ ਦੋ ਧੜਿਆਂ ਵਿਚਕਾਰ ਹੋਈ ਖੂਨੀ ਝੜਪ, ਦੋ ਮੌਤਾਂ
ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਵੀਡੀਓ ਆਪਣੇ ਯੂਟਿਊਬ ਤੇ ਫੇਸਬੁੱਕ ’ਤੇ ਜਾਰੀ ਕੀਤੀ ਗਈ ਹੈ। ਜਿਸ ਵਿੱਚ ਉਹ ਦੋ ਨੌਜਵਾਨਾਂ ਨਾਲ ਗੱਲ ਕਰ ਰਹੇ ਹਨ ਤੇ ਉਹ ਦੋਵੇਂ ਨੌਜਵਾਨ ਨਸ਼ਾ ਕਰਦੇ ਆਏ ਹਨ। ਉਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਵੀ ਪੰਜ ਮਿੰਟ ’ਚ ਨਸ਼ੇ ਦੀ ਹੋਮ ਡਿਲੀਵਰੀ ਹੋ ਜਾਂਦੀ ਹੈ ਤੇ ਨਸ਼ੇ ਦੀ ਸਪਲਾਈ ’ਚ ਕੋਈ ਘਾਟ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਮੁੰਡੇ ਦੀ ਨਸ਼ੇ ਨਾਲ ਮੌਤ ਹੋ ਗਈ ਸੀ ਤੇ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ ਸੀ ਪਰ ਮੌਤ ਦਾ ਸ਼ਿਕਾਰ ਹੋਏ ਮੁੰਡੇ ਦੇ ਭੋਗ ਤੋਂ ਪਹਿਲਾਂ ਉਹ ਨਸ਼ਾ ਤਸਕਰ ਬਾਹਰ ਆ ਗਏ। ਇਸ ਨਾਲ ਹੀ ਬਹੁਤੇ ਕੇਸ ’ਚ ਨਸ਼ਾ ਤਸਕਰਾਂ ਨੂੰ ਪੁਲਿਸ ਗ੍ਰਿਫ਼ਤਾਰ ਹੀ ਨਹੀਂ ਕਰਦੀ ਹੈ। ਚਰਨਜੀਤ ਸਿੰਘ ਚੰਨੀ ਵੱਲੋਂ ਨਸ਼ਾ ਕਰਨ ਵਾਲੇ ਇਨ੍ਹਾਂ ਦੋਵੇਂ ਨੌਜਵਾਨਾਂ ਨਾਲ ਕਾਫ਼ੀ ਲੰਮੀ ਗੱਲਬਾਤ ਕੀਤੀ ਗਈ ਹੈ। Punjab News














