ਸ਼ਹਿਰਾਂ ਵਿੱਚ ਗੰਦਗੀ ਅਤੇ ਬਿਮਾਰੀਆਂ ਦੇ ਫੈਲਣ ਕਰਕੇ ਲਿਆ ਗਿਆ ਫੈਸਲਾ
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਪੁਲਿਸ ਥਾਣਿਆਂ ਵਿੱਚ ਲੰਬੇ ਸਮੇਂ ਤੋਂ ਖੜ੍ਹੀ ਕਬਾੜ ਗੱਡੀਆਂ ਨੂੰ ਸਿਰਫ਼ ਪੁਲਿਸ ਥਾਣਿਆਂ ਵਿੱਚੋਂ ਹੀ ਨਹੀਂ ਸਗੋਂ ਸ਼ਹਿਰ ਤੋਂ ਬਾਹਰ ਕੀਤਾ ਜਾਏਗਾ ਤਾਂ ਕਿ ਪੁਲਿਸ ਥਾਣਿਆਂ ਦੀ ਸੁੰਦਰਤਾ ਨੂੰ ਇੱਕ ਵਾਰ ਫਿਰ ਤੋਂ ਬਣਾਇਆ ਜਾ ਸਕੇ ਤਾਂ ਇਨ੍ਹਾਂ ਕਬਾੜ ਗੱਡੀਆਂ ਵਿੱਚ ਮੀਂਹ ਵਾਲੇ ਪਾਣੀ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇ।
ਇਸ ਲਈ ਬਕਾਇਦਾ ਸ਼ਹਿਰਾਂ ਤੋਂ ਬਾਹਰ ਇੱਕ ਕਬਾੜ ਯਾਰਡ ਬਣਾਇਆ ਜਾਏਗਾ, ਜਿੱਥੇ ਕਿ ਇਸ ਕਬਾੜ ਨੂੰ ਸਟੋਰ ਕਰਦੇ ਹੋਏ ਨਿਯਮਾਂ ਅਤੇ ਸਮੇਂ ਅਨੁਸਾਰ ਰੱਖਣ ਦੇ ਨਾਲ ਹੀ ਵੇਚਣ ਦੀ ਪ੍ਰਕ੍ਰਿਆ ਨੂੰ ਵੀ ਸ਼ੁਰੂ ਕੀਤਾ ਜਾਏਗਾ। ਇਹ ਫੈਸਲਾ ਸਿਰਫ਼ ਪੁਲਿਸ ਥਾਣਿਆਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਨਗਰ ਨਿਗਮ, ਟਰੈਫ਼ਿਕ ਪੁਲਿਸ, ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹਾ ਤੇ ਬਲਾਕ ਪ੍ਰਬੰਧਕੀ ਦਫ਼ਤਰਾਂ ਵਿੱਚ ਵੀ ਪਏ ਕਬਾੜ ਨੂੰ ਸ਼ਾਮਲ ਕੀਤਾ ਜਾਏਗਾ ਤਾਂ ਕਿ ਉਥੇ ਵੀ ਬਿਮਾਰੀਆਂ ਦੇ ਸੰਭਾਵੀ ਖ਼ਤਰੇ ਨੂੰ ਟਾਲਣ ਦੇ ਨਾਲ ਹੀ ਸੁੰਦਰਤਾ ਨੂੰ ਕਾਇਮ ਕੀਤਾ ਜਾਵੇ।
ਪੁਲਿਸ ਤੋਂ ਇਲਾਵਾ ਬਾਕੀ ਸਰਕਾਰੀ ਵਿਭਾਗਾਂ ਦੀ ਕਬਾੜ ਗੱਡੀਆਂ ਨੂੰ ਵੀ ਕੀਤਾ ਜਾਏਗਾ ਬਾਹਰ
ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸੰਜੀਵ ਅਰੋੜਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਤੋਂ ਉਹ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਦੇਖ ਰਹੇ ਹਨ ਕਿ ਸ਼ਹਿਰਾਂ ਵਿੱਚ ਬਣੀ ਹੋਈ ਸਰਕਾਰੀ ਬਿਲਡਿੰਗਾਂ ਦੇ ਅੰਦਰ ਹੀ ਪੁਰਾਣੀ ਗੱਡੀਆਂ ਕਬਾੜ ਦੇ ਰੂਪ ਵਿੱਚ ਖੜ੍ਹੀ ਤਾਂ ਹੋਈਆਂ ਹਨ ਪਰ ਉਨ੍ਹਾਂ ਨੂੰ ਹਟਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਕਬਾੜ ਗੱਡੀਆਂ ਦੇ ਨਾਲ ਹੀ ਹੋਰ ਕਈ ਤਰ੍ਹਾਂ ਦਾ ਕਬਾੜ ਵੀ ਇਨ੍ਹਾਂ ਦੇ ਆਸੇ ਪਾਸੇ ਇਕੱਠਾ ਹੋ ਰਿਹਾ ਹੈ ਤਾਂ ਉਸ ਨਾਲ ਬਿਲਡਿੰਗ ਦੀ ਸੁੰਦਰਤਾ ਨੂੰ ਕਾਫ਼ੀ ਜਿਆਦਾ ਨੁਕਸਾਨ ਹੋ ਰਿਹਾ ਹੈ ਤਾਂ ਗੰਦਗੀ ਕਰਕੇ ਬਿਮਾਰੀਆਂ ਦਾ ਡਰ ਵੀ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ: Punjab Police Recruitment: ਨਸ਼ੇ ਦੇ ਗੜ੍ਹ ਆਖੇ ਜਾਂਦੇ ਇਲਾਕੇ ਦੇ 5 ਬੱਚੇ ਪੰਜਾਬ ਪੁਲਿਸ ’ਚ ਭਰਤੀ
ਉਨ੍ਹਾਂ ਦੱਸਿਆ ਕਿ ਇਹ ਕੋਸ਼ਿਸ਼ ਕੀਤੀ ਜਾਏਗੀ ਕਿ ਇਸ ਤਰ੍ਹਾਂ ਦੇ ਸਾਰੇ ਕਬਾੜ ਨੂੰ ਸ਼ਹਿਰ ਤੋਂ ਬਾਹਰ ਇੱਕ ਸਕਰੈਪ ਯਾਰਡ ਵਿੱਚ ਸ਼ਿਫ਼ਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲਈ ਪਹਿਲਾਂ 30 ਦਿਨ ਤੱਕ ਇੱਕ ਸਰਵੇ ਕੀਤਾ ਜਾਏਗਾ ਕਿ ਕਿਹੜੇ ਸ਼ਹਿਰ ਵਿੱਚ ਕਿੰਨੀ ਕਬਾੜ ਗੱਡੀਆਂ ਦੇ ਨਾਲ ਹੀ ਕਿੰਨਾ ਹੋਰ ਕਬਾੜ ਪਿਆ ਹੈ। ਉਸ ਹਿਸਾਬ ਨਾਲ ਸ਼ਹਿਰਾਂ ਦੇ ਨਾਲ ਸਕਰੈਪ ਯਾਰਡ ਨੂੰ ਤਿਆਰ ਕੀਤਾ ਜਾਏਗਾ।
ਉਨ੍ਹਾਂ ਦੱਸਿਆ ਕਿ ਕੁਝ ਮਾਮਲੇ ਵਿੱਚ ਅਦਾਲਤੀ ਮਾਮਲੇ ਹੋਣ ਕਰਕੇ ਗੱਡੀਆਂ ਨੂੰ ਪੁਲਿਸ ਥਾਣਿਆਂ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੇਚਿਆ ਨਹੀਂ ਜਾ ਸਕਦਾ ਹੈ। ਇਸ ਤਰ੍ਹਾਂ ਦੀ ਗੱਡੀਆਂ ਲਈ ਸਕਰੈਪ ਯਾਰਡ ਵਿੱਚ ਹੀ ਵੱਖਰਾ ਯਾਰਡ ਤਿਆਰ ਕੀਤਾ ਜਾਏਗਾ, ਜਿੱਥੇ ਕਿ ਇਨ੍ਹਾਂ ਨੂੰ ਸੰਭਾਲ ਕੇ ਰੱਖਿਆ ਜਾਏਗਾ ਪਰ ਸ਼ਹਿਰ ਅਤੇ ਥਾਣਿਆਂ ਤੋਂ ਹਰ ਹਾਲਤ ਵਿੱਚ ਬਾਹਰ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕਈ ਸਾਲਾਂ ਤੋਂ ਪਏ ਕਬਾੜ ਨੂੰ ਬਾਹਰ ਕੱਢਣ ਲਈ ਸਮਾਂ ਕਾਫ਼ੀ ਚਾਹੀਦਾ ਹੈ, ਇਸ ਲਈ ਅਗਲੇ 30 ਦਿਨਾਂ ਵਿੱਚ ਹੀ ਕੰਮ ਨੂੰ ਸ਼ੁਰੂ ਕਰ ਦਿੱਤਾ ਜਾਏਗਾ। Punjab News














