Bathinda News: ਪਾਲੀਪ੍ਰੋਪਾਈਲੀਨ ਡਾਊਨਸਟਰੀਮ ਇੰਡਸਟਰੀ ਤੇ ਫਾਈਨ ਕੈਮੀਕਲ ਨਾਲ ਸਬੰਧਿਤ ਨਵੇਂ ਪ੍ਰਾਜੈਕਟ ਲਾਏ ਜਾਣਗੇ
- ਪਾਲੀਪ੍ਰੋਪਾਈਲੀਨ ਡਾਊਨਸਟਰੀਮ ਤੇ ਫਾਈਨ ਕੈਮੀਕਲ ਪ੍ਰੋਜੈਕਟਾਂ ਨਾਲ ਪੰਜਾਬ ਨੂੰ ਮਿਲੇਗਾ ਉਦਯੋਗਿਕ ਵਾਧਾ: ਸੰਜੀਵ ਅਰੋੜਾ
Bathinda News: ਰਾਮਾਂ ਮੰਡੀ (ਸਤੀਸ਼ ਜੈਨ)। ਐੱਚਐੱੱਮਈਐੱਲ ਮਿੱਤਲ ਐਨਰਜੀ ਲਿਮਿਟੇਡ (ਐੱਚਐੱਮਈਐੱਲ) ਵੱਲੋਂ ਸੰਚਾਲਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ, ਬਠਿੰਡਾ ’ਚ 2600 ਕਰੋੜ ਦਾ ਨਵਾਂ ਨਿਵੇਸ਼ ਕੀਤਾ ਜਾਵੇਗਾ। ਇਸ ਨਿਵੇਸ਼ ਦੇ ਤਹਿਤ ਪਾਲੀਪ੍ਰੋਪਾਈਲੀਨ ਡਾਊਨਸਟਰੀਮ ਉਦਯੋਗ ਸਥਾਪਿਤ ਕੀਤੇ ਜਾਣਗੇ ਅਤੇ ਫਾਈਨ ਕੈਮੀਕਲ ਨਾਲ ਸੰਬੰਧਤ ਨਵੇਂ ਪ੍ਰੋਜੈਕਟ ਲਾਏ ਜਾਣਗੇ। ਇਸ ਦਾ ਐਲਾਨ ਐੱਚਐੱੱਮਈਐੱਲ ਦੇ ਐਮਡੀ ਅਤੇ ਸੀਈਓ ਸ਼੍ਰੀ ਪ੍ਰਭਦਾਸ ਅਤੇ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਪਾਰ ਮੰਤਰੀ ਸੰਜੀਵ ਅਰੋੜਾ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਪ੍ਰਭਦਾਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਕਾਰਨ ਪੰਜਾਬ ਦੇਸ਼ ’ਚ ਪਾਲੀਪ੍ਰੋਪਾਈਲੀਨ ਉਤਪਾਦਨ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਕੁੱਲ ਪਾਲੀਪ੍ਰੋਪਾਈਲੀਨ ਮੰਗ ਦਾ ਲਗਭਗ 14 ਪ੍ਰਤੀਸ਼ਤ ਹਿੱਸਾ ਇਸ ਰਿਫਾਈਨਰੀ ਤੋਂ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਕਈ ਸਾਲਾਂ ਤੋਂ ਰਿਫਾਈਨਰੀ ਦਾ ਸੰਚਾਲਨ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਜਾਰੀ ਹੈ।
Read Also : ਉੱਤਰੀ ਭਾਰਤ ’ਚ ਸੰਘਣੀ ਧੁੰਦ ਲਈ ਆਰੇਂਜ ਅਲਰਟ
ਉਨ੍ਹਾਂ ਕਿਹਾ ਕਿ ਬਠਿੰਡਾ ’ਚ ਸਿਰਫ ਪੈਟਰੋਲ, ਡੀਜ਼ਲ ਅਤੇ ਗੈਸ ਹੀ ਨਹੀਂ, ਬਲਕਿ ਹੁਣ ਫਾਈਨ ਕੈਮੀਕਲ ਪ੍ਰੋਜੈਕਟਾਂ ਰਾਹੀਂ ਉਦਯੋਗਿਕ ਗਤੀਵਿਧੀਆਂ ਨੂੰ ਹੋਰ ਵਧਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ 2011 ਵਿੱਚ ਸਥਾਪਿਤ ਇਹ ਰਿਫਾਈਨਰੀ ਲਗਭਗ 2,000 ਏਕੜ ਵਿੱਚ ਫੈਲੀ ਹੋਈ ਹੈ ਅਤੇ ਸਾਲਾਨਾ ਕਰੀਬ 90,000 ਕਰੋੜ ਦਾ ਵਪਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਰਿਫਾਈਨਰੀ ਰਾਜ ਸਰਕਾਰ ਨੂੰ ਹਰ ਸਾਲ ਲਗਭਗ 2,100 ਕਰੋੜ ਟੈਕਸ ਦੇ ਰੂਪ ਵਿੱਚ ਯੋਗਦਾਨ ਪਾਉਂਦੀ ਹੈ।
ਉਨ੍ਹਾਂ ਦੱਸਿਆ ਕਿ 2,600 ਕਰੋੜ ਦੇ ਇਸ ਨਵੇਂ ਨਿਵੇਸ਼ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਸਮੇਂ ਰਿਫਾਈਨਰੀ ਸਿੱਧੇ ਅਤੇ ਅਸਿੱਧੇ ਤੌਰ ’ਤੇ ਲਗਭਗ 10,000 ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਦੇ ਕੁੱਲ ਪੈਟਰੋਲ-ਡੀਜ਼ਲ ਉਤਪਾਦਨ ਵਿੱਚ ਬਠਿੰਡਾ ਰਿਫਾਈਨਰੀ ਦਾ ਯੋਗਦਾਨ 5 ਤੋਂ 6 ਪ੍ਰਤੀਸ਼ਤ ਹੈ। ਪਲਾਸਟਿਕ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਲੁਧਿਆਣਾ ਨੇੜੇ ਇੱਕ ਵਿਸ਼ੇਸ਼ ਪਲਾਸਟਿਕ ਇੰਡਸਟਰੀਅਲ ਪਾਰਕ ਵਿਕਸਿਤ ਕਰਨ ’ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਰਾਜ ਦੇ ਮੌਜ਼ੂਦਾ ਪਲਾਸਟਿਕ ਉਦਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ।
Bathinda News
ਮੰਤਰੀ ਨੇ ਐੱਚਐੱੱਮਈਐੱਲਨੂੰ ਭਰੋਸਾ ਦਿੱਤਾ ਕਿ ਵਿਸਥਾਰ ਲਈ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਸਮੇਂ-ਸਿਰ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਐੱਚਐੱੱਮਈਐੱਲਰਾਜ ਵਿੱਚ ਪੈਟਰੋਲ ਪੰਪ ਵੀ ਸਥਾਪਿਤ ਕਰਨ ਜਾ ਰਹੀ ਹੈ, ਜਿਸ ਲਈ ਪ੍ਰਕਿਰਿਆ ਨੂੰ ਸੌਖਾ ਬਣਾਇਆ ਗਿਆ ਹੈ ਅਤੇ ਹੁਣ ਦੋ ਦਿਨਾਂ ਦੇ ਅੰਦਰ ਲਾਇਸੈਂਸ ਜਾਰੀ ਕੀਤੇ ਜਾ ਰਹੇ ਹਨ। ਭਵਿੱਖ ਵਿੱਚ ਮਲਟੀ-ਫਿਊਲ ਪੈਟਰੋਲ ਪੰਪ ਸਥਾਪਤ ਕੀਤੇ ਜਾਣਗੇ, ਜਿੱਥੇ ਪੈਟਰੋਲ, ਡੀਜ਼ਲ, ਸੀਐੱਨਜੀ ਦੇ ਨਾਲ-ਨਾਲ ਇਲੈਕਟ੍ਰਿਕ ਵਾਹਨਾਂ ਲਈ ਚਾਰਜ਼ਿੰਗ ਸਟੇਸ਼ਨ ਵੀ ਉਪਲਬਧ ਹੋਣਗੇ। ਇਸ ਲਈ 0.5 ਤੋਂ 2 ਏਕੜ ਜ਼ਮੀਨ ਦੀ ਲੋੜ ਹੋਵੇਗੀ।
ਉਨ੍ਹਾਂ ਕਿਹਾ ਕਿ ਇਹ ਨਿਵੇਸ਼ ਸਿਰਫ਼ ਜ਼ਿਲ੍ਹਾ ਬਠਿੰਡਾ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਪੂਰੇ ਪੰਜਾਬ ਵਿੱਚ ਰਿਫਾਈਨਰੀ ਅਤੇ ਸੰਬੰਧਤ ਉਦਯੋਗਾਂ ਦੇ ਵਿਸਥਾਰ ਨੂੰ ਗਤੀ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨਵੀਂਕਰਨਯੋਗ ਊਰਜਾ ਦੇ ਖੇਤਰ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ, ਜਿਸ ਨਾਲ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੋਰ ਮਜ਼ਬੂਤੀ ਮਿਲੇਗੀ।












