MGNREGA Scheme: ਮਨਰੇਗਾ ਸਕੀਮ ਨੂੰ ਖ਼ਤਮ ਕਰਨ ਵਿਰੁੱਧ ਸੀਪੀਆਈ ਮੈਦਾਨ ’ਚ, 22 ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

MGNREGA-Scheme
MGNREGA Scheme: ਮਨਰੇਗਾ ਸਕੀਮ ਨੂੰ ਖ਼ਤਮ ਕਰਨ ਵਿਰੁੱਧ ਸੀਪੀਆਈ ਮੈਦਾਨ ’ਚ 22 ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

MGNREGA Scheme: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਸੰਸਦ ਦੇ ਇਤਿਹਾਸ ਵਿੱਚ 18 ਦਸੰਬਰ ਦਾ ਦਿਨ ਮਜ਼ਦੂਰ ਵਿਰੋਧੀ ਕਾਲੇ ਦਿਨ ਵਜੋਂ ਯਾਦ ਰੱਖਿਆ ਜਾਵੇਗਾ ਜਦੋਂ ਕੇਂਦਰ ਦੀ ਮੋਦੀ ਸਰਕਾਰ ਨੇ ਬਹੁਗਿਣਤੀ ਦੇ ਜ਼ੋਰ ’ਤੇ ਕਰੋੜਾਂ ਪੇਂਡੂ ਗਰੀਬਾਂ ਨੂੰ ਰਾਹਤ ਦੇਣ ਵਾਲੇ ਵੀਹ ਸਾਲ ਪੁਰਾਣੇ ‘ਮਹਾਤਮਾ ਗਾਂਧੀ ਨੈਸ਼ਨਲ ਰੂਰਲ ਗਰੰਟੀ ਐਕਟ’ (ਮਨਰੇਗਾ) ਨੂੰ ਖ਼ਤਮ ਕਰਕੇ ਉਸਦੀ ਥਾਂ ਮਜ਼ਦੂਰ ਵਿਰੋਧੀ ‘ਜੀ ਰਾਮ ਜੀ’ ਪਾਸ ਕੀਤਾ। ਇਹ ਗੱਲ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਔਲ਼ਖ, ਘਨੀਏਵਾਲਾ, ਜਿਊਣਵਾਲਾ ਅਤੇ ਕੋਟ ਸੁੱਖੀਆ ਵਿਚ ਪਾਰਟੀ ਵਰਕਰਾਂ ਅਤੇ ਨਰੇਗਾ ਮਜ਼ਦੂਰਾਂ ਦੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਹੀ। ਇਸ ਮੌਕੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਵੀਰ ਸਿੰਘ ਕੰਮੇਆਣਾ, ਗੁਰਦੀਪ ਸਿੰਘ ਕੰਮੇਆਣਾ, ਮੁਲਾਜ਼ਮ ਆਗੂ ਬਲਕਾਰ ਸਿੰਘ ਸਹੋਤਾ ਤੋਂ ਇਲਾਵਾ ਗੁਰਤੇਜ ਸਿੰਘ, ਨਾਇਬ ਸਿੰਘ ਘਨੀਏਵਾਲਾ, ਰੇਸ਼ਮ ਸਿੰਘ ਜਿਊਣਵਾਲਾ, ਬੀਬੀ ਪਵਨਦੀਪ ਕੌਰ ਅਤੇ ਚਮਕੌਰ ਸਿੰਘ ਹਾਜ਼ਰ ਸਨ।

ਇਹ ਵੀ ਪੜ੍ਹੋ: India T20 World Cup 2026 Squad: ਟੀ20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ, ਵੇਖੋ ਪੂਰੀ ਟੀਮ

ਮਜ਼ਦੂਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਸ ਸਕੀਮ ਦਾ ਸਿਰਫ਼ ਨਾਂ ਹੀ ਨਹੀਂ ਬਦਲਿਆ, ਸਗੋਂ ਇਸਦਾ ਪੂਰਾ ਢਾਂਚਾ ਹੀ ਬਦਲ ਕੇ ਗਰੀਬਾਂ ਦੀ ਥਾਲ਼ੀ ਵਿੱਚ ਪਈ ਰੋਟੀ ਚੁੱਕ ਲਈ ਹੈ। ਇਸੇ ਦੌਰਾਨ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਗੋਰਾ ਪਿਪਲੀ, ਮਨਜੀਤ ਕੌਰ, ਪਪੀ ਢਿਲਵਾਂ ਨੇ ਕਿਹਾ ਹੈ ਕਿ ਮਨਰੇਗਾ ਦੀ ਥਾਂ ’ਤੇ ਲਿਆਂਦੇ ਨਵੇਂ ਪੇਂਡੂ ਰੁਜ਼ਗਾਰ ਕਾਨੂੰਨ ਵਿੱਚ ਕੇਂਦਰ ਨੇ ਆਪਣਾ ਯੋਗਦਾਨ 90 ਫ਼ੀਸਦੀ ਤੋਂ ਘਟਾ ਕੇ 60 ਫ਼ੀਸਦੀ ਕਰਦੇ ਹੋਏ 40 ਫ਼ੀਸਦੀ ਭਾਰ ਸੂਬਾ ਸਰਕਾਰਾਂ ਦੇ ਸਿਰ ਪਾ ਦਿੱਤਾ ਹੈ ਜਿਸ ਨਾਲ ਨਵੀਂ ਸਕੀਮ “ਜੀ ਰਾਮ ਜੀ “ ਦਾ ਉੱਕਾ ਹੀ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਸੂਬੇ ਇਹ ਭਾਰ ਚੁੱਕਣ ਦੇ ਅਸਮਰੱਥ ਹਨ।

ਕਮਿਊਨਿਸਟ ਆਗੂਆਂ ਨੇ ਐਲਾਨ ਕੀਤਾ ਕਿ ਮੋਦੀ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਲਈ 22 ਦਸੰਬਰ ਦਿਨ ਸੋਮਵਾਰ ਨੂੰ 11:00 ਵਜੇ ਸ਼ਹੀਦ ਕਾਮਰੇਡ ਅਮੋਲਕ ਭਵਨ ਫਰੀਦਕੋਟ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ ਅਤੇ ਡੀਸੀ ਦਫ਼ਤਰ ਵੱਲ ਮਾਰਚ ਕੀਤਾ ਜਾਵੇਗਾ। ਉੱਨਾਂ ਨੇ ਦੱਸਿਆ ਕਿ ਇਸ ਦਿਨ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਕਮਿਊਨਿਸਟ ਪਾਰਟੀ ਪੇਂਡੂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਜ਼ੋਰਦਾਰ ਸੰਘਰਸ਼ ਕਰੇਗੀ ਅਤੇ ਮੋਦੀ ਸਰਕਾਰ ਨੂੰ ਮਜਦੂਰ ਵਿਰੋਧੀ ਫ਼ੈਸਲੇ ਵਾਪਿਸ ਲੈਣ ਲਈ ਮਜ਼ਬੂਰ ਕੀਤਾ ਜਾਵੇਗਾ। MGNREGA Scheme