2 ਸਾਥੀਆਂ ਨਾਲ ਥਾਈਲੈਂਡ ਭੱਜੇ ਦੀ ਪੁਲਿਸ ਨੇ ਕਰਵਾਈ ਵਾਪਸੀ
- ਢਾਈ ਕਿੱਲੋ ਸੋਨਾ, 57 ਲੱਖ ਨਕਦੀ ਪੁਲਿਸ ਨੇ ਕੀਤੀ ਬਰਾਮਦ
- ਤਿੰਨ ਦਰਜ਼ਨ ਕਿਸਾਨਾਂ ਨਾਲ ਮਾਰ ਚੁੱਕਿਐ ਠੱਗੀ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਧੂਰੀ ਤੇ ਮੂਲੋਵਾਲ਼ ਪਿੰਡ ਦੇ ਲਗਭਗ ਤਿੰਨ ਦਰਜ਼ਨ (36) ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਹੇਰ ਫੇਰ ਕਰਨ ਵਾਲਾ ਆੜ੍ਹਤੀਆ ਆਖ਼ਰ ਆਪਣੇ ਸਾਥੀਆਂ ਸਮੇਤ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਹੀ ਗਿਆ। ਪੁਲਿਸ ਨੇ ਆੜ੍ਹਤੀਏ ਕੋਲੋਂ ਕਿਸਾਨਾਂ ਨਾਲ ਧੋਖਾਧੜੀ ਕਰਕੇ ਇਕੱਠੇ ਕੀਤੇ 57 ਲੱਖ ਰੁਪਏ ਦੀ ਨਕਦੀ ਅਤੇ ਢਾਈ ਕਿੱਲੋ ਦੇ ਕਰੀਬ ਸੋਨਾ ਬਰਾਮਦ ਕਰਵਾ ਲਿਆ ਹੈ। ਅੱਜ ਸੰਗਰੂਰ ਪੁਲਿਸ ਲਾਈਨਜ਼ ਵਿਖੇ ਡਾ: ਸੁਖਚੈਨ ਸਿੰਘ ਗਿੱਲ ਡੀਆਈਜੀ (ਪਟਿਆਲਾ ਰੇਂਜ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਨਵੰਬਰ ਨੂੰ ਚਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੁਗਰਾ (ਧੂਰੀ) ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਲੱਡੇ ਪਿੰਡ ਦਾ ਆੜ੍ਹਤੀਆ ਸਤਨਾਮ ਸਿੰਘ ਜਿਹੜਾ ਕਿਸੇ ਸਮੇਂ ਆੜ੍ਹਤੀਆਂ ਕੋਲ ਮੁਨੀਮ ਦਾ ਕੰਮ ਕਰਦਾ ਹੁੰਦਾ ਸੀ ਅਤੇ ਇਸ ਨੇ ਹੁਣ ਆਪਣੀ ਆੜ੍ਹਤ ਦੀ ਦੁਕਾਨ ਕਰ ਲਈ ਸੀ। (Sangrur News)
ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਨੇ ਧੋਖਾਧੜੀ ਕਰਕੇ ਵੱਡੀ ਗਿਣਤੀ ਕਿਸਾਨਾਂ ਦੇ ਚੈਕ ਚੋਰੀ ਕਰਕੇ ਉਸ ‘ਚੋਂ 83 ਲੱਖ 50 ਹਜ਼ਾਰ ਰੁਪਏ ਕਿਸਾਨਾਂ ਦੀਆਂ ਲਿਮਟਾਂ ਦੇ ਬੈਂਕ ਖਾਤਿਆਂ ‘ਚੋਂ ਆਪਣੇ ਖਾਤੇ ਵਿੱਚ ਤਬਦੀਲ ਕਰਵਾ ਲਏ ਹਨ ਜਿਸ ਦੇ ਆਧਾਰ ‘ਤੇ ਥਾਣਾ ਧੂਰੀ ਵਿਖੇ ਸਤਨਾਮ ਸਿੰਘ ਦੇ ਖਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਸੀ। ਇਸ ਤੋਂ ਇਲਾਵਾ ਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਨੇ ਵੀ ਪੁਲਿਸ ਨੂੰ ਦੱਸਿਆ ਕਿ ਉਸ ਨੇ ਸਤਨਾਮ ਸਿੰਘ ਦੀ ਦੁਕਾਨ ‘ਤੇ 80 ਕੁਵਿੰਟਲ 75 ਕਿੱਲੋਗ੍ਰਾਮ ਜੀਰੀ ਵੇਚੀ ਸੀ ਅਤੇ ਜਿਸਦਾ ਉਸਨੇ ਅਦਾਇਗੀ ਵਜੋਂ ਜਿਹੜਾ ਚੈਕ ਦਿੱਤਾ ਸੀ ਉਹ ਬਾਊਂਸ ਹੋ ਗਿਆ ਅਤੇ ਸਤਨਾਮ ਸਿੰਘ ਨੇ ਉਸ ਵੱਲੋਂ ਵੇਚੀ ਜ਼ੀਰੀ ਦੇ ਪੈਸੇ ਆਪਣੇ ਖ਼ਾਤੇ ਵਿੱਚ ਪਵਾ ਲਏ ਅਤੇ ਆਪ ਫਰਾਰ ਹੋ ਗਿਆ। ਇਸ ਦੇ ਆਧਾਰ ‘ਤੇ ਵੀ ਥਾਣਾ ਸਦਰ ਧੂਰੀ ਵਿਖੇ ਪਰਚਾ ਦਰਜ ਕੀਤਾ ਗਿਆ ਸੀ। (Sangrur News)
ਡਾ: ਗਿੱਲ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਆਰੰਭੀ ਤਾਂ ਸਤਨਾਮ ਸਿੰਘ ਦੇ ਨਾਲ ਹਰਵਿੰਦਰ ਸਿੰਘ ਬੱਬੂ, ਸਤਾਰ ਖਾਂ ਇਸ ਠੱਗੀ ਵਿੱਚ ਬਰਾਬਰ ਦੇ ਭਾਗੀਦਾਰ ਹਨ ਅਤੇ ਇਹ ਤਿੰਨੋਂ 4 ਨਵੰਬਰ 2017 ਨੂੰ ਅਜ਼ਰ ਵਾਈਨ ਦੇਸ਼ (ਇਰਾਕ ਦੇ ਨੇੜੇ) ਭੱਜਣ ਪਿੱਛੋਂ ਥਾਈਲੈਂਡ ਜਾ ਚੁੱਕੇ ਹਨ ਅਤੇ ਅੱਗੇ ਇਹ ਆਸਟਰੇਲੀਆ ਵਿੱਚ ਭੱਜਣ ਦੀ ਫਿਰਾਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਮੁਸ਼ਤੈਦੀ ਕਾਰਨ ਸੈਂਟਰਲ ਇੰਟੈਲੀਜੈਂਸ ਅਤੇ ਸਟੇਟ ਇੰਟੈਲੀਜੈਂਸ ਦੇ ਸਹਿਯੋਗ ਸਦਕਾ ਇਨ੍ਹਾਂ ਤਿੰਨਾਂ ਨੂੰ ਥਾਈਲੈਂਡ ਤੋਂ ਡਿਪੋਟ (ਵਾਪਿਸ) ਕਰਵਾਇਆ ਗਿਆ ਅਤੇ ਇਨ੍ਹਾਂ ਤਿੰਨਾਂ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਡਾ: ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਪੁੱਛਗਿਛ ਦੌਰਾਨ ਸਤਨਾਮ ਸਿੰਘ ਨੇ ਮੰਨਿਆ ਕਿ ਉਸ ਨੇ ਆੜ੍ਹਤੀਏ ਚਰਨਜੀਤ ਸਿੰਘ ਦੁਕਾਨ ਤੋਂ ਚੋਰੀ ਕੀਤੇ ਚੈੱਕਾਂ ਦੀ ਰਕਮ 83 ਲੱਖ 50 ਹਜ਼ਾਰ ਰੁਪਏ ‘ਚੋਂ 2 ਕਿੱਲੋ 629 ਗ੍ਰਾਮ ਸੋਨਾ ਬੈਂਕ ਰਾਹੀਂ ਅਦਾਇਗੀ ਕਰਕੇ ਕੇਵਲ ਕ੍ਰਿਸ਼ਨ ਐਂਡ ਸੰਨਜ਼ ਜਵੈਲਰਜ਼ ਲੁਧਿਆਣਾ ਤੋਂ ਖਰੀਦ ਲਿਆ ਸੀ। ਮੰਡੀ ਮੂਲੋਵਾਲ ਦੇ 14 ਕਿਸਾਨਾਂ ਤੇ ਮੰਡੀ ਧੂਰੀ ਦੇ 22 ਕਿਸਾਨਾਂ ਵੱਲੋਂ ਵੇਚੀ ਜ਼ੀਰੀ ਦੇ 57 ਲੱਖ ਰੁਪਏ ਤੇ ਸੋਨਾ ਪੁਲਿਸ ਨੇ ਉਸਦੇ ਧੂਰੀ ਸ਼ਿਵਪੁਰੀ ਮੁਹੱਲੇ ਵਿੱਚ ਸਥਿਤ ਘਰ ‘ਚੋਂ ਬਰਾਮਦ ਕਰਵਾ ਲਏ ਹਨ। ਨਕਦੀ ਤੇ ਸੋਨੇ ਦੀ ਕੁੱਲ ਕੀਮਤ ਡੇਢ ਕਰੋੜ ਤੋਂ ਜ਼ਿਆਦਾ ਬਣਦੀ ਹੈ। (Sangrur News)