ਮਨਰੇਗਾ ਦਾ ਕੰਮ ਠੱਪ ਕਰਨ ਵਾਲੇ ਕਦੇ ਮਜ਼ਦੂਰ ਪੱਖੀ ਨਹੀਂ ਹੋ ਸਕਦੇ : ਕਾਮਰੇਡ ਤੁੰਗਾਂ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿੰਡ ਤੁੰਗਾਂ ਵਿਖੇ ਮਨਰੇਗਾ ਮਜ਼ਦੂਰ ਯੂਨੀਅਨ ਦੀ ਇਕ ਮੀਟਿੰਗ ਇਕਾਈ ਪ੍ਰਧਾਨ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਮਜ਼ਦੂਰ ਜਮਾਤ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ‘ਤੇ ਚਰਚਾ ਕੀਤੀ ਗਈ। ਸੀਟੂ ਦੇ ਜ਼ਿਲ੍ਹਾ ਆਗੂ ਕਾਮਰੇਡ ਸਤਵੀਰ ਤੁੰਗਾਂ ਨੇ ਇਸ ਮੌਕੇ ਦੱਸਿਆ ਕਿ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਸਦਕਾ ਮਨਰੇਗਾ ਦਾ ਕੰਮ ਸਾਲ ਵਿੱਚ ਹੁਣ 150 ਦਿਨ ਹੋ ਗਿਆ ਹੈ ਭਾਵੇਂ ਇਹ ਮਜ਼ਦੂਰ ਜਮਾਤ ਦੇ ਸੰਘਰਸ਼ ਦੀ ਜਿੱਤ ਹੈ ਪਰ ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਕੰਮ ਨਾ ਮਿਲਣ ਦੀ ਆ ਰਹੀ ਹੈ, ਪਿੰਡਾਂ ਵਿੱਚ ਕੰਮ ਨਹੀਂ ਚਲਾਏ ਜਾ ਰਹੇ, ਬਹੁਤ ਸਾਰੇ ਕੰਮਾਂ ’ਤੇ ਸਰਕਾਰਾਂ ਨੇ ਰੋਕ ਲਗਾ ਰੱਖੀ ਹੈ, ਸਾਰੇ ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 50 ਦਿਨ ਵੀ ਕੰਮ ਨਹੀਂ ਦਿੱਤਾ ਜਾ ਰਿਹਾ।
ਉਨਾਂ ਕਿਹਾ ਕਿ ਜੇਕਰ ਸਰਕਾਰ ਕੰਮਾਂ ‘ਤੇ ਲਗਾਈ ਰੋਕ ਨਹੀਂ ਹਟਾਵੇਗੀ ਤਾਂ ਮਜ਼ਦੂਰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਕਿ ਵਧ ਰਹੀ ਮਹਿੰਗਾਈ ਨੇ ਮਜ਼ਦੂਰ ਵਰਗ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਦੂਜੇ ਪਾਸੇ ਜੋ ਮਿਹਨਤਕਸ਼ ਲੋਕਾਂ ਨੂੰ ਮਾੜਾ ਮੋਟਾ ਕੰਮ ਮਨਰੇਗਾ ਤਹਿਤ ਮਿਲਦਾ ਸੀ ਸਰਕਾਰ ਨੇ ਇਹ ਵੀ ਬੰਦ ਕਰ ਰੱਖਿਆ ਹੈ, ਜੇਕਰ ਕੀਤੇ ਕੰਮ ਚੱਲਦਾ ਵੀ ਹੈ ਤਾਂ ਬਹੁਤ ਥੋੜੇ ਮਜ਼ਦੂਰਾਂ ਨੂੰ ਹੀ ਕੰਮ ਮਿਲਦਾ ਹੈ, ਉਨ੍ਹਾਂ ਕਿਹਾ ਕਿ ਮਨਰੇਗਾ ਐਕਟ ਤਹਿਤ ਹੁਣ ਸਾਲ ਵਿੱਚ 150 ਦਿਨ ਕੰਮ ਹਰੇਕ ਮਜ਼ਦੂਰ ਨੂੰ ਦਿੱਤਾ ਜਾਵੇ ਤੇ ਮਨਰੇਗਾ ਦੀ ਦਿਹਾੜੀ 600/- ਰੁਪਏ ਕੀਤੀ ਜਾਵੇ ।
ਮਜ਼ਦੂਰ ਵਿਰੋਧੀ ਫੈਸਲੇ ਲੈਣ ਵਾਲਿਆਂ ਨੂੰ ਆਉਣ ਵਾਲੀਆਂ ਚੋਣਾਂ ‘ਚ ਹਰਾਉਣ ਦਾ ਸੱਦਾ
ਲਾਭਪਾਤਰੀ ਕਾਰਡਾਂ ਤੇ ਬਹੁਤ ਸਾਰੇ ਉਸਾਰੀ ਮਜ਼ਦੂਰਾਂ ਦੇ ਪੈਸੇ ਆਏ ਹੋਏ ਹਨ, ਪਰ ਪੰਜਾਬ ਦੀ ਭਗਵੰਤ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰਾਂ ਨਾਲ ਬੇਈਮਾਨੀ ਕਰ ਰਹੀ ਹੈ ਇਹ ਪੈਸਾ ਮਜ਼ਦੂਰਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਜਾ ਰਿਹਾ, ਵਾਰ ਵਾਰ 27 ਨੰਬਰ ਫਾਰਮ ਦੀ ਮੰਗ ਕੀਤੀ ਜਾਂਦੀ ਹੈ, ਇਸ ਲਈ ਮਜ਼ਦੂਰ ਦਫਤਰਾਂ ਦੇ ਗੇੜੇ ਮਾਰ-ਮਾਰ ਕੇ ਅੱਕ ਚੁੱਕੇ ਹਨ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਮਜ਼ਦੂਰ਼ ਵਿਰੋਧੀ ਫੈਸਲੇ ਲੈ ਰਹੀ ਹੈ। ਮੋਦੀ ਨੇ ਚਾਰ ਮਜ਼ਦੂਰ ਵਿਰੋਧੀ ਲੇਬਰ ਕੋਡ ਲਾਗੂ ਕਰਕੇ ਮਜ਼ਦੂਰਾਂ ਦੀ ਲੁੱਟ ਕਰਨ ਲਈ ਕਾਰਪੋਰੇਟ ਘਰਾਣਿਆਂ ਨਾਲ ਮਿੱਤਰਤਾ ਨਿਭਾਈ ਹੈ । Sunam News
ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਸਰਕਾਰ ਨੇ ਮਜਦੂਰਾਂ ਦੇ ਕੰਮ ਦੇ ਘੰਟੇ ਵਧਾਉਣ ਵਾਲਾ ਨੋਟੀਫਿਕੇਸ਼ਨ ਜਾਰੀ ਕਰਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ। ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਚੋਰੀ ਕਰਨ ਵਾਲੇ, ਪੀਆਰਟੀਸੀ ਵਰਕਰਾਂ, ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕਰਨ ਵਾਲੀ ਭਗਵੰਤ ਸਰਕਾਰ ਲੋਕ ਵਿਰੋਧੀ ਸਰਕਾਰ ਸਾਬਤ ਹੋਈ ਹੈ।
ਇਹ ਵੀ ਪੜ੍ਹੋ: RBI News: ਬੱਚਤ ਹੋਵੇਗੀ ਹੁਣ ਹੋਰ ਵੀ ਸੁਰੱਖਿਅਤ! ਆਰਬੀਆਈ ਨੇ ਜਾਰੀ ਕੀਤੀ ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਉਨ੍ਹਾਂ ਮਜ਼ਦੂਰਾਂ ਕਿਸਾਨਾਂ ਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਮਜ਼ਦੂਰ ਕਿਸਾਨ ਵਿਰੋਧੀ ਫੈਸਲੇ ਲੈਣ ਵਾਲੀਆਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਸਰਕਾਰ ਦੇ ਉਮੀਦਵਾਰਾਂ ਨੂੰ ਹਰਾ ਕੇ ਅਹਿਸਾਸ ਕਰਵਾਇਆ ਜਾਵੇ। ਸਾਡੇ ਮਿਹਨਤਕਸ਼ ਤੇ ਅਣਖੀ ਮਜ਼ਦੂਰਾਂ-ਕਿਸਾਨਾਂ ਕੋਲ ਆਪਣੇ ‘ਤੇ ਹੋਏ ਹਮਲਿਆਂ ਦਾ ਬਦਲਾ ਲੈਣ ਲਈ ਇਹ ਸੁਨਹਿਰੀ ਮੌਕਾ ਹੈ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਵੱਲੋਂ ਹਰ ਮਹੀਨੇ ਮੀਟਿੰਗ ਕੀਤੀ ਜਾਵੇਗੀ ਤੇ ਮਜ਼ਦੂਰਾਂ ਦੇ ਮਸਲੇ ਹੱਲ ਕਰਵਾਉਣ ਲਈ ਜੱਦੋ-ਜਹਿਦ ਜਾਰੀ ਰੱਖੀ ਜਾਵੇਗੀ। ਇਸ ਮੌਕੇ ਬੇਅੰਤ ਸਿੰਘ, ਹਰਦਿਆਲ ਸਿੰਘ, ਕਾਲਾ ਸਿੰਘ, ਸੁਖਪਾਲ ਕੌਰ, ਦਰਸ਼ਨ ਕੌਰ, ਚਿੰਤ ਕੌਰ, ਗੁਰਮੀਤ ਕੌਰ, ਜੀਤ ਕੌਰ, ਮੁਖਤਿਆਰ ਕੌਰ ਤੇ ਹੋਰ ਮਨਰੇਗਾ ਮਜ਼ਦੂਰ ਹਾਜ਼ਰ ਸਨ ।














