Parliament Session: ਸੰਸਦ ਦਾ ਸਰਦ ਰੁੱਤ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਤੋਂ ਪਹਿਲਾਂ ਹੋਈ ਸਰਬ-ਪਾਰਟੀ ਮੀਟਿੰਗ ਤੋਂ ਹੀ ਸੰਕੇਤ ਮਿਲ ਗਿਆ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਸਦਨ ਦਾ ਮਾਹੌਲ ਇੱਕ ਵਾਰ ਫਿਰ ਗਰਮ ਰਹਿਣ ਵਾਲਾ ਹੈ। ਵਿਰੋਧੀ ਧਿਰ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਐੱਸਆਈਆਰ ਸਮੇਤ ਕਈ ਮਹੱਤਵਪੂਰਨ ਮੁੱਦਿਆਂ ’ਤੇ ਜ਼ੋਰਦਾਰ ਢੰਗ ਨਾਲ ਆਪਣੀ ਗੱਲ ਰੱਖੇਗੀ। ਇਹ ਉਸ ਦਾ ਹੱਕ ਵੀ ਹੈ ਤੇ ਲੋਕਤੰਤਰੀ ਫ਼ਰਜ਼ ਵੀ। ਪਰ ਅਸਲ ਚਿੰਤਾ ਇਸ ਗੱਲ ਦੀ ਹੈ ਕਿ ਕੀ ਇਹ ਆਵਾਜ਼ ਰਚਨਾਤਮਕ ਬਹਿਸ ਦੇ ਰੂਪ ਵਿੱਚ ਸਾਹਮਣੇ ਆਵੇਗੀ ਜਾਂ ਪਿਛਲੇ ਸੈਸ਼ਨਾਂ ਵਾਂਗ ਹੰਗਾਮੇ ਤੇ ਰੌਲੇ-ਰੱਪੇੇ ਵਿੱਚ ਬਦਲ ਕੇ ਸੰਸਦ ਦੀ ਮਹੱਤਤਾ ਨੂੰ ਘਟਾ ਦੇਵੇਗੀ। Parliament Session
ਇਹ ਖਬਰ ਵੀ ਪੜ੍ਹੋ : ਪੰਜਾਬ ’ਚ ਮੁਫ਼ਤ ਰਾਸ਼ਨ ਲੈਣ ਵਾਲੇ ਲੋਕਾਂ ਲਈ ਜੁੜੀ ਅਹਿਮ ਖਬਰ
ਪਿਛਲੇ ਕਈ ਸਾਲਾਂ ਤੋਂ ਸੰਸਦ ਦੀ ਕਾਰਵਾਈ ਲਗਾਤਾਰ ਰੌਲੇ-ਰੱਪੇ ਵਾਲੀ ਰਹੀ ਹੈ। ਮਾਨਸੂਨ ਸੈਸ਼ਨ ਇਸ ਦੀ ਤਾਜ਼ਾ ਉਦਾਹਰਨ ਸੀ, ਜਿੱਥੇ ਵਾਰ-ਵਾਰ ਨਾਅਰੇਬਾਜ਼ੀ, ਵੈੱਲ ਵਿੱਚ ਆ ਕੇ ਹੰਗਾਮਾ ਕਰਨਾ, ਪਲੇਕਾਰਡ ਲਹਿਰਾਉਣਾ ਤੇ ਸਦਨ ਦੀ ਕਾਰਵਾਈ ਨੂੰ ਰੋਕਣਾ ਆਮ ਦ੍ਰਿਸ਼ ਬਣ ਗਿਆ ਸੀ। ਨਤੀਜਾ ਇਹ ਨਿੱਕਲਿਆ ਕਿ ਲੋਕ ਸਭਾ ਦੀ ਉਤਪਾਦਕਤਾ ਸਿਰਫ਼ 31 ਫੀਸਦੀ ਤੇ ਰਾਜ ਸਭਾ ਦੀ ਸਿਰਫ਼ 39 ਫੀਸਦੀ ਰਹਿ ਗਈ। ਇਹ ਅੰਕੜੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਨਿਰਾਸ਼ਾਜਨਕ ਹਨ। ਸਵਾਲ ਇਹ ਹੈ ਕਿ ਕੀ ਸਾਡੇ ਚੁਣੇ ਹੋਏ ਨੁਮਾਇੰਦੇ ਇਹ ਸਮਝਣਗੇ ਕਿ ਸੰਸਦ ਦਾ ਹਰ ਮਿੰਟ ਜਨਤਾ ਦੀ ਮਿਹਨਤ ਦੀ ਕਮਾਈ ਨਾਲ ਚੱਲਦਾ ਹੈ।
ਉਸ ਦੀ ਦੁਰਵਰਤੋਂ ਜਨਤਾ ਦੇ ਭਰੋਸੇ ਨੂੰ ਸੱਟ ਮਾਰਦੀ ਹੈ ਇਸ ਵਾਰ ਦੇ ਸੈਸ਼ਨ ਵਿੱਚ 15 ਦਿਨਾਂ ਤੱਕ ਕਾਰਵਾਈ ਚੱਲੇਗੀ ਲੋਕਤੰਤਰ ਵਿੱਚ ਮੱਤਭੇਦ ਕੁਦਰਤੀ ਹਨ, ਪਰ ਮਨਭੇਦ ਹੋਣਾ ਜ਼ਰੂਰੀ ਨਹੀਂ। ਸੰਸਦ ਉਨ੍ਹਾਂ ਮੱਤਭੇਦਾਂ ਨੂੰ ਰਚਨਾਤਮਕ ਸੰਵਾਦ ਵਿੱਚ ਬਦਲਣ ਦੀ ਜਗ੍ਹਾ ਹੈ। ਵਿਰੋਧੀ ਧਿਰ ਨੇ ਰਾਸ਼ਟਰੀ ਸੁਰੱਖਿਆ, ਐੱਸਆਈਆਰ, ਪ੍ਰਦੂਸ਼ਣ ਤੇ ਵਿਦੇਸ਼ ਨੀਤੀ ’ਤੇ ਵਿਸਤ੍ਰਿਤ ਚਰਚਾ ਦੀ ਮੰਗ ਰੱਖੀ ਹੈ। ਚੰਗੀ ਗੱਲ ਇਹ ਹੈ ਕਿ ਕਿਸੇ ਪਾਰਟੀ ਨੇ ਇਹ ਨਹੀਂ ਕਿਹਾ ਕਿ ਉਹ ਸਦਨ ਦੀ ਕਾਰਵਾਈ ਰੋਕੇਗੀ। ਇਹ ਭਾਵਨਾ ਸਵਾਗਤਯੋਗ ਹੈ, ਕਿਉਂਕਿ ਸੰਸਦ ਦਾ ਚੱਲਣਾ ਹੀ ਲੋਕਤੰਤਰ ਦੀ ਅਸਲ ਪਛਾਣ ਹੈ। ਸਰਕਾਰ ਇਸ ਸੈਸ਼ਨ ਵਿੱਚ 14 ਮਹੱਤਵਪੂਰਨ ਬਿੱਲ ਪੇਸ਼ ਕਰਨ ਜਾ ਰਹੀ ਹੈ।
ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾਉਣਾ ਸਿਰਫ਼ ਸਰਕਾਰ ਦੀ ਹੀ ਜ਼ਿੰਮੇਵਾਰੀ ਨਹੀਂ, ਸਗੋਂ ਵਿਰੋਧੀ ਧਿਰ ਦੀ ਵੀ ਓਨੀ ਹੀ ਵੱਡੀ ਭੂਮਿਕਾ ਹੈ। ਵਿਰੋਧੀ ਧਿਰ ਦਾ ਫ਼ਰਜ਼ ਹੈ ਕਿ ਉਹ ਇਨ੍ਹਾਂ ’ਤੇ ਸਾਰਥਿਕ ਸੁਝਾਅ ਦੇਵੇ, ਲੋੜ ਪੈਣ ’ਤੇ ਸੋਧ ਦੀ ਮੰਗ ਕਰੇ ਤੇ ਰਾਸ਼ਟਰ ਹਿੱਤ ਨੂੰ ਤਰਜ਼ੀਹ ’ਚ ਰੱਖੇ। ਲੋਕਤੰਤਰ ਦੋ ਪਹੀਆਂ ’ਤੇ ਚੱਲਦਾ ਹੈ– ਸੱਤਾ ਧਿਰ ਤੇ ਵਿਰੋਧੀ ਧਿਰ। ਜੇ ਇੱਕ ਵੀ ਪਹੀਆ ਡੋਲ ਜਾਵੇ ਤਾਂ ਪੂਰਾ ਲੋਕਤੰਤਰੀ ਰੱਥ ਰੁਕ ਜਾਂਦਾ ਹੈ। ਦੁਨੀਆਂ ਭਰ ’ਚ ਲੋਕਤੰਤਰੀ ਸੰਸਥਾਵਾਂ ਵਿੱਚ ਬਹਿਸਾਂ ਤਿੱਖੀਆਂ ਹੁੰਦੀਆਂ ਹਨ, ਮੱਤਭੇਦ ਵੀ ਹੁੰਦੇ ਹਨ, ਪਰ ਮਰਿਆਦਾ ਨਹੀਂ ਟੁੱਟਦੀ। ਭਾਰਤ ਵਿੱਚ ਵੀ ਅਜਿਹੇ ਸੰਸਦੀ ਸੱਭਿਆਚਾਰ ਦਾ ਵਿਕਾਸ ਜ਼ਰੂਰੀ ਹੈ। Parliament Session
ਵਿਰੋਧੀ ਧਿਰ ਦਾ ਕੰਮ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਨਾ ਹੈ, ਪਰ ਉਹ ਤੱਥਾਂ ਅਤੇ ਤਰਕ ਨਾਲ ਹੋਵੇ, ਨਾ ਕਿ ਚੀਕ-ਚਿਹਾੜੇ ਤੇ ਅਵਿਵਸਥਾ ਨਾਲ। ਸਵਾਲ ਪੁੱਛਣਾ ਤਾਂ ਹੀ ਸਾਰਥਿਕ ਹੈ ਜਦੋਂ ਜਵਾਬ ਸੁਣਨ ਦੀ ਵੀ ਤਿਆਰੀ ਹੋਵੇ। ਹਾਲ ਦੇ ਸੈਸ਼ਨਾਂ ਵਿੱਚ ਇਹ ਰੁਝਾਨ ਵਧਿਆ ਹੈ ਕਿ ਵਿਰੋਧੀ ਧਿਰ ਸਵਾਲ ਪੁੱਛੇ ਬਿਨਾਂ ਜਵਾਬ ਸੁਣਨ ਲਈ ਤਿਆਰ ਨਹੀਂ ਹੁੰਦੀ। ਇਹ ਲੋਕਤੰਤਰ ਦੀ ਰੂਹ ਨੂੰ ਸੱਟ ਮਾਰਦਾ ਹੈ। ਸੰਸਦ ਸਿਰਫ਼ ਆਵਾਜ਼ ਉਠਾਉਣ ਦਾ ਸਾਧਨ ਨਹੀਂ, ਸਗੋਂ ਸੁਣਨ, ਸਮਝਣ ਤੇ ਹੱਲ ਲੱਭਣ ਦਾ ਸਰਵਉੱਚ ਮੰਚ ਹੈ। ਦੁੱਖ ਦੀ ਗੱਲ ਹੈ ਕਿ ਇਸ ਮੰਚ ਨੂੰ ਲਗਾਤਾਰ ਰਾਜਨੀਤਿਕ ਅਖਾੜੇ ਵਿੱਚ ਬਦਲਣ ਦਾ ਰੁਝਾਨ ਵਧ ਰਿਹਾ ਹੈ।
ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਰੋਧੀ ਧਿਰ ਦੇ ਸਵਾਲਾਂ ਦਾ ਸਤਿਕਾਰ ਨਾਲ ਜਵਾਬ ਦੇਵੇ, ਪਰ ਵਿਰੋਧੀ ਧਿਰ ਨੂੰ ਵੀ ਮੰਨਣਾ ਪਵੇਗਾ ਕਿ ਲਗਾਤਾਰ ਅੜਿੱਕਾ ਪੈਦਾ ਕਰਨਾ ਲੋਕਤੰਤਰੀ ਲਈ ਨੁਕਸਾਨਦੇਹ ਹੈ। ਦੇਸ਼ ਦੀ ਜਨਤਾ ਅੱਜ ਮਹਿੰਗਾਈ, ਰੁਜ਼ਗਾਰ, ਸੁਰੱਖਿਆ, ਵਿਦੇਸ਼ ਨੀਤੀ, ਸਮਾਜਿਕ ਸਾਂਝ, ਖੇਤੀ, ਸਿੱਖਿਆ ਤੇ ਨਿਆਂ ਵਿਵਸਥਾ ਵਰਗੇ ਗੰਭੀਰ ਮੁੱਦਿਆਂ ਦਾ ਹੱਲ ਚਾਹੁੰਦੀ ਹੈ। ਜਨਤਾ ਉਮੀਦ ਕਰਦੀ ਹੈ ਕਿ ਉਸ ਦੇ ਨੁਮਾਇੰਦੇ ਇਨ੍ਹਾਂ ਮੁੱਦਿਆਂ ’ਤੇ ਵਿਆਪਕ ਬਹਿਸ ਤੇ ਗੰਭੀਰ ਚਰਚਾ ਕਰਨਗੇ। ਜੇ ਸੰਸਦ ਹੀ ਰੌਲੇ ਦਾ ਕੇਂਦਰ ਬਣ ਜਾਵੇ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਿਵੇਂ ਨਿੱਕਲੇਗਾ ਇਹ ਸਮਝਣਾ ਜ਼ਰੂਰੀ ਹੈ। Parliament Session
ਕਿ ਲੋਕਤੰਤਰ ਦੀ ਅਸਲ ਤਾਕਤ ਸਿਰਫ਼ ਕਾਨੂੰਨ ਬਣਾਉਣ ਵਿੱਚ ਨਹੀਂ, ਉਨ੍ਹਾਂ ਕਾਨੂੰਨਾਂ ਦੇ ਸੁਚੱਜੇ ਸੰਚਾਲਨ ਵਿੱਚ ਹੈ। ਸੰਸਦ ਦਾ ਮਾਣ ਦੇਸ਼ ਦਾ ਮਾਣ ਹੈ ਤੇ ਸੰਸਦ ਮੈਂਬਰ ਸਿਰਫ਼ ਆਪਣੀਆਂ ਪਾਰਟੀਆਂ ਦੇ ਨੁਮਾਇੰਦੇ ਨਹੀਂ, ਬਲਕਿ ਰਾਸ਼ਟਰ ਦੀ ਆਵਾਜ਼ ਹਨ। ਨੌਜਵਾਨਾਂ ਨੂੰ ਵੀ ਇਹ ਸੰਦੇਸ਼ ਮਿਲਣਾ ਚਾਹੀਦਾ ਹੈ ਕਿ ਸੰਸਦ ਦੇਸ਼ ਦੀ ਸਭ ਤੋਂ ਜ਼ਿੰਮੇਵਾਰ ਤੇ ਅਨੁਸ਼ਾਸਿਤ ਸੰਸਥਾ ਹੈ। ਸੰਸਦ ਦੀ ਮਰਿਆਦਾ ਕਾਇਮ ਰੱਖਣਾ ਸਿਰਫ਼ ਸਪੀਕਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਸੰਸਦ ਮੈਂਬਰ ਦੀ ਨੈਤਿਕ ਜ਼ਿੰਮੇਵਾਰੀ ਹੈ। ਨਿਯਮਾਂ ਦੀ ਪਾਲਣਾ ਕਰਨਾ, ਵਿਸ਼ੇ ’ਤੇ ਕੇਂਦਰਿਤ ਰਹਿਣਾ, ਅਸਹਿਮਤੀ ਵਿੱਚ ਵੀ ਸੱਭਿਅਤਾ ਬਣਾਈ ਰੱਖਣਾ– ਇਹ ਸੰਸਦੀ ਮੁੱਲ ਹਨ।
ਜੇ ਸਰਕਾਰ ਬਹੁਮਤ ਦੇ ਹੰਕਾਰ ਵਿੱਚ ਵਿਰੋਧੀ ਧਿਰ ਦੀ ਅਣਦੇਖੀ ਕਰੇ ਤਾਂ ਇਹ ਲੋਕਤੰਤਰੀ ਭਾਵਨਾ ਦੇ ਖਿਲਾਫ਼ ਹੈ। ਉਵੇਂ ਹੀ ਜੇ ਵਿਰੋਧੀ ਧਿਰ ਰਚਨਾਤਮਕ ਭੂਮਿਕਾ ਛੱਡ ਕੇ ਸਿਰਫ਼ ਅੜਿੱਕਾ ਬਣ ਜਾਵੇ ਤਾਂ ਉਹ ਵੀ ਰਾਸ਼ਟਰ ਹਿੱਤ ਦੇ ਵਿਰੁੱਧ ਹੈ। ਇਸ ਸਰਦ ਰੁੱਤ ਸੈਸ਼ਨ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਇੱਕ ਨਵੀਂ ਪਰੰਪਰਾ ਸਥਾਪਿਤ ਕਰੇਗਾ– ਸਕਾਰਾਤਮਿਕ ਬਹਿਸਾਂ ਦੀ, ਸਾਰਥਿਕ ਸੰਵਾਦ ਦੀ ਤੇ ਰਾਸ਼ਟਰੀ ਹਿੱਤ ਪ੍ਰਤੀ ਜ਼ਿੰਮੇਵਾਰ ਸੋਚ ਦੀ। ਇਹ ਸੈਸ਼ਨ ਸਿਰਫ਼ ਬਿੱਲ ਪਾਸ ਕਰਨ ਦਾ ਸਾਧਨ ਨਾ ਬਣੇ, ਸਗੋਂ ਸਹਿਮਤੀ, ਸੁਹਿਰਦਤਾ ਤੇ ਹੱਲ ਦੇ ਸੱਭਿਆਚਾਰ ਨੂੰ ਮਜ਼ਬੂਤ ਕਰੇ। Parliament Session
ਜੇ ਸਰਕਾਰ ਤੇ ਵਿਰੋਧੀ ਧਿਰ ਮਿਲ ਕੇ ਅਨੁਸ਼ਾਸਨ, ਮਰਿਆਦਾ ਤੇ ਸਕਾਰਾਤਮਕਤਾ ਦੀ ਇੱਕ ਨਵੀਂ ਲਕੀਰ ਖਿੱਚ ਦੇਣ ਤਾਂ ਇਹ ਸੈਸ਼ਨ ਭਾਰਤ ਦੇ ਲੋਕਤੰਤਰੀ ਇਤਿਹਾਸ ਵਿੱਚ ਮੀਲ ਦਾ ਪੱਥਰ ਬਣ ਸਕਦਾ ਹੈ। ਭਾਰਤ ਦਾ ਲੋਕਤੰਤਰ ਦੁਨੀਆਂ ਲਈ ਪ੍ਰੇਰਨਾ ਬਣ ਸਕਦਾ ਹੈ, ਜੇ ਸੰਸਦ ਦੇ ਅੰਦਰ ਸ਼ਾਂਤੀ, ਸੰਵਾਦ ਤੇ ਜ਼ਿੰਮੇਵਾਰੀ ਦਾ ਸੱਭਿਆਚਾਰ ਸਥਾਪਿਤ ਕੀਤਾ ਜਾਵੇ। ਸਰਬ ਪਾਰਟੀ ਮੀਟਿੰਗ ਦੇ ਸ਼ਾਂਤਮਈ ਮਾਹੌਲ ਨਾਲ ਜੋ ਸਕਾਰਾਤਮਕ ਸ਼ੁਰੂਆਤ ਹੋਈ ਹੈ, ਜੇ ਉਹੀ ਭਾਵਨਾ ਸੈਸ਼ਨ ਦੌਰਾਨ ਵੀ ਕਾਇਮ ਰਹੀ ਤਾਂ ਇਹ ਸਿਰਫ਼ ਇੱਕ ਸੈਸ਼ਨ ਦੀ ਸਫਲਤਾ ਨਹੀਂ, ਸਗੋਂ ਲੋਕਤੰਤਰ ਦੀ ਜਿੱਤ ਹੋਵੇਗੀ। Parliament Session
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਲਲਿਤ ਗਰਗ














