Punjabi Story: ਸੁਚੱਜੀ-ਕੁਚੱਜੀ (ਇੱਕ ਪੰਜਾਬੀ ਕਹਾਣੀ)

Punjabi Story
Punjabi Story: ਸੁਚੱਜੀ-ਕੁਚੱਜੀ (ਇੱਕ ਪੰਜਾਬੀ ਕਹਾਣੀ)

‘‘ਪੁੱਤ, ਆ ਦਲਬੀਰੇ ਦੀ ਬਹੂ ਕਿਵੇਂ ਆਈ ਸੀ?’’ ਗੁਰਮੀਤ ਕੌਰ ਨੇ ਨੂੰਹ ਨੂੰ ਪੁੱਛਿਆ।
‘‘ਮੰਮੀ ਜੀ, ਬੱਸ ਐਵੇਂ ਈ ਆਈ ਸੀ’’ ਨੂੰਹ ਬੋਲੀ।
‘‘ਐਵੇਂ ਕਾਹਨੂੰ ਪੁੱਤ ਇਹ ਕਿਸੇ ਕੰਨੀ ਜਾਂਦੀ ਆ। ਘਰ ਪੱਟ ਜਨਾਨੀ ਆ, ਦੇਖ ਪੁੱਤ ਤੂੰ ਇਹਨੂੰ ਬਾਹਲਾ ਮੂੰਹ ਨਾ ਲਾਈਂ’’ ਗੁਰਮੀਤ ਨੇ ਖਰੀ ਗੱਲ ਈ ਨੂੰਹ ਨੂੰ ਕਹਿ ਦਿੱਤੀ।
‘‘ਨਹੀਂ, ਮੰਮੀ ਵਧੀਆ ਗੱਲਾਂ ਕਰਦੇ ਸੀ’’

‘‘ਤੂੰ ਪੁੱਤ ਅਜੇ ਨਿਆਣੀ ਆਂ, ਅਸੀਂ ਉਮਰ ਹੰਢਾਈ ਆ, ਫੇਰ ਪੁੱਤ ਮੈਨੂੰ ਇੱਥੇ ਆਈ ਨੂੰ ਤੀਹ ਸਾਲ ਹੋਗੇ, ਤੈਨੂੰ ਅਜੇ ਛੇ ਮਹੀਨੇ ਨਹੀਂ ਹੋਏ, ਐਂ ਤਾਂ ਤੈਨੂੰ ਵੀ ਹੌਲੀ-ਹੌਲੀ ਹਿਸਾਬ ਜਿਹਾ ਆਜੂ, ਕੀਹਦੇ ਕੋਲ ਬਹਿਣਾ, ਕੀਹਦੀ ਗੱਲ ਸੁਣਨੀ, ਕਿਹੜਾ ਕਿਵੇਂ ਦੇ ਸੁਭਾਅ ਦਾ ਪਰ ਦੱਸਣਾ ਮੇਰਾ ਫ਼ਰਜ਼ ਸੀ, ਅਗਾਂਹ ਭਾਈ ਦਿਮਾਗ ਤੁਸੀਂ ਆਪਣਾ ਵਰਤਣਾ’’ ਗੁਰਮੀਤ ਕੌਰ ਨੇ ਨੂੰਹ ਨੂੰ ਸਾਰੀ ਗੱਲ ਸਮਝਾਉਣੀ ਚਾਹੀ।

‘‘ਚੱਲ ਮੇਰੀ ਧੀ ਰਾਣੀ, ਐਂ ਤਾਂ ਤੂੰ ਪੜ੍ਹੀ-ਲਿਖੀ ਆਂ, ਹੁਣ ਐਂ ਕਰ ਮੈਂ ਵੀ ਥੱਕੀ ਪਈ ਆਂ, ਢੂਈ ਵੀ ਦੁਖਦੀ ਪਈ ਜੈ ਖਾਣੀ ਦੀ ਘੁੱਟ ਚਾਹ ਈ ਕਰ ਲਿਆ। ਫਿਰ ਚਾਹ ਘੁੱਟ ਪੀ ਕੇ, ਬਿੰਦ ਆਰਾਮ ਕਰਲੂੰ, ਆਪਣੇ ਕੰਮ ਮੈਂ ਕਰਲੂੰ, ਤੁਸੀਂ ਆਪਣੀ ਚਾਚੀ ਕੰਨੀ ਜਾ ਆਇਓ। ਭੈਣ ਜੀ ਯਾਦ ਕਰਦੀ ਸੀ। ਅੱਜ ਮਿਲੀ ਸੀ ਨੰਬਰਦਾਰਾਂ ਦੇ ਭੋਗ ’ਤੇ, ਕਹਿੰਦੀ, ਛੋਟੇ ’ਤੇ ਉਹਦੀ ਬਹੂ ਨੂੰ ਕਹੀਂ ਮਿਲ ਜਾਣ। ਕਾਫ਼ੀ ਟਾਈਮ ਤੋਂ ਇੱਧਰ ਕਦੀ ਆਏ ਈ ਨਹੀਂ, ਰੋਟੀ ਵੀ ਕਹਿੰਦੀ ਸੀ ਖਵਾ ਕੇ ਈ ਭੇਜੂੰ।’’ ਨੂੰਹ ਰੀਤ ਚਾਹ ਦੇ ਕੇ ਸ਼ਾਮ ਨੂੰ ਜਾਣ ਦੀ ਤਿਆਰੀ ਕਰਨ ਲੱਗੀ।
ਗੁਰਮੀਤ ਨੇ ਰੀਤ ਨੂੰ ਕੁੱਝ ਪੈਸੇ ਆਣ ਫੜਾਏ ਤੇ ਕਿਹਾ, ‘‘ਪੁੱਤ ਆ ਚਾਚੀ ਤੇਰੀ ਦੇ ਪੋਤੇ-ਪੋਤੀ ਨੂੰ ਦੇ ਆਈਂ।’’
‘‘ਠੀਕ ਮੰਮੀ ਜੀ!’’

Read Also : ਬਾਲ ਕਹਾਣੀ : ਬੱਚਿਆਂ ਦੀ ਜਿਦ

ਰੀਤ ਤੇ ਉਸਦਾ ਪਤੀ ਚਾਚੀ ਘਰ ਚਲੇ ਗਏ। ਗੁਰਮੀਤ ਕੌਰ ਕੰਮਕਾਰ ਕਰਕੇ ਸੋਚਦੀ ਰਹੀ, ‘‘ਨੂੰਹ ਨੂੰ ਕਿੱਦਾਂ ਸਮਝਾਵਾਂ ਕਿ ਦਲਬੀਰੇ ਦੀ ਬਹੂ ਤੋਂ ਦੂਰ ਰਹਿਣਾ। ਉਹਨੇ ਤਾਂ ਘਰ ਪੱਟ ਲਿਆ, ਇਹਨੂੰ ਵੀ ਇਹੋ-ਜਿਹੀ ਮੱਤ ਈ ਦਊ।’’
ਰੀਤ ਤੇ ਉਸ ਦਾ ਪਤੀ ਰਾਤ ਲੇਟ ਘਰ ਆਏ ਤਾਂ ਰੀਤ ਗੁਰਮੀਤ ਕੌਰ ਕੋਲ ਬੈਠ ਗਈ। ਗੁਰਮੀਤ ਕੌਰ ਆਖਦੀ, ‘‘ਕਿਵੇਂ ਖੁਸ਼ ਚਾਚੀ ਵੱਲ ਜਾ ਕੇ?’’

Punjabi Story

ਰੀਤ ਆਖਦੀ, ‘‘ਮੰਮੀ ਤੁਸੀਂ ਤੇ ਚਾਚੀ ਕਾਫ਼ੀ ਸਾਲ ਇਕੱਠੇ ਰਹੇ ਹੋ। ਤੁਸੀਂ ਤਾਂ ਜਮ੍ਹਾ ਇਕੋ-ਜਿਹਾ ਸੋਚਦੇ ਓ।’’
ਗੁਰਮੀਤ ਹੱਸ ਪਈ, ‘‘ਆਹੋ ਪੁੱਤ ਵੱਡੇ ਜਵਾਕ ਵਿਆਹ ਕੇ ਵੱਖਰੇ ਹੋਏ ਆਂ, ਉਹਦਾ ਮੁੰਡਾ ਕਹਿੰਦਾ, ਮੈਂ ਬਾਹਰ ਕੋਠੀ ਪਾਉਣੀ, ਇੱਥੇ ਥਾਂ ਦੀ ਕੁੱਝ ਥੋੜ ਸੀ ਤਾਂ ਬਾਹਰ ਉੁਠਗੇ, ਊਂ ਚੱਲ ਹੁਣ ਵੀ ਸੋਹਣੀ ਨਿਭੀ ਜਾਂਦੀ ਆ।’’

‘‘ਮੰਮੀ! ਮੈਂ ਚਾਚੀ ਕੋਲ ਗੱਲ ਕਰ ਬੈਠੀ ਦਲਬੀਰੇ ਦੀ ਬਹੂ ਆਈ ਸੀ। ਚਾਚੀ ਨੇ ਮੈਨੂੰ ਇੱਕ ਕਹਾਣੀ ਸੁਣਾ ਦਿੱਤੀ। ਚਾਚੀ ਕਹਿੰਦੀ, ਇੱਕ ਵਾਰ ਇੱਕ ਔਰਤ ਕੋਲ ਮੱਝ ਸੀ ਤੇ ਇੱਕ ਕੋਲ ਬੱਕਰੀ ਸੀ ਮੱਝ ਵਾਲੀ ਨੇ ਬੱਕਰੀ ਵਾਲੀ ਕੋਲੋਂ ਘਿਓ ਉਧਾਰ ਲਿਆ ਤੇ ਮੁੱਕਰ ਗਈ। ਉਨ੍ਹਾਂ ਦਾ ਝਗੜਾ ਰਾਜੇ ਕੋਲ ਪਹੁੰਚ ਗਿਆ ਤੇ ਰਾਜੇ ਨੇ ਨਿਆਂ ਕਰਨ ਲਈ ਦੋਵਾਂ ਨੂੰ ਦੋ-ਦੋ ਲੀਟਰ ਪਾਣੀ ਦੇ ਦਿੱਤਾ ਤੇ ਨਹਾ ਕੇ ਆਉਣ ਦਾ ਆਦੇਸ਼ ਦਿੱਤਾ। ਮੱਝ ਵਾਲੀ ਪਹਿਲਾਂ ਨਹਾ ਆਈ ਤੇ ਬੱਕਰੀ ਵਾਲੀ ਉਸ ਤੋਂ ਥੋੜ੍ਹਾ ਪਿੱਛੋਂ ਆਈ। ਰਾਜੇ ਨੇ ਦੋਵਾਂ ਨੂੰ ਦੇਖਿਆ ਤੇ ਫ਼ੈਸਲਾ ਬੱਕਰੀ ਵਾਲੀ ਦੇ ਹੱਕ ’ਚ ਸੁਣਾ ਦਿੱਤਾ। ਮੱਝ ਵਾਲੀ ਆਖੇ, ਇਸ ਕੋਲ ਬੱਕਰੀ, ਮੇਰੇ ਕੋਲ ਮੱਝ। ਮੈਂ ਇਸ ਤੋਂ ਘਿਓ ਕਿਉਂ ਲਊਂ?

ਰਾਜੇ ਨੇ ਕਿਹਾ, ਤੂੰ ਘਿਓ ਲਿਆ ਏ ਕਿਉਂਕਿ ਤੁਹਾਨੂੰ ਦੋਵਾਂ ਨੂੰ ਇੱਕੋ ਜਿਹਾ ਪਾਣੀ ਦਿੱਤਾ, ਤੇਰੀਆਂ ਅੱਡੀਆਂ ਨਹੀਂ ਧੋਤੀਆਂ ਹੋਈਆਂ ਤੇ ਉਹ ਨਹਾ ਕੇ ਕੁੱਝ ਪਾਣੀ ਬਚਾ ਵੀ ਲਿਆਈ, ਇਸ ਲਈ ਤੂੰ ਮੱਝ ਹੋਣ ਦੇ ਬਾਵਜ਼ੂਦ ਵੀ ਨਹੀਂ ਜੋੜ ਸਕਦੀ ਪਰ ਉਹ ਬੱਕਰੀ ਨਾਲ ਵੀ ਘਿਓ ਜੋੜ ਸਕਦੀ ਏ ਕਿਉਂਕਿ ਉਹਨੂੰ ਸੁਚੱਜ ਏ।’’

ਗੁਰਮੀਤ ਨੇ ਰੱਬ ਦਾ ਸ਼ੁਕਰ ਕੀਤਾ ਤੇ ਦਰਾਣੀ ਦਾ ਵੀ, ਜਿਸ ਨੇ ਕਹਾਣੀ ਦੇ ਰੂਪ ’ਚ ਬਹੁਤ ਵੱਡੀ ਮੱਤ ਰੀਤ ਨੂੰ ਦੇ ਭੇਜੀ ਸੀ।
ਰੀਤ ਨੇ ਕਿਹਾ, ‘‘ਮੰਮੀ ਮੈਨੂੰ ਸਮਝ ਨਹੀਂ ਆ ਰਿਹਾ, ਚਾਚੀ ਨੇ ਮੈਨੂੰ ਇਹ ਕਹਾਣੀ ਕਿਉਂ ਸੁਣਾਈ?’’
‘‘ਪੁੱਤ ਰਾਤ ਕਾਫ਼ੀ ਹੋ ਗਈ ਏ, ਤੁਸੀਂ ਸੌਂ ਜਾਓ, ਮੈਂ ਤੈਨੂੰ ਕੱਲ੍ਹ ਸਾਰੀ ਗੱਲ ਸਮਝਾਵਾਂਗੀ ਪਰ ਤੂੰ ਕੁੱਝ ਵੀ ਸੋਚਣਾ ਨਹੀਂ।’’
‘‘ਠੀਕ ਏ ਮੰਮੀ ਜੀ!’’
ਸਵੇਰ ਹੁੰਦਿਆਂ ਈ, ਰੀਤ ਚਾਹ ਬਣਾ ਕੇ ਗੁਰਮੀਤ ਕੋਲ ਲੈ ਆਈ ਤੇ ਸਾਰੀ ਗੱਲ ਸਮਝਾਉਣ ਲਈ ਕਿਹਾ ਰੀਤ ਨੂੰ ਬਾਹਲੀ ਕਾਹਲੀ ਸੀ, ਗੱਲ ਸੁਣਨ ਦੀ।

Punjabi Story

ਗੁਰਮੀਤ ਬੋਲੀ, ‘‘ਸੁਣ ਧੀਏ! ਆ ਦਲਬੀਰੇ ਦੀ ਬਹੂ ਕਾਟੋ ਤੇ ਇਸ ਦੀ ਵੱਡੀ ਭੈਣ ਮਾਟੋ ਦਰਾਣੀ-ਜੇਠਾਣੀ ਨੇ। ਉਹ ਵੱਡੀ ਏ, ਰੱਜ ਕੇ ਸੁਚੱਜੀ, ਉਹਨੂੰ ਵੇਖ ਕੇ ਇਹਦਾ ਰਿਸ਼ਤਾ ਲੈ ਲਿਆ ਪਰ ਇਹ ਤਾਂ ਜਮ੍ਹਾ ਉਹਦੇ ਨਾਲ ਨਹੀਂ ਰਲਦੀ।’’
ਗੁਰਮੀਤ ਦੇ ਸਾਰਾ ਕੁੱਝ ਅੱਖਾਂ ਅੱਗੇ ਘੁੰਮਣ ਲੱਗਾ।

‘‘ਨਵੀਂ ਆਈ ਮਾਟੋ, ਸਭ ਨੂੰ ਜੀ-ਜੀ ਕਰਦੀ ਤੇ ਘਰ ਦੇ ਕੰਮ ਭੱਜ-ਭੱਜ ਕਰਦੀ, ਪੜ੍ਹੀ ਵੀ ਬਥੇਰਾ ਸੀ ਪਰ ਨੌਕਰੀ ਨਹੀਂ ਕੀਤੀ। ਘਰਵਾਲਾ ਨੌਕਰੀ ਤੋਂ ਆਉਂਦਾ ਤਾਂ ਪੁੱਛਦੀ, ਤੁਸੀਂ ਕੱਪੜੇ ਬਦਲੋ ਮੈਂ ਪਾਣੀ ਲੈ ਕੇ ਆਈ, ਪਾਣੀ ਦੇ ਕੇ ਪੁੱਛ ਜਾਂਦੀ ਕਿ ਕੀ ਖਾਓਗੇ, ਟਿਫ਼ਨ ਫੜ੍ਹ ਆਖਦੀ, ਤੁਸੀਂ ਰੋਟੀ ਖਾ ਲਈ ਸੀ? ਹਾਂ ਆਖਦਾ ਤਾਂ ਚਾਹ ਲੈ ਆਉਂਦੀ, ਨਹੀਂ ਤਾਂ ਰੋਟੀ ਜਾਂ ਕੁੱਝ ਹੋਰ ਬਣਾ ਲੈਂਦੀ। ਫਿਰ ਆਰਾਮ ਨਾਲ ਪੁੱਛਦੀ, ਤੁਹਾਡਾ ਦਿਨ ਕਿਵੇਂ ਰਿਹਾ? ਫਿਰ ਉਸਨੂੰ ਥੋੜ੍ਹਾ ਆਰਾਮ ਕਰਨ ਦਾ ਕਹਿ ਕੰਮਕਾਜ ’ਚ ਰੁੱਝ ਜਾਂਦੀ।

Punjabi Story

ਜੇ ਕਿਤੇ ਘਰ ਉੰਨੀ-ਇੱਕੀ ਗੱਲ ਹੋ ਵੀ ਜਾਂਦੀ ਤਾਂ ਘਰਵਾਲੇ ਕੋਲ ਚੁਗਲੀ ਨਹੀਂ ਕਰਦੀ। ਘਰ ’ਚ ਕੀ ਸਾਮਾਨ ਚਾਹੀਦਾ, ਸਭ ਕਾਸੇ ਦਾ ਹਿਸਾਬ ਬਣਾ ਕੇ ਰੱਖਦੀ ਤੇ ਐਤਵਾਰ ਉਸਦਾ ਘਰ ਵਾਲਾ ਜਾ ਕੇ ਲੈ ਆਉਂਦਾ। ਉਹ ਫਾਲਤੂ ਕੁੱਝ ਨਹੀਂ ਖਰੀਦਦੀ ਸੀ। ਘਰ ਵਿੱਚ ਸ਼ਾਂਤੀ ਸੀ ਪਰ ਫਿਰ ਉਸ ਦੀ ਭੈਣ ਦਾ ਦਿਓਰ ਨੂੰ ਸਾਕ ਲੈ ਲਿਆ, ਇਸਨੇ ਆ ਕੇ ਖਿਲਾਰੇ ਪਾ ਦਿੱਤੇ। ਵੱਡਾ ਨੌਕਰੀ ’ਤੇ ਜਾਂਦਾ ਤਾਂ ਉਸ ਦੀ ਬਹੂ ਹੱਸ ਕੇ ਤੋਰਦੀ ਪਰ ਆ ਦਲਬੀਰੇ ਨੂੰ ਕਿੰਨਾ ਕੁੱਝ ਕਹਿ ਦਿੰਦੀ ਕਿ ਇਹ ਲੈ ਆਈ ਔਹ ਲੈ ਆਈ। ਫਿਰ ਵੀ ਪਿੱਛੋਂ ਫ਼ੋਨ ਕਰਕੇ ਕੁੱਝ ਨਾ ਕੁੱਝ ਦੱਸੀ ਜਾਣਾ। ਪਰ ਕਦੇ ਇਹ ਨੀ ਸੀ ਪੁੱਛਿਆ, ਖਾਣਾ ਖਾ ਲਿਆ।

ਸ਼ਾਮ ਤੱਕ ਆਉਂਦਾ ਵਿਚਾਰਾ ਕਿੰਨਾ ਲਿਫ਼ਾਫ਼ੇ ਨਾਲ ਚੱਕੀ ਆਉਂਦਾ। ਵੱਡਾ ਆ ਕੇ ਆਰਾਮ ਵੀ ਕਰ ਲੈਂਦਾ ਪਰ ਉਹ ਸਾਮਾਨ ਖ਼ਰੀਦ ਕੇ ਦੇ ਜਾਂਦਾ, ਜਦ ਟਾਈਮ ਨਿੱਕਲਦਾ। ਆਉਂਦਿਆਂ ਫਿਰ ਮੂੰਹ ਬਣਿਆ ਹੁੰਦਾ, ਇਸ ਨੇ ਆਹ ਕਹਿ ਤਾਂ, ਉਸ ਨੇ ਔਹ। ਵਿਚਾਰਾ ਹੌਲੀ-ਹੌਲੀ ਪਰੇਸ਼ਾਨ ਰਹਿਣ ਲੱਗ ਗਿਆ। ਹੌਲੀ-ਹੌਲੀ ਘਰ ਵੀ ਰੋਜ਼ ਨਹੀਂ ਆਉਂਦਾ ਸੀ ਤੇ ਅੰਤ ਨੌਕਰੀ ਵੀ ਜਾਂਦੀ ਰਹੀ। ਇੱਕ ਦਿਨ ਵਿਚਾਰਾ ਘਰ ਈ ਛੱਡ ਗਿਆ ਤੇ ਫਿਰ ਕਦੇ ਵਾਪਸ ਨਹੀਂ ਆਇਆ। ਉਸ ਦੇ ਕੁਚੱਜ ਨੇ ਘਰ ਬਰਬਾਦ ਕਰ ਦਿੱਤਾ।

ਪੁੱਤ ਤਾਂ ਈ ਤੈਨੂੰ ਉਸਨੂੰ ਜ਼ਿਆਦਾ ਮੂੰਹ ਨਾ ਲਾਉਣ ਲਈ ਕਿਹਾ ਸੀ, ਜਿਨ੍ਹਾਂ ਆਪਣੇ ਨਹੀਂ ਵਸਾਏ, ਬੇਗਾਨੇ ਵੀ ਪੱਟ ਦਿੰਦੀਆਂ ਨੇ।’’ ਰੀਤ ਨੇ ਅੱਖਾਂ ਝਮੱਕ ਕੇ ਸਭ ਸਮਝ ਲੈਣ ਦੀ ਹਾਮੀ ਭਰੀ।

ਦਿਲਪ੍ਰੀਤ ਕੌਰ ਗੁਰੀ