ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ-ਦ੍ਰਿਸ਼ਟੀ ਤੇ ਕੁਰਬਾਨੀ

Sri Guru Tegh Bahadur Ji

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੱਟੜ ਮੁਗਲ ਬਾਦਸ਼ਾਹ ਔਰੰਗਜੇਬ ਦੇ ਜ਼ੁਲਮ ਦੇ ਸਤਾਏ ਕਸ਼ਮੀਰੀ ਪੰਡਿਤਾਂ ਦੇ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਧਾਰਮਿਕ ਅਜ਼ਾਦੀ ਦੀ ਰੱਖਿਆ ਲਈ ਦਿੱਤੀ ਗਈ ਇਸ ਕੁਰਬਾਨੀ ਦੀ ਪੂਰੀ ਦੁਨੀਆਂ ’ਚ ਕਿਧਰੇ ਮਿਸਾਲ ਨਹੀਂ ਮਿਲਦੀ। ਇਸ ਮਹਾਨ ਸ਼ਹਾਦਤ ਦੇ 350 ਸਾਲ ਪੂਰੇ ਹੋ ਰਹੇ ਹਨ। ਇਹ ਘਟਨਾ ਦੁਨੀਆਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਇਤਿਹਾਸ ’ਚ ਇੱਕ ਵਿਲੱਖਣ ਤੇ ਮਾਨਵਵਾਦੀ ਅਧਿਆਇ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਨ ਅਧਿਆਤਮਕ ਆਗੂ ਸਨ ਜਿਨ੍ਹਾਂ ਦੀ ਧਰਮ ਦ੍ਰਿਸ਼ਟੀ ਸਮਾਜ ਕੇਂਦਰਿਤ ਸੀ ਜੋ ਜ਼ੁਲਮ ਦੇ ਦੌਰ ’ਚ ਭਗਤੀ ਦੇ ਨਾਲ-ਨਾਲ ਜ਼ੁਲਮ ਦੇ ਸ਼ਿਕਾਰ ਲੋਕਾਂ ਨਾਲ ਖੜੇ੍ਹ ਹੋਣ ਨੂੰ ਜ਼ਿੰਦਗੀ ਦਾ ਆਦਰਸ਼ ਮੰਨਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦੀ ਮਹੱਤਤਾ ਨੂੰ ਸਮਝਣ ਲਈ ਪਹਿਲਾਂ ਸਾਨੂੰ ਉਸ ਦੌਰ ਦੀ ਯਾਦ ਤਾਜ਼ਾ ਕਰਨੀ ਪਵੇਗੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਚਪਨ ਵਿੱਚ ਰਵਾਇਤ ਅਨੁਸਾਰ ਬ੍ਰਾਹਮਣ ਜਨੇਊ ਪਹਿਨਾਉਣ ਦੀ ਰਸਮ ਅਦਾ ਕਰਨ ਲਈ ਆਪ ਜੀ ਦੇ ਘਰ ਪਹੁੰਚਿਆ। ਬਾਲ ਨਾਨਕ ਨੇ ਬ੍ਰਾਹਮਣ ਦੇ ਸੂਤ ਦੇ ਜਨੇਊ ਨੂੰ ਇਹ ਕਹਿ ਕੇ ਪਹਿਨਣ ਤੋਂ ਨਾਂਹ ਕਰ ਦਿੱਤੀ ਕਿ ਉੱਚਾ ਚਰਿੱਤਰ ਤੇ ਨੇਕ ਕਰਮ ਹੀ ਸੱਚਾ ਜਨੇਊ ਹੈ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ-ਦ੍ਰਿਸ਼ਟੀ ਤੇ ਕੁਰਬਾਨੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਵਿਚਾਰ ਸਿੱਖ ਸਿਧਾਂਤਾਂ ’ਚ ਸ਼ਾਮਲ ਹੋ ਗਏ ਅਤੇ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਜੀਵਨ ਗੁਜ਼ਾਰਨ ਵਾਲੇ ਲੋਕਾਂ ਨੇ ਕਦੇ ਜਨੇਊ ਨਹੀਂ ਪਹਿਨਿਆ। ਹੁਣ ਜਦੋਂ ਕਸ਼ਮੀਰੀ ਪੰਡਤਾਂ ਦੇ ਜਨੇਊ ’ਤੇ ਸੰਕਟ ਆਉਂਦਾ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਬੜੀ ਬਹਾਦਰੀ ਤੇ ਦ੍ਰਿੜ੍ਹਤਾ ਨਾਲ ਔਰੰਗਜੇਬ ਦੇ ਜ਼ੁਲਮ ਦੇ ਖਿਲਾਫ ਅੱਗੇ ਆਉਂਦੇ ਹਨ। ਆਪਣੇ ਸਪੁੱਤਰ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਨਾਂਅ) ਦੀ ਉਮਰ ਸਿਰਫ਼ 9 ਸਾਲ ਦੀ ਹੋਣ ਦੇ ਬਾਵਜ਼ੂਦ ਦੁਖੀ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਧਰਮ ਤੇ ਸਮਾਜਿਕ ਜ਼ਿੰਮੇਵਾਰੀਆਂ ਵਿਚਲੀ ਅਟੁੱਟ ਸਾਂਝ ਦਾ ਪ੍ਰਤੀਕ ਹੈ।

ਗੁਰੂ ਜੀ ਦਾ ਇਹ ਕਦਮ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਨਾਲ ਨੇੜਤਾ ਦਾ ਨਤੀਜਾ ਨਹੀਂ ਸਗੋਂ ਮਾਨਵਵਾਦੀ, ਲੋਕਤੰਤਰਿਕ, ਸਿਆਸੀ ਅਤੇ ਅਧਿਆਤਮਕ ਫਲਸਫੇ ਦੀ ਦੇਣ ਹੈ। ਗੁਰੂ ਸਾਹਿਬ ਮਹਾਨ ਧਰਮ ਚਿੰਤਕ ਸਨ ਜੋ ਧਰਮਾਂ ਦੀ ਇਸ ਸੱਚੀ ਸਿੱਖਿਆ ਦੇ ਹਮਾਇਤੀ ਸਨ ਕਿ ਅਸੀਂ ਬੇਸ਼ੱਕ ਕਿਸੇ ਧਾਰਮਿਕ ਵਿਸ਼ਵਾਸ-ਮੱਤ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ ਪਰ ਕਿਸੇ ’ਤੇ ਹੋਰ ਧਾਰਮਿਕ ਵਿਸ਼ਵਾਸ਼ ਜਾਂ ਮੱਤ ਥੋਪਿਆ ਨਹੀਂ ਜਾ ਸਕਦਾ।

ਗੁਰੂ ਸਾਹਿਬ ਜੀ ਨੇ ਪੰਡਤਾਂ ਨੂੰ ਉਨ੍ਹਾਂ ਦੇ ਧਰਮ ਦੀ ਰੱਖਿਆ ਦਾ ਭਰੋਸਾ ਦੇ ਕੇ ਮੁਗਲ ਹਕੂਮਤ ਨੂੰ ਸਪੱਸ਼ਟ ਸੁਨੇਹਾ ਦੇ ਦਿੱਤਾ ਕਿ ਅਸੀਂ ਜਨੇਊ ਪਾਉਂਦੇ ਨਹੀਂ ਪਰ ਕਿਸੇ ਦਾ ਜਨੇਊ ਲਾਹੁਣ ਵੀ ਨਹੀਂ ਦਿਆਂਗੇ। ਆਪ ਜੀ ਨੇ ਹਕੂਮਤ ਤੋਂ ਚੁਣੌਤੀ ਦੇ ਦਿੱਤੀ ਕਿ ਜੇਕਰ ਹਕੂਮਤ ਉਨ੍ਹਾਂ (ਗੁਰੂ ਸਾਹਿਬ) ਨੂੰ ਇਸਲਾਮ ਕਬੂਲ ਕਰਵਾ ਲੈਂਦੀ ਹੈ ਤਾਂ ਸਾਰੇ ਹਿੰਦੂ ਇਸਲਾਮ ਕਬੂਲ ਕਰ ਲੈਣਗੇ। ਤਾਕਤ ਦੇ ਅਹੰਕਾਰ ਅਤੇ ਫਿਰਕੂ ਹਨੇ੍ਹਰੀ ’ਚ ਅੰਨ੍ਹੀ ਹੋਈ ਹਕੂਮਤ ਨੇ ਪਹਿਲਾਂ ਗੁਰੂ ਸਾਹਿਬ ਦੇ ਸਾਹਮਣੇ ਸਾਥੀ ਸਿੱਖਾਂ ਨੂੰ ਸ਼ਹੀਦ ਕੀਤਾ ਤਾਂ ਕਿ ਗੁਰੂ ਸਾਹਿਬ ਜੀ ਡਰ ਕੇ ਇਸਲਾਮ ਕਬੂਲ ਕਰ ਲੈਣ। ਆਪ ਜੀ ਦੀ ਦ੍ਰਿੜ੍ਹਤਾ ਨੇ ਮੁਗਲ ਹਕੂਮਤ ਨੂੰ ਤਰੇਲੀਆਂ ਲਿਆ ਦਿੱਤੀਆਂ। ਗੁਰੂ ਸਾਹਿਬ ਦੀ ਦ੍ਰਿੜ੍ਹਤਾ ਭਰੀ ਕੁਰਬਾਨੀ ਨਾਲ ਮੁਗਲ ਹਕੂਮਤ ਦਾ ਕੱਟੜ ਫਿਰਕਾਪ੍ਰਸਤੀ ਦਾ ਕਿਲ੍ਹਾ ਖੇਰੂੰ-ਖੇਰੂੰ ਹੋ ਗਿਆ। ਸਾਰੇ ਹਿੰਦੁਸਤਾਨ ’ਚ ਜਿਸ ਹਕੂਮਤ ਦਾ ਡੰਕਾ ਵੱਜਦਾ ਸੀ ਹੌਲੀ-ਹੌਲੀ ਉਹ ਆਪਣੀ ਹੋਂਦ ਵੀ ਨਾ ਬਚਾ ਸਕੀ।

ਆਪ ਜੀ ਰਾਜਨੀਤਿਕ ਤੌਰ ’ਤੇ ਇਹ ਵੀ ਜਾਣਦੇ ਸਨ ਕਿ ਹਕੂਮਤ ਦੀ ਜ਼ਿੰਮੇਵਾਰੀ ਪਰਜਾ ਤੋਂ ਉਨ੍ਹਾਂ ਦੇ ਅਧਿਕਾਰ ਖੋਹਣੇ ਨਹੀਂ ਸਗੋਂ ਉਨ੍ਹਾਂ ਦੀ ਰੱਖਿਆ ਕਰਨਾ ਹੈ। ਆਪ ਜੀ ਦੀ ਕੁਰਬਾਨੀ ਇਸ ਮਾਨਵਵਾਦੀ ਫਲਸਫੇ ਦੀ ਵੀ ਸ਼ਾਨ ਵਧਾਉਂਦੀ ਹੈ ਕਿ ਹਰ ਮਨੁੱਖ ਅਜ਼ਾਦ ਹੈ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਗੁਲਾਮ ਨਹੀਂ ਬਣਾਇਆ ਜਾ ਸਕਦਾ। ਆਪ ਜੀ ਦਾ ਜੀਵਨ ਚਰਿੱਤਰ ਧਾਰਮਿਕ ਵਿਰਸੇ ਦੀ ਇਸ ਮਹੱਤਤਾ ਨੂੰ ਉਜਾਗਰ ਕਰਦਾ ਹੈ ਕਿ ਮੱਦਦ ਮੰਗਣ ਆਏ ਲਾਚਾਰਾਂ ਤੇ ਨਿਰਦੋਸ਼ਾਂ ਨੂੰ ਖਾਲੀ ਨਹੀਂ ਮੋੜਿਆ ਜਾ ਸਕਦਾ। ਸੋ ਗੁਰੂ ਸਾਹਿਬ ਦੀ ਕੁਰਬਾਨੀ ਭਾਵੇਂ ਭਾਰਤ ਅੰਦਰ ਹੋਈ ਪਰ ਇਹ ਕੁਰਬਾਨੀ ਸਮੁੱਚੀ ਦੁਨੀਆਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਿਧਾਂਤਾਂ ਦੀ ਸੋਝੀ ਦੇਣ ਲਈ ਅਗਵਾਈ ਦਿੰਦੀ ਹੈ।

ਗੁਰੂ ਸਾਹਿਬ ਦੇ ਜੀਵਨ, ਚਰਿੱਤਰ ਤੇ ਸੰਕਲਪ ’ਚੋਂ ਲੋਕਤੰਤਰ ਦੇ ਇਹ ਬੁਨਿਆਦੀ ਤੱਤ ਝਲਕਦੇ ਹਨ- ਸਭ ਨੂੰ ਬਰਾਬਰੀ ਦਾ ਅਧਿਕਾਰ, ਇੱਕ ਮਨੁੱਖ ਦਾ ਦੂਜਿਆਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦਾ ਕਰਤੱਵ। ਗੁਰੂ ਸਾਹਿਬ ਦੀ ਕੁਰਬਾਨੀ ਸਮੇਂ ਦੀ ਚਾਲਬਾਜ਼ ਹਕੂਮਤ ਦੇ ਸਿਆਸੀ ਤੇ ਫਿਰਕੂ ਤਾਣੇ-ਬਾਣੇ ਦੀਆਂ ਬੁਰੀ ਤਰ੍ਹਾਂ ਧੱਜੀਆਂ ਉਡਾਉਂਦੀ ਹੈ। ਆਪ ਜੀ ਦੀ ਕੁਰਬਾਨੀ ਸਿੱਖਿਆ ਦਿੰਦੀ ਹੈ ਕਿ ਬਾਦਸ਼ਾਹਤ ਧਰਮ ਦੇ ਨਾਂਅ ’ਤੇ ਲੋਕਾਂ ਦੇ ਖੂਨ ਨਾਲ ਹੱਥ ਨਹੀਂ ਰੰਗ ਸਕਦੀ। ਗੁਰੂ ਸਾਹਿਬ ਨੇ ਧਾਰਮਿਕ ਅਜ਼ਾਦੀ ਦੇ ਜੋ ਸੰਕਲਪ ਦਿੱਤੇ, ਜਿਸ ਤਰ੍ਹਾਂ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ, ਉਹ ਸਾਧਾਰਨ ਘਟਨਾ ਨਹੀਂ ਸਗੋਂ ਜ਼ਾਲਮ ਤਾਕਤਾਂ ਨੂੰ ਇਹ ਸੰਦੇਸ਼ ਸੀ ਕਿ ਮਨੁੱਖ ਦੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਅਧਿਕਾਰ ਅਟੱਲ, ਹਕੀਕਤ ਤੇ ਸਦੀਵੀ ਹਨ। ਅੱਜ ਆਧੁਨਿਕ, ਵਿਗਿਆਨਕ ਤੇ ਲੋਕਤੰਤਰ ਦੇ ਯੁੱਗ ’ਚ ਗੁਰੂ ਸਾਹਿਬ ਦੀ ਧਰਮ ਦ੍ਰਿਸ਼ਟੀ ਤੇ ਕੁਰਬਾਨੀ ਨੂੰ ਮਨੁੱਖੀ ਹੱਕਾਂ ਦੀ ਸ਼ਾਨ ਮੰਨਿਆ ਜਾਂਦਾ ਹੈ। ਕਿਸੇ ਵੀ ਆਧੁਨਿਕ ਸਮਾਜ ਦੀ ਕਲਪਨਾ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਪਾਸੇ ਰੱਖ ਕੇ ਨਹੀਂ ਕੀਤੀ ਜਾ ਸਕਦੀ। ਬਰਾਬਰੀ ਅਤੇ ਅਜ਼ਾਦੀ ਤੋਂ ਬਿਨਾ ਆਧੁਨਿਕਤਾ ਦੀ ਹੋਂਦ ਹੀ ਬੇਮਾਇਨਾ ਹੈ।

ਤਿਲਕ ਰਾਜ ਇੰਸਾਂ,
ਸੰਪਾਦਕ ਸੱਚ ਕਹੂੰ।