ਸ਼ੀਸ਼ੇ ਦੀ ਕੰਧ ਪਿੱਛੇ ਕੁਲਭੂਸ਼ਣ ਜਾਧਵ ਨਾਲ ਹੋਈ ਮਾਂ ਤੇ ਪਤਨੀ ਦੀ ਮੁਲਾਕਾਤ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ‘ਚ ਫਾਂਸੀ ਦੀ ਸਜ਼ਾਯਾਫ਼ਤਾ ਪਾਏ ਭਾਰਤੀ ਸਮੁੰਦਰੀ ਫੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨਾਲ ਉਸ ਦੀ ਪਤਨੀ ਅਤੇ ਮਾਂ ਨੇ ਅੱਜ ਇੱਥੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ‘ਚ ਮੁਲਾਕਾਤ ਕੀਤੀ। ਇਸ ਦੌਰਾਨ ਪਾਕਿਸਤਾਨ ‘ਚ ਭਾਰਤ ਦੇ ਉਪ ਹਾਈ ਕਮਿਸ਼ਨ ਜੇ ਪੀ ਸਿੰਘ ਵੀ ਮੌਜ਼ੂਦ ਸਨ। ਸਰਕਾਰੀ ਜਾਣਕਾਰੀ ਅਨੁਸਾਰ ਇਹ ਮੁਲਾਕਾਤ ਲਗਭਗ 35 ਤੋਂ 40 ਮਿੰਟ ਚੱਲੀ ਕਮਾਂਡਰ ਜਾਧਵ ਦੀ ਮਾਂ ਅਤੇ ਪਤਨੀ ਅੱਜ ਦੁਪਹਿਰ ਲਗਭਗ ਸਾਢੇ 12 ਵਜੇ ਇਸਲਾਮਾਬਾਦ ਪਹੁੰਚੀਆਂ ਸਨ ਜਿੱਥੇ ਹਵਾਈ ਅੱਡੇ ‘ਤੇ ਪਾਕਿਸਤਾਨੀ ਵਿਦੇਸ਼ ਅਤੇ ਗ੍ਰਹਿ ਮੰਤਰਾਲਿਆਂ ਦੇ ਅਧਿਕਾਰੀ ਅਤੇ ਸਿੰਘ ਮੌਜ਼ੂਦ ਸਨ। (Kulbhushan Jadhav)
ਸਖ਼ਤ ਸੁਰੱਖਿਆ ਦਰਮਿਆਨ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਸਿੱਧੇ ਵਿਦੇਸ਼ ਮੰਤਰਾਲੇ ਲਿਆਂਦਾ ਗਿਆ। ਵੀਡੀਓ ਫੁਟੇਜ਼ ਅਨੁਸਾਰ ਵਿਦੇਸ਼ ਮੰਤਰਾਲੇ ਦੇ ਬਾਹਰ ਪਾਕਿਸਤਾਨੀ ਮੀਡੀਆ ਵੀ ਮੌਜ਼ੂਦ ਸੀ ਪਰ ਕਿਸੇ ਨੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ। ਸਿੰਘ ਕਮਾਂਡਰ ਜਾਧਵ ਦੀ ਮਾਂ ਅਤੇ ਪਤਨੀ ਨੂੰ ਲੈ ਕੇ ਇੱਕ ਕਾਲੇ ਰੰਗ ਦੀ ਐਸਯੂਵੀ ‘ਚ ਪਹੁੰਚੇ। ਇੱਥੇ ਪਹੁੰਚਣ ‘ਤੇ ਮਹਿਮਾਨਾਂ ਨੂੰ ਇੱਕ ਅਜਿਹੇ ਕਮਰੇ ‘ਚ ਲਿਜਾਇਆ ਗਿਆ ਜੋ ਸ਼ੀਸ਼ੇ ਦੀ ਮੋਟੀ ਕੰਧ ਨਾਲ ਦੋ ਹਿੱਸਿਆਂ ‘ਚ ਵੰਡਿਆ ਸੀ। (Kulbhushan Jadhav)
ਇੱਕ ਹਿੱਸੇ ‘ਚ ਕਮਾਂਡਰ ਜਾਧਵ ਬੈਠੇ ਸਨ। ਦੋਵੇਂ ਪਾਸੇ ਅਨੇਕਾਂ ਵੀਡੀਓ ਕੈਮਰੇ ਲਾਏ ਗਏ ਸਨ। ਗੱਲਬਾਤ ਨੂੰ ਰਿਕਾਰਡ ਕਰਨ ਲਈ ਅਤਿਆਧੁਨਿਕ ਸੈਂਸਰ ਲੱਗੇ ਯੰਤਰ ਵੀ ਲਾਏ ਗਏ ਸਨ। ਦੂਜੇ ਹਿੱਸੇ ‘ਚ ਕਮਾਂਡਰ ਜਾਧਵ ਦੀ ਮਾਂ ਅਤੇ ਪਤਨੀ ਦੀ ਕੁਰਸੀ ਲਾਈ ਗਈ ਸੀ ਜਦੋਂਕਿ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਮਹਿਲਾ ਅਧਿਕਾਰੀ ਅਤੇ ਸਿੰਘ ਪਿੱਛੇ ਬੈਠੇ ਗੱਲਬਾਤ ‘ਤੇ ਤਿੱਖੀ ਨਜ਼ਰ ਲਾਈ ਬੈਠੇ ਸਨ। ਕਮਰੇ ਦੇ ਦੋਵਾਂ ਪਾਸਿਓਂ ਗੱਲਬਾਤ ਇਲੈਕਟ੍ਰੋਨਿਕ ਜ਼ਰੀਏ ਹੋ ਰਹੀ ਸੀ ਤਾਂ ਕਿ ਮੂੰਹ ‘ਚੋਂ ਨਿਕਲਿਆ ਇੱਕ ਵੀ ਸ਼ਬਦ ਰਿਕਾਰਡ ‘ਚੋਂ ਬਾਹਰ ਨਾ ਰਹੇ ਕੋਈ ਅਜਿਹੀ ਫੁਸਫੁਸਾ ਕਰਕੇ ਜਾਂ ਇਸ਼ਾਰਿਆਂ ਨਾਲ ਵੀ ਕੁਝ ਨਹੀਂ ਕਹਿ ਸਕਦਾ ਸੀ। ਪਾਕਿਸਤਾਨ ਸਰਕਾਰ ਨੇ ਇਸ ਨੂੰ ਆਪਣੇ ਦੇਸ਼ ਦੇ ਬਾਣੀ ਮੁਹੰਮਦ ਅਲੀ ਜਿੰਨਾ ਦੇ ਜਨਮ ਦਿਨ ਮੌਕੇ ਇੱਕ ਮਨੁੱਖੀ ਮੁਲਾਕਾਤ ਕਰਾਰ ਦਿੱਤਾ ਸੀ।
ਸੋਮਵਾਰ ਨੂੰ ਹੀ ਭਾਰਤ ਪਰਤ ਗਿਆ ਜਾਧਵ ਦਾ ਪਰਿਵਾਰ | Kulbhushan Jadhav
ਭਾਰਤੀ ਸਮੇਂ ਅਨੁਸਾਰ ਲਗਭਗ ਚਾਰ ਵਜੇ ਮਾਂ ਅਤੇ ਪਤਨੀ ਭਾਰੀ ਮਨ ਨਾਲ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਇਮਾਰਤ ‘ਚੋਂ ਨਿਕਲੇ ਅਤੇ ਇਸ ਵਾਰ ਇੱਕ ਸਫੇਦ ਐਸਯੂਵੀ ‘ਚ ਸਵਾਰ ਹੋ ਕੇ ਭਾਰਤੀ ਹਾਈ ਕਮਿਸ਼ਨ ਲਈ ਰਵਾਨਾ ਹੋਏ ਜਿੱਥੇ ਭਾਰਤੀ ਡਿਪਲੋਮੈਂਟ ਅਧਿਕਾਰੀਆਂ ਨੇ ਮਾਂ ਅਤੇ ਪਤਨੀ ਨਾਲ ਗੱਲਬਾਤ ਕੀਤੀ। ਸੂਤਰਾਂ ਅਨੁਸਾਰ ਕਮਾਂਡਰ ਜਾਧਵ ਦੀ ਮਾਂ ਅਤੇ ਪਤਨੀ ਦੁਬਈ ਹੁੰਦੇ ਹੋਏ ਇਸਲਾਮਾਬਾਦ ਪਹੁੰਚੀਆਂ ਸਨ ਅਤੇ ਉਹ ਅੱਜ ਹੀ ਭਾਰਤ ਪਰਤਣਗੀਆਂ। ਭਾਰਤੀ ਮੀਡੀਆ ਨੇ ਇਸ ਮੁਲਾਕਾਤ ਦੇ ਤੌਰ ਤਰੀਕਿਆਂ ਨੂੰ ਲੈ ਕੇ ਸਵਾਲ ਚੁੱਕੇ ਹਨ ਅਤੇ ਕਮਾਂਡਰ ਜਾਧਵ ਅਤੇ ਉਨ੍ਹਾਂ ਦੀ ਮਾਂ ਅਤੇ ਪਤਨੀ ਦਰਮਿਆਨ ਸ਼ੀਸ਼ੇ ਦੀ ਕੰਧ ਲਾਏ ਜਾਣ ਦੀ ਸਖ਼ਤ ਅਲੋਚਨਾ ਕੀਤੀ ਹੈ।