Shubman Gill: ਸਪੋਰਟਸ ਡੈਸਕ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਗਰਦਨ ਦੀ ਸੱਟ ਲੱਗਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਐਤਵਾਰ ਨੂੰ, ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੁੱਡਲੈਂਡਜ਼ ਮਲਟੀਸਪੈਸ਼ਲਿਟੀ ਹਸਪਤਾਲ ’ਚ ਗਿੱਲ ਨੂੰ ਮਿਲਣ ਗਏ। ਭਾਰਤ ਨੂੰ ਈਡਨ ਗਾਰਡਨ ਦੀ ਚੁਣੌਤੀਪੂਰਨ ਪਿੱਚ ’ਤੇ 30 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਮਹਿਮਾਨ ਟੀਮ ਨੂੰ ਦੋ ਮੈਚਾਂ ਦੀ ਲੜੀ ’ਚ 1-0 ਦੀ ਲੀਡ ਮਿਲ ਗਈ ਹੈ।
ਦੂਜਾ ਟੈਸਟ ਖੇਡਣ ’ਤੇ ਸ਼ੱਕ | Shubman Gill
ਗਿੱਲ ਨੂੰ ਮੈਚ ਦੇ ਦੂਜੇ ਦਿਨ ਬੱਲੇਬਾਜ਼ੀ ਕਰਦੇ ਸਮੇਂ ਸੱਟ ਲੱਗੀ। ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਉਹ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਸਨ ਤੇ ਦੂਜੀ ਪਾਰੀ ਲਈ ਉਪਲਬਧ ਨਹੀਂ ਸੀ, ਜਦੋਂ ਭਾਰਤੀ ਟੀਮ 93 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਟੀਮ ਪ੍ਰਬੰਧਨ ਗਿੱਲ ਦੀ ਫਿਟਨੈਸ ’ਤੇ ਨਜ਼ਰ ਰੱਖ ਰਿਹਾ ਹੈ, ਪਰ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਹ 22 ਨਵੰਬਰ ਨੂੰ ਗੁਹਾਟੀ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ’ਚ ਖੇਡ ਸਕਣਗੇ ਜਾ ਨਹੀਂ। ਭਾਰਤੀ ਟੀਮ ਮੰਗਲਵਾਰ ਨੂੰ ਗੁਹਾਟੀ ਲਈ ਰਵਾਨਾ ਹੋਵੇਗੀ।
ਪੂਰੇ ਦੋ ਸੈਸ਼ਨ ਵੀ ਨਹੀਂ ਟਿਕ ਸਕੀ ਭਾਰਤੀ ਟੀਮ
ਤੀਜੇ ਦਿਨ, ਦੱਖਣੀ ਅਫਰੀਕਾ ਦੀ ਦੂਜੀ ਪਾਰੀ 153 ਦੌੜਾਂ ’ਤੇ ਆਲ ਆਊਟ ਹੋ ਗਈ, ਜਿਸ ਨਾਲ 123 ਦੌੜਾਂ ਦੀ ਲੀਡ ਮਿਲੀ ਤੇ ਭਾਰਤ ਨੂੰ 124 ਦੌੜਾਂ ਦਾ ਟੀਚਾ ਮਿਲਿਆ। ਦੂਜੀ ਪਾਰੀ ਵਿੱਚ ਭਾਰਤ ਦੀ ਬੱਲੇਬਾਜ਼ੀ ਬਹੁਤ ਮਾੜੀ ਰਹੀ ਤੇ ਟੀਮ ਦੂਜੇ ਸੈਸ਼ਨ ਵਿੱਚ ਹੀ 93 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਦੀ ਬੱਲੇਬਾਜ਼ੀ ਇੰਨੀ ਮਾੜੀ ਸੀ ਕਿ ਛੇ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਭਾਰਤੀ ਬੱਲੇਬਾਜ਼ ਪੂਰੇ ਸਮੇਂ ਸੰਘਰਸ਼ ਕਰਦੇ ਰਹੇ ਤੇ ਦੋ ਪੂਰੇ ਸੈਸ਼ਨਾਂ ਤੱਕ ਬੱਲੇਬਾਜ਼ੀ ਨਹੀਂ ਕਰ ਸਕੇ।














