ਹਲਕਾ ਵਿਧਾਇਕ ਸਮੇਤ ਬੀਜੇਪੀ ਜ਼ਿਲ੍ਹਾ ਪ੍ਰਧਾਨ ਨੇ ਵਿਖਾਈ ਹਰੀ ਝੰਡੀ
Vande Bharat Welcome Faridkot: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫਿਰੋਜ਼ਪੁਰ ਤੋਂ ਦਿੱਲੀ ਲਈ ਸ਼ੁਰੂ ਕੀਤੀ ਗਈ ਵੰਦੇ ਭਾਰਤ ਐਕਸਪ੍ਰੈਸ ਦਾ ਫਰੀਦਕੋਟ ਰੇਲਵੇ ਸਟੇਸ਼ਨ ‘ਤੇ ਇਲਾਕਾ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਸਮੇਤ ਹੋਰ ਰਾਜਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਵੱਲੋਂ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।
ਇਲਾਕਾ ਨਿਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਫਰੀਦਕੋਟ ਰਾਹੀਂ ਤੇਜ਼ ਗਤੀ ਵਾਲੀਆਂ ਟ੍ਰੇਨਾਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਅੱਜ ਸਵੇਰੇ ਹੀ ਇਸ ਟ੍ਰੇਨ ਨੂੰ ਫਿਰੋਜ਼ਪੁਰ ਤੋਂ ਰਵਾਨਾ ਕੀਤਾ ਗਿਆ ਅਤੇ ਵਾਰਾਨਸੀ ਵਿਖੇ ਹੋਏ ਰਾਸ਼ਟਰੀ ਸਮਾਗਮ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਨੂੰ ਹਰੀ ਝੰਡੀ ਦਿਖਾਈ ਗਈ।
ਇਹ ਵੀ ਪੜ੍ਹੋ: Diabetes Health Tips: ਸਿਰਫ਼ ਮਠਿਆਈਆਂ ਖਾਣ ਨਾਲ ਨਹੀਂ ਹੁੰਦੀ ਸ਼ੂਗਰ, ਜਾਣੋ ਇਸਦੇ ਅਸਲ ਕਾਰਨ
ਫਰੀਦਕੋਟ ਰੇਲਵੇ ਸਟੇਸ਼ਨ ‘ਤੇ ਰੇਲਵੇ ਵਿਭਾਗ ਵੱਲੋਂ ਕਰਵਾਏ ਸਵਾਗਤੀ ਸਮਾਰੋਹ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਟ੍ਰੇਨ ਦੇ ਪਹਿਲੀ ਵਾਰ ਫਰੀਦਕੋਟ ਪਹੁੰਚਣ ‘ਤੇ ਖੁਸ਼ੀ ਜ਼ਾਹਿਰ ਕੀਤੀ। ਲੋਕਾਂ ਨੇ ਕਿਹਾ ਕਿ ਇਸ ਟ੍ਰੇਨ ਨਾਲ ਇਲਾਕੇ ਦੇ ਵਾਸੀਆਂ ਦੀ ਪੁਰਾਣੀ ਮੰਗ ਪੂਰੀ ਹੋਈ ਹੈ ਅਤੇ ਉਹ ਇਸ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ। ਇਸੇ ਦੌਰਾਨ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਟ੍ਰੇਨ ਬੁੱਧਵਾਰ ਤੋਂ ਇਲਾਵਾ ਹਫਤੇ ਦੇ ਬਾਕੀ ਸਾਰੇ ਦਿਨ ਚੱਲਿਆ ਕਰੇਗੀ। ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਨਾਲ ਮਾਲਵਾ ਇਲਾਕੇ ਦੇ ਲੋਕਾਂ ਨੂੰ ਸਹੂਲਤ ਅਤੇ ਸਮੇਂ ਦੀ ਬੱਚਤ ਦੋਵੇਂ ਮਿਲਣਗੀਆਂ।














