Mansa News: ਪਰਾਲੀ ਨਿਬੇੜੇ ਦੀ ਜ਼ਿੰਮੇਵਾਰੀ ਤੋਂ ਭੱਜੀਆਂ ਸਰਕਾਰਾਂ : ਕਿਸਾਨ ਆਗੂ
Mansa News: ਮਾਨਸਾ (ਸੁਖਜੀਤ ਮਾਨ)। ਸਾਉਣੀ ਦੇ ਇਸ ਸੀਜਨ ’ਚ ਝੋਨੇ ਦਾ ਝਾੜ ਕਾਫੀ ਘਟ ਗਿਆ ਹੈ। ਘੱਟ ਝਾੜ ਨਾਲ ਠੇਕੇ ’ਤੇ ਜਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਜ਼ਿਆਦਾ ਆਰਥਿਕ ਮਾਰ ਪਈ ਹੈ। ਘੱਟ ਝਾੜ ਤੋਂ ਇਲਾਵਾ ਖੇਤਾਂ ’ਚੋਂ ਪਰਾਲੀ ਦਾ ਨਿਪਟਾਰਾ ਵੀ ਕਿਸਾਨਾਂ ਲਈ ਸੰਕਟ ਬਣਿਆ ਹੋਇਆ ਹੈ। ਸਰਕਾਰ ਅਤੇ ਖੇਤੀਬਾੜੀ ਵਿਭਾਗ ਪਰਾਲੀ ਨੂੰ ਨਾ ਸਾੜਨ ਦਾ ਹੋਕਾ ਦੇ ਰਿਹਾ ਹੈ ਪਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੇਲਰਾਂ ਆਦਿ ਦੀ ਘਾਟ ਕਾਰਨ ਸਮੇਂ ਸਿਰ ਖੇਤਾਂ ’ਚੋਂ ਪਰਾਲੀ ਨਾ ਚੁੱਕੀ ਜਾਣ ਕਰਕੇ ਕਣਕ ਦੀ ਬਿਜਾਈ ਪਛੜੇਗੀ ਇਸ ਲਈ ਸਰਕਾਰ ਸਖਤਾਈ ਨਾ ਵਰਤੇ। ਕਿਸਾਨ ਯੂਨੀਅਨਾਂ ਵੱਲੋਂ ਇਸ ਮਸਲੇ ’ਤੇ ਲਗਾਤਾਰ ਇਕੱਠ ਕੀਤੇ ਜਾ ਰਹੇ ਹਨ।
ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਚਕੇਰੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵੀ ਇਸ ਸਬੰਧ ’ਚ ਰੈਲੀ ਕੀਤੀ ਗਈ। ਰੈਲੀ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 250 ਪਿੰਡਾਂ ਵਿੱਚ ਪਰਾਲੀ ਦੀਆਂ ਗੰਢਾਂ ਬੰਨਣ ਲਈ ਸਿਰਫ 125 ਬੇਲਰ ਹਨ। Paddy Yield
Mansa News
ਲਗਭਗ ਅੱਧਾ ਝੋਨਾ ਵੱਢਿਆ ਗਿਆ ਹੈ ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਰਾਲੀ ਦੇ ਪ੍ਰਬੰਧਨ ਲਈ ਨਾ ਤਾਂ ਕਿਸਾਨਾਂ ਨੂੰ ਸਰਕਾਰ ਨੇ ਮਸ਼ੀਨਰੀ ਮੁਹੱਈਆ ਕਰਵਾਈ ਹੈ ਅਤੇ ਨਾ ਹੀ ਕੋਈ ਨਗਦ ਮੁਆਵਜ਼ਾ ਦਿੱਤਾ ਹੈ । ਉਹਨਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਬੇਲਰਾਂ ਨੇ ਪਰਾਲੀ ਦੀਆਂ ਗੰਢਾਂ ਬੰਨ੍ਹੀਆਂ ਹਨ, ਉਹ ਵੀ ਕਿਸਾਨਾਂ ਤੋਂ 1000 ਜਾਂ 1500 ਰੁਪਏ ਦਿੱਤੇ ਬਿਨਾਂ ਗੰਢਾਂ ਚੁੱਕਣ ਤੋਂ ਇਨਕਾਰੀ ਹਨ ਤੇ ਖੇਤਾਂ ਵਿੱਚ ਝੋਨੇ ਦੀ ਵਾਢ ਦੁਬਾਰਾ ਹਰੀ ਹੋਣ ਲੱਗੀ ਹੈ। Mansa News
Read Also : ਮੁੱਖ ਮੰਤਰੀ ਮਾਨ ਦੇ ਦੌਰੇ ਤੋਂ ਪਹਿਲਾਂ ਅਲਰਟ! ਵਧਾਈ ਗਈ ਹੈ ਸੁਰੱਖਿਆ
ਕਿਸਾਨ ਆਗੂਆਂ ਨੇ ਤਰਕ ਦਿੱਤਾ ਹੈ ਕਿ ਜੇਕਰ ਕਣਕ ਦੀ ਬਿਜਾਈ 15 ਨਵੰਬਰ ਤੱਕ ਕਣਕ ਨਾ ਕੀਤੀ ਗਈ ਤਾਂ ਹਰ ਹਫਤੇ ਡੇਢ ਕੁਇੰਟਲ ਪ੍ਰਤੀ ਏਕੜ ਝਾੜ ਘਟ ਜਾਣ ਦਾ ਖਦਸ਼ਾ ਹੈ ਪਰ ਸਰਕਾਰ ਅਤੇ ਉਸਦੀਆਂ ਏਜੰਸੀਆਂ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ। ਮਾਨਸਾ ਜਿਲ੍ਹੇ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਦਾ ਹੜ੍ਹਾਂ ਨੇ ਨੁਕਸਾਨ ਕਰ ਦਿੱਤਾ, ਦੂਸਰਾ ਹਲਦੀ ਰੋਗ ਤੇ ਚੀਨੀ ਵਾਇਰਸ ਕਾਰਨ ਝੋਨੇ ਦਾ ਝਾੜ 10 ਕੁਇੰਟਲ ਪ੍ਰਤੀ ਏਕੜ ਤੱਕ ਘੱਟ ਗਿਆ ਹੈ ।
ਹਲਦੀ ਰੋਗ ਕਾਰਨ ਬਾਕੀ ਬਚੇ ਝੋਨੇ ਦਾ ਛਿਲਕਾ ਬਦਰੰਗ ਹੋ ਗਿਆ ਹੈ ਭਾਵੇਂ ਕਿ ਦਾਣਾ ਪੂਰੀ ਤਰ੍ਹਾਂ ਠੀਕ ਹੈ ਪ੍ਰੰਤੂ ਸੈਲਰਾਂ ਵਾਲਿਆਂ ਵੱਲੋਂ ਇਸਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ । ਜਥੇਬੰਦੀ ਦੇ ਆਗੂਆਂ ਨੇੇ ਪਰਾਲੀ ਮਸਲੇ ’ਤੇ ਚਿਤਾਵਨੀ ਦਿੱਤੀ ਕਿ ਮਸ਼ੀਨਰੀ ਅਤੇ ਮੁਆਵਜ਼ੇ ਦੀ ਅਣਹੋਂਦ ਵਿੱਚ ਕਿਸਾਨਾਂ ਦੇ ਖਿਲਾਫ਼ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਜਥੇਬੰਦੀ ਡਟਵਾਂ ਵਿਰੋਧ ਕਰੇਗੀ । ਇਸ ਮੌਕੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਸਮੇਤ ਚੇਤ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
ਸਨਅਤਾਂ ਫੈਲਾਉਂਦੀਆਂ ਨੇ ਵੱਧ ਪ੍ਰਦੂਸ਼ਣ : ਕਿਸਾਨ ਆਗੂ
ਇਸ ਮੌਕੇ ਕਿਸਾਨ ਆਗਆਂ ਨੇ ਪ੍ਰਦੂਸ਼ਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਬਿਨਾਂ ਕਿਸੇ ਵਿਗਿਆਨਕ ਅਧਾਰ ’ਤੇ ਜ਼ਿੰਮੇਵਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਤਰਕ ਦਿੱਤਾ ਕਿ 96 ਫੀਸਦੀ ਪ੍ਰਦੂਸ਼ਣ ਕਾਰਪੋਰੇਟ ਘਰਾਣਿਆਂ ਦੀਆਂ ਸਨਅਤਾਂ /ਫੈਕਟਰੀਆਂ ਫੈਲਾ ਰਹੀਆਂ ਹਨ ਪਰ ਪਰਾਲੀ ਦੇ ਪ੍ਰਦੂਸ਼ਣ ਦਾ ਕਿਸਾਨਾਂ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ । ਸਰਕਾਰ ਪਰਾਲੀ ਮਸਲੇ ਦਾ ਠੋਸ ਹੱਲ ਕਰੇ ਨਾ ਕਿ ਸਿਰਫ ਪ੍ਰਦੂਸ਼ਣ ਦੇ ਨਾਂਅ ’ਤੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾਵੇ।












