Punjab Relief Fund: ਆਫ਼ਤ ਫੰਡ ’ਚ12,590 ਕਰੋੜ ਹੋਣ ਦੇ ਬਾਵਜੂਦ ਨਹੀਂ ਹੋ ਰਹੇ ਖ਼ਰਚ
- ਪੰਜਾਬ ਸਰਕਾਰ ਨੇ ਬਣਾਈ ਸੀ 13 ਹਜ਼ਾਰ ਕਰੋੜ ਦੇ ਨੁਕਸਾਨ ਦੀ ਰਿਪੋਰਟ | Punjab News
Punjab Relief Fund: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੁਣ ਤੱਕ ਦੇ ਇਤਿਹਾਸ ਵਿੱਚ ਆਏ ਸਭ ਤੋਂ ਜ਼ਿਆਦਾ ਨੁਕਸਾਨ ਵਾਲੇ ਹੜ੍ਹਾਂ ਤੋਂ ਬਾਅਦ ਜ਼ਿਆਦਾਤਰ ਪ੍ਰਭਾਵਿਤ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਰਕਾਰੀ ਮੁਆਵਜਾ ਹੀ ਸਮੇਂ ਸਿਰ ਨਹੀਂ ਮਿਲ ਰਿਹਾ ਹੈ। ਹੁਣ ਤੱਕ ਪੰਜਾਬ ਸਰਕਾਰ ਸਿਰਫ਼ 533 ਕਰੋੜ ਰੁਪਏ ਦਾ ਹੀ ਖ਼ਰਚਾ ਕਰ ਸਕੀ ਹੈ, ਜਦੋਂਕਿ ਖ਼ੁਦ ਪੰਜਾਬ ਸਰਕਾਰ ਵਲੋਂ ਇਨ੍ਹਾਂ ਹੜ੍ਹਾਂ ਕਰਕੇ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਨੁਕਸਾਨ ਹੋਣ ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਗਈ ਅਤੇ ਇਸ ਵਿੱਚ 5 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਦੀ ਫਸਲ ਖ਼ਰਾਬ ਹੋਣ ਦੇ ਨਾਲ ਹੀ ਸੈਕੜੇ ਮਕਾਨ ਨੁਕਸਾਨ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਸੀ,
ਜਦੋਂ ਕਿ ਇਨ੍ਹਾਂ ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਨੂੰ ਰਾਹਤ ਦੇਣ ਦੀ ਰਫ਼ਤਾਰ ਨਾ ਸਿਰਫ਼ ਸੁਸਤ ਹੈ, ਸਗੋਂ ਕਾਫ਼ੀ ਜ਼ਿਆਦਾ ਢਿੱਲੀ ਵੀ ਨਜ਼ਰ ਆ ਰਹੀ ਹੈ। ਇਹੋ ਜਿਹਾ ਨਹੀਂ ਹੈ ਕਿ ਰਾਜ ਆਫ਼ਤ ਰਿਸਪਾਂਸ ਫੰਡ ਵਿੱਚ ਪੈਸਾ ਨਹੀਂ ਪਿਆ ਹੈ, ਇਸ ਸਮੇਂ ਇਸ ਵਿੱਚ 12 ਹਜ਼ਾਰ 590 ਕਰੋੜ ਰੁਪਏ ਪਏ ਹਨ ਪਰ ਇਸ ਦੇ ਬਾਵਜੂਦ ਸੂਬਾ ਸਰਕਾਰ ਤੇਜੀ ਨਾਲ ਇਸ ਪੈਸੇ ਨੂੰ ਤੇਜ਼ੀ ਨਾਲ ਖ਼ਰਚ ਨਹੀਂ ਕਰ ਰਹੀ।
Punjab News
ਜਾਣਕਾਰੀ ਅਨੁਸਾਰ ਬੀਤੇ ਦੋ ਮਹੀਨੇ ਪਹਿਲਾਂ ਅਗਸਤ ਦੇ ਤੀਜ਼ੇ ਹਫ਼ਤੇ ਵਿੱਚ ਪੰਜਾਬ ਵਿੱਚ ਭਾਰੀ ਮੀਂਹ ਪੈਣ ਅਤੇ ਪਹਾੜੀ ਇਲਾਕੇ ਤੋਂ ਆਏ ਪਾਣੀ ਨੇ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਤਬਾਹੀ ਮਚਾਈ ਸੀ। ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਫਾਜ਼ਿਲ਼ਕਾ, ਤਰਨਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਹੋਈ ਸੀ। ਇਨ੍ਹਾਂ ਜ਼ਿਲ੍ਹਿਆਂ ਦੇ ਕਈ ਦਰਜ਼ਨ ਪਿੰਡਾਂ ਵਿੱਚ ਹੜ੍ਹਾਂ ਨੇ ਜਿਥੇ ਕਿਸਾਨਾਂ ਦੀ ਫਸਲ ਤਬਾਹ ਕਰ ਦਿੱਤੀ ਸੀ ਤਾਂ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪੰਹੁਚਾਇਆ ਗਿਆ ਸੀ।
Read Also: ਡਿਜੀਟਲ ਅਰੈੱਸਟ ਘਪਲਿਆਂ ਸਬੰਧੀ ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ
ਪੰਜਾਬ ਵਿੱਚ 60 ਤੋਂ ਜ਼ਿਆਦਾ ਵਿਅਕਤੀ ਮੌਤ ਦਾ ਸ਼ਿਕਾਰ ਹੋ ਗਏ ਸਨ ਇਸ ਦੇ ਨਾਲ ਹੀ ਕਿਸਾਨਾਂ ਦੇ ਪਸ਼ੂਆਂ ਦੀ ਵੀ ਵੱਡੇ ਪੱਧਰ ’ਤੇ ਮੌਤ ਹੋਈ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਆਵਜ਼ਾ ਵੰਡਣ ਦਾ ਸਾਰਾ ਕੰਮ ਅਗਲੇ 45 ਦਿਨਾਂ ਵਿੱਚ ਮੁਕੰਮਲ ਕਰਨ ਲਈ ਕਿਹਾ ਸੀ ਪਰ ਹੁਣ 45 ਦਿਨਾਂ ਦਾ ਸਮਾਂ ਵੀ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਪਰ ਪੰਜਾਬ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਸਮੇਂ ਸਿਰ ਹੋਏ ਹੜ੍ਹ ਪ੍ਰਭਾਵਿਤਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਦੇ ਨਾਲ ਹੀ ਮੁਕੰਮਲ ਰਾਹਤ ਨਹੀਂ ਦਿੱਤੀ ਗਈ ਹੈ।
ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਹੁਣ ਤੱਕ ਸਿਰਫ਼ 533 ਕਰੋੜ ਰੁਪਏ ਹੀ ਖ਼ਰਚ ਕੀਤੇ ਗਏ ਹਨ, ਜਦੋਂ ਕਿ ਕਿਸਾਨਾਂ ਦਾ ਫਸਲ ਦਾ ਮੁਆਵਜ਼ਾ ਹੀ ਇਸ ਤੋਂ ਕਾਫ਼ੀ ਜ਼ਿਆਦਾ ਬਣਦਾ ਹੈ, ਇਸ ਤੋਂ ਇਲਾਵਾ ਬਾਕੀ ਨੁਕਸਾਨ ਅਤੇ ਮੁਆਵਜ਼ਾ ਵੱਖਰੇ ਦੱਸੇ ਜਾ ਰਹੇ ਹਨ। ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਇਸ ਸੁਸਤ ਰਫ਼ਤਾਰ ਨਾਲ ਮੁਆਵਜ਼ਾ ਰਾਸ਼ੀ ਮਿਲਣ ਵਿੱਚ ਹੋਰ ਦੀ ਸੰਭਵ ਨਜ਼ਰ ਆ ਰਹੀ ਹੈ।
ਸਭ ਤੋਂ ਵੱਧ ਗੁਰਦਾਸਪੁਰ ’ਚ ਤੇ ਸਭ ਤੋਂ ਘੱਟ ਮਲੇਰਕੋਟਲਾ ’ਚ ਵੰਡਿਆ ਗਿਆ ਮੁਆਵਜ਼ਾ
ਪੰਜਾਬ ਵਿੱਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਵਿੱਚ ਲਗਭਗ ਹਰ ਜਿਲ੍ਹੇ ਵਿੱਚ ਹੀ ਨੁਕਸਾਨ ਹੋਇਆ ਸੀ ਅਤੇ ਵੱਡੇ ਪੱਧਰ ’ਤੇ ਨੁਕਸਾਨ ਦੀ ਰਿਪੋਰਟ ਵੀ ਤਿਆਰ ਕੀਤੀ ਗਈ ਸੀ। ਹੁਣ ਮੁਆਵਜ਼ਾ ਰਾਸ਼ੀ ਵੰਡਣ ਅਤੇ ਖ਼ਰਚਾ ਕਰਨ ਦੀ ਤਾਜ਼ਾ ਰਿਪੋਰਟ ਅਨੁਸਾਰ ਮਲੇਰਕੋਟਲਾ ਇਹੋ ਜਿਹਾ ਜ਼ਿਲ੍ਹਾ ਹੈ, ਜਿਥੇ ਸਭ ਤੋਂ ਘੱਟ ਖ਼ਰਚਾ ਕੀਤਾ ਗਿਆ ਹੈ। ਮਲੇਰਕੋਟਲਾ ਵਿਖੇ ਹੜ੍ਹਾਂ ਦੇ ਨੁਕਸਾਨ ਕਾਰਨ ਰਾਹਤ ਕਾਰਜ ਅਤੇ ਮੁਆਵਜ਼ੇ ਵਿੱਚ ਸਿਰਫ਼ 38 ਹਜ਼ਾਰ 540 ਰੁਪਏ ਹੀ ਹੁਣ ਤੱਕ ਖ਼ਰਚ ਕੀਤੇ ਗਏ ਹਨ। ਜੇਕਰ ਸਿਰਫ਼ ਫਸਲ ਦਾ ਨੁਕਸਾਨ ਹੀ ਦੇਖ ਲਿਆ ਜਾਵੇ ਤਾਂ ਇਹ ਮੁਆਵਜ਼ਾ ਰਾਸ਼ੀ ਦੋ ਏਕੜ ਦੇ ਨੁਕਸਾਨ ਦੀ ਭਰਪਾਈ ਵੀ ਨਹੀਂ ਕਰ ਪਾ ਰਹੀ ਹੈ।














