
Attack On School Bus: (ਮਨੋਜ ਗੋਇਲ) ਬਾਦਸ਼ਾਹਪੁਰ। ਸਥਾਨਕ ਇੱਕ ਨਾਮੀ ਡੀ,.ਏ.ਵੀ ਸੀਨੀਅਰ ਸੈਕੈਂਡਰੀ ਸਕੂਲ ਦੀ ਬੱਸ ਉੱਪਰ ਇੱਕ ਵਿਅਕਤੀ ਵੱਲੋਂ ਡੰਡਿਆ ਨਾਲ ਹਮਲਾ ਕਰਨ ਉਪਰੰਤ ਬੱਸ ਦੇ ਸ਼ੀਸ਼ੇ ਦੀ ਭੰਨ-ਤੋੜ ਕੀਤੀ ਗਈ ਇਸ ਹਮਲੇ ਦੌਰਾਨ ਬੱਸ ਅੰਦਰ ਸਵਾਰ ਸਕੂਲੀ ਬੱਚਿਆਂ ਵਿੱਚੋਂ ਤਿੰਨ ਬੱਚਿਆਂ ਦੇ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈl
ਜਾਣਕਾਰੀ ਅਨੁਸਾਰ ਸਕੂਲ ਬੱਸ ਦੇ ਡਰਾਈਵਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਵੇਰ ਸਮੇਂ ਉਹ ਸਕੂਲ ਲਈ ਬੱਚੇ ਲੈਣ ਲਈ ਸਿਉਨਾ -ਕਾਠ ਜਾ ਰਹੇ ਸਨ ਤਾਂ ਮੋੜ ਤੰਗ ਹੋਣ ਕਾਰਨ ਇੱਕ ਮੋਟਰਸਾਈਕਲ ਸਵਾਰ ਸੜਕ ਤੋਂ ਹੇਠਾਂ ਉਤਰ ਗਿਆ ਅਤੇ ਮੋਟਰ ਸਾਈਕਲ ਡਿੱਗ ਗਿਆ। ਉਸਨੇ ਦੱਸਿਆ ਕਿ ਇਸ ਮੋਟਰਸਾਈਕਲ ਸਵਾਰ ਨੇ ਮੇਰੀ ਤਾਕੀ ਖੋਲ੍ਹ ਕੇ ਮੈਨੂੰ ਹੇਠਾਂ ਆਉਣ ਲਈ ਕਿਹਾ। ਡਰਾਈਵਰ ਨੇ ਉਸ ਨੂੰ ਕਿਹਾ ਕਿ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਜਗ੍ਹਾ ਤੰਗ ਹੋਣ ਕਾਰਨ ਹੀ ਤੁਹਾਡਾ ਮੋਟਰਸਾਈਕਲ ਨੀਚੇ ਉਤਰਿਆ ਹੈ ਕੇ ਉਹ ਮੇਰੇ ਨਾਲ ਖਿੱਚ-ਧੂਹ ਕਰਨ ਲੱਗਿਆ। ਡਰਾਈਵਰ ਨੇ ਦੱਸਿਆ ਕਿ ਉਸਦੇ ਨਾ ਮੰਨਣ ’ਤੇ ਮੈਂ ਫਿਰ ਵੀ ਉਸ ਤੋਂ ਮਾਫੀ ਮੰਗੀ ਅਤੇ ਨੇੜੇ ਖੜੇ ਲੋਕਾਂ ਨੇ ਛੁਡਵਾ ਦਿੱਤਾ।
ਰਸਤੇ ਨੂੰ ਲੈ ਕੇ ਹੋਇਆ ਵਿਵਾਦ
ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਪਿੰਡ ਅੰਦਰ ਸਕੂਲੀ ਬੱਚੇ ਬਿਠਾ ਰਿਹਾ ਸੀ ਤਾਂ ਇਹ ਵਿਅਕਤੀ ਡੰਡਾ ਲੈ ਕੇ ਬੱਸ ਦੇ ਫਿਰ ਅੱਗੇ ਆ ਗਿਆ। ਇਸ ਨੇ ਮੈਨੂੰ ਫਿਰ ਥੱਲੇ ਆਉਣ ਲਈ ਕਿਹਾ ਜਦੋਂ ਮੈਂ ਨੀਚੇ ਨਾ ਉਤਰਿਆ ਇਸ ਨੇ ਜ਼ੋਰ ਨਾਲ ਡੰਡੇ ਸ਼ੀਸ਼ੇ ਉੱਪਰ ਮਾਰਨੇ ਸ਼ੁਰੂ ਕਰ ਦਿੱਤੇ। ਸ਼ੀਸ਼ਾ ਟੁੱਟਣ ਕਾਰਨ ਤਿੰਨ ਛੋਟੇ ਬੱਚਿਆਂ ਦੇ ਸੱਟਾਂ ਲੱਗੀਆਂ ਜਿਸ ਵਿੱਚੋਂ ਇੱਕ ਬੱਚੇ ਦੀ ਅੱਖ ਵਿੱਚ ਕੱਚ ਚਲਾ ਗਿਆ , ਦੂਸਰੇ ਬੱਚੇ ਦੇ ਸਿਰ ਵਿੱਚ ਕੱਚ ਲੱਗਿਆ ਅਤੇ ਤੀਸਰੇ ਬੱਚੇ ਦੀ ਠੋਢੀ ਵਿੱਚ ਕੱਚ ਲੱਗਿਆ। ਜਿਸ ਕਾਰਨ ਸਾਰੇ ਸਕੂਲੀ ਬੱਚੇ ਡਰ ਗਏ ਅਤੇ ਘਬਰਾਹਟ ਵਿੱਚ ਆ ਗਏ l
ਡਰਾਈਵਰ ਨੇ ਦੱਸਿਆ ਕਿ ਉਸ ਨੇ ਬੱਸ ਉਥੋਂ ਭਜਾ ਲਈ ਅਤੇ ਸਕੂਲ ਵਿੱਚ ਆ ਗਏ l ਜਿਸ ਤੋਂ ਬਾਅਦ ਇਹ ਮੋਟਰਸਾਈਕਲ ਸਵਾਰ ਵੀ ਮਗਰ ਸਕੂਲ ਵਿੱਚ ਪਹੁੰਚ ਗਿਆ ਅਤੇ ਸਕੂਲ ਅੰਦਰ ਵੀ ਇਸ ਨੇ ਕਾਫੀ ਰੌਲਾ ਰੱਪਾ ਪਾਇਆ। ਜਿਸ ਤੋਂ ਬਾਅਦ ਸਕੂਲ ਅਧਿਆਪਕਾਂ ਵੱਲੋਂ ਇਸ ਦੇ ਖਿਲਾਫ ਪੁਲਿਸ ਰਿਪੋਰਟ ਦਰਜ ਕਰਵਾਈ ਗਈ ! ਇਸ ਮਾਮਲੇ ਸਬੰਧੀ ਜਦੋਂ ਪੁਲਿਸ ਚੌਂਕੀ ਇੰਚਾਰਜ ਪ੍ਰੇਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਨੇਕ ਸਿੰਘ ਨਾਂਅ ਦਾ ਵਿਅਕਤੀ ਹੈ ਜੋ ਕਿ ਪਿੰਡ ਕਾਠ ਦਾ ਰਹਿਣ ਵਾਲਾ ਹੈ। ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ!
ਇਹ ਵੀ ਪੜ੍ਹੋ: Team India News: ਟੀਮ ਇੰਡੀਆ ਭਲਕੇ ਹੋਵੇਗੀ ਅਸਟਰੇਲੀਆ ਦੌਰੇ ਲਈ ਰਵਾਨਾ, ਵਿਰਾਟ ਕੋਹਲੀ ਦਿੱਲੀ ਪਹੁੰਚੇ
ਇਸ ਸਾਰੇ ਮਾਮਲੇ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਪੂਨਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਬਹੁਤ ਮੰਦਭਾਗਾ ਹੈ। ਇੱਕ ਸਕੂਲ ਬਸ ਉੱਪਰ ਡੰਡਿਆਂ ਦੇ ਨਾਲ ਹਮਲਾ ਕਰਨਾ ਕੋਈ ਸਮਝਦਾਰੀ ਨਹੀਂ l ਉਸਦੀ ਸਮਝਦਾਰੀ ਇਹ ਸੀ ਕਿ ਉਹ ਸਕੂਲ ਨਾਲ ਸੰਪਰਕ ਕਰਦਾ ਸਾਡੀ ਹਰ ਇੱਕ ਸਕੂਲ ਬੱਸ ਉੱਪਰ ਸਕੂਲ ਦਾ ਨੰਬਰ ਲਿਖਿਆ ਗਿਆ ਹੈ ਜਾਂ ਸਕੂਲ ਅੰਦਰ ਆ ਕੇ ਵੀ ਸ਼ਿਕਾਇਤ ਕਰ ਸਕਦਾ ਸੀ।
ਪਰ ਉਸਨੇ ਅਜਿਹਾ ਨਹੀਂ ਕੀਤਾ ਜੋ ਉਸਨੇ ਕੀਤਾ ਇਸ ਨਾਲ ਕੋਈ ਵੱਡਾ ਨੁਕਸਾਨ ਵੀ ਸਕੂਲੀ ਬੱਚਿਆਂ ਦਾ ਹੋ ਸਕਦਾ ਸੀ l ਜਿਸ ਬੱਚੇ ਦੀ ਅੱਖ ਵਿੱਚ ਕੱਚ ਲੱਗਿਆ ਹੈ ਉਹ ਹਸਪਤਾਲ ਵਿੱਚ ਦਾਖਲ ਹੈ ਤੇ ਦੂਸਰੇ ਬੱਚਿਆਂ ਨੂੰ ਵੀ ਮੈਡੀਕਲ ਸਹਾਇਤਾ ਦਿੱਤੀਆਂ ਗਈਆਂ ਹਨ ਜੋ ਕਿ ਫਿਲਹਾਲ ਠੀਕ ਹਨ ਉਹਨਾਂ ਨੇ ਦੱਸਿਆ ਕਿ ਅਸੀਂ ਸਾਰੇ ਪਹਿਲੂਆਂ ਤੋਂ ਪੂਰੀ ਜਾਂਚ ਕਰਵਾ ਲਈ ਹੈ ਕਿ ਡਰਾਈਵਰ ਦਾ ਇਸ ਵਿੱਚ ਕੋਈ ਵੀ ਕਸੂਰ ਨਹੀਂ ਹੈ l ਸਾਡੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। Attack On School Bus