ਡਿਪਟੀ ਕਮਿਸ਼ਨਰ ਨੇ ਖੁਦ ਦੌਰਾ ਕਰਕੇ ਨੈਸ਼ਨਲ ਹਾਈਵੇ ਤੇ ਲਿੰਕ ਸੜਕਾਂ ਦਾ ਕੀਤਾ ਨਿਰੀਖਣ

Punjab National Highway
ਫਤਹਿਗੜ੍ਹ ਸਾਹਿਬ : ਡਿਪਟੀ ਕਮਿਸਨਰ ਡਾ. ਸੋਨਾ ਥਿੰਦ ਚੈਕਿੰਗ ਦੌਰਾਨ ਐੱਸਡੀਐੱਮ ਅਮਲੋਹ ਚੇਤਨ ਬੰਗੜ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅੱਜ ਨੈਸ਼ਨਲ ਹਾਈਵੇ ਅਤੇ ਜ਼ਿਲ੍ਹੇ ਦੀਆਂ ਹੋਰਨਾਂ ਅਹਿਮ ਲਿੰਕ ਸੜਕਾਂ ਦੀ ਚੱਲ ਰਹੀ ਮੁਰੰਮਤ ਪ੍ਰਕਿਰਿਆ ਦਾ ਖੁਦ ਦੌਰਾ ਕਰਕੇ ਨਿਰੀਖਣ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਆਪਕ ਪੱਧਰ ’ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਸਹਾਦਤ ਯਾਤਰਾ ਦੀ ਆਮਦ ਅਤੇ ਠਹਿਰ ਫਤਹਿਗੜ੍ਹ ਸਾਹਿਬ ਵਿਖੇ ਵੀ ਹੋਵੇਗੀ ਅਤੇ ਇਸ ਲਈ ਸਮਾਂ ਰਹਿੰਦਿਆਂ ਸਮੂਹ ਸੜਕਾਂ ਨੂੰ ਦਰੁਸਤ ਕੀਤਾ ਜਾਣਾ ਸਮੇਂ ਦੀ ਅਹਿਮ ਲੋੜ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਦਸੰਬਰ ਦੌਰਾਨ ਸ਼ਹੀਦੀ ਸਭਾ ਦੇ ਮੱਦੇਨਜ਼ਰ ਦੇਸ਼-ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਪੁੱਜਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਵੀ ਸੜਕਾਂ, ਰੌਸ਼ਨੀ ਦਾ ਪ੍ਰਬੰਧ, ਬਿਜਲੀ ਦੀਆਂ ਤਾਰਾਂ ਨੂੰ ਦਰੁਸਤ ਕਰਨ ਦੀ ਵਿਵਸਥਾ, ਸੀਵਰੇਜ ਪ੍ਰਬੰਧਾਂ, ਸਹਿਰ ਦੀ ਸਾਫ ਸਫਾਈ, ਪਖਾਨਿਆਂ ਦੀ ਸਫਾਈ ਆਦਿ ਦੇ ਸਮੁੱਚੇ ਪ੍ਰਬੰਧ ਤੇਜੀ ਨਾਲ ਨੇਪਰੇ ਚੜ੍ਹਾਉਣ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸਨਰ ਵੱਲੋਂ ਅੱਜ ਐਸਡੀਐਮ ਅਰਵਿੰਦ ਕੁਮਾਰ ਗੁਪਤਾ, ਐਸਡੀਐਮ ਅਮਲੋਹ ਚੇਤਨ ਬੰਗੜ, ਮੁੱਖ ਮੰਤਰੀ ਫੀਲਡ ਅਫਸਰ ਸੰਕਰ ਸ਼ਰਮਾ, ਕਾਰਜਕਾਰੀ ਏਜੰਸੀਆਂ ਦੇ ਐਕਸੀਅਨਾਂ, ਪੀਏ ਰਣਧੀਰ ਸਿੰਘ ਤੇ ਹੋਰ ਅਧਿਕਾਰੀਆਂ ਸਮੇਤ ਖੁਦ ਨੈਸਨਲ ਹਾਈਵੇ ਅਤੇ ਲਿੰਕ ਸੜਕਾਂ ਦਾ ਨਿਰੀਖਣ ਕੀਤਾ ਅਤੇ ਕਮੀਆਂ ਨੂੰ ਫੌਰੀ ਆਧਾਰ ’ਤੇ ਦੂਰ ਕੀਤੇ ਜਾਣ ਦੇ ਆਦੇਸ਼ ਦਿੱਤੇ।

ਇਹ ਵੀ ਪੜ੍ਹੋ: Punjab Government News: ਪੰਜਾਬ ਸਰਕਾਰ 13 ਅਕਤੂਬਰ ਨੂੰ ਲਵੇਗੀ ਅਹਿਮ ਫ਼ੈਸਲੇ, ਪੱਤਰ ਜਾਰੀ ਕਰਕੇ ਦਿੱਤੀ ਜਾਣਕਾਰੀ

ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਸਮੂਹ ਕਾਰਜਕਾਰੀ ਏਜੰਸੀਆਂ ਦੇ ਐਕਸੀਅਨਾਂ ਤੇ ਐਸਡੀਓਜ ਨੂੰ ਹਦਾਇਤ ਕੀਤੀ ਹੈ ਕਿ ਸੰਗਤ ਦੀ ਸੁਖਾਵੀਂ ਆਮਦ ਤੇ ਹੋਰ ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਵਿੱਚ ਕੋਈ ਢਿੱਲਮਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਨੂੰ ਕਿਹਾ ਕਿ ਉਹ ਸਮੇਂ ਸਮੇਂ ‘ਤੇ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਪ੍ਰਕਿਰਿਆ ਦੀ ਨਿਗਰਾਨੀ ਕਰਦੇ ਰਹਿਣ ਤਾਂ ਜੋ ਕਮੀਆਂ ਨੂੰ ਨਾਲੋ ਨਾਲ ਦੂਰ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਵੱਲੋਂ ਕੀਤੇ ਨਿਰੀਖਣ ਦੌਰਾਨ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਨੈਸਨਲ ਹਾਈਵੇ, ਨਗਰ ਕੌਂਸਲ, ਜਲ ਸਪਲਾਈ ਤੇ ਸੀਵਰੇਜ਼ ਬੋਰਡ, ਜਲ ਸਪਲਾਈ ਤੇ ਸੈਨੀਟੇਸਨ, ਪੀਐਸਪੀਸੀਐਲ ਦੇ ਅਧਿਕਾਰੀ ਵੀ ਮੌਜੂਦ ਸਨ।