Coldreef Cough Syrup: ਨਵੀਂ ਦਿੱਲੀ (ਏਜੰਸੀ)। ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ 11 ਬੱਚਿਆਂ ਦੀ ਮੌਤ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ‘ਕੋਲਡ੍ਰਿਫ’ ਖੰਘ ਦੀ ਦਵਾਈ ਦੀ ਵਿਕਰੀ ’ਤੇ ਪਾਬੰਦੀ ਲਾਉਣ ਦਾ ਆਦੇਸ਼ ਦਿੱਤਾ ਹੈ। ਫੂਡ ਸੇਫਟੀ ਐਂਡ ਡਰੱਗਜ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਆਦੇਸ਼ 1 ਅਕਤੂਬਰ ਤੋਂ ਤਾਮਿਲਨਾਡੂ ’ਚ ‘ਕਫ ਸਿਰਪ’ ਦੀ ਵਿਕਰੀ ’ਤੇ ਪਾਬੰਦੀ ਲਾਉਂਦਾ ਹੈ। ਚੇਨਈ ਦੀ ਇੱਕ ਕੰਪਨੀ ਇਸ ਦਵਾਈ ਦਾ ਨਿਰਮਾਣ ਕਰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਗੁਆਂਢੀ ਕਾਂਚੀਪੁਰਮ ਜ਼ਿਲ੍ਹੇ ਦੇ ਸੁੰਗੁਵਰਚਤਰਾਮ ਵਿੱਚ ਫਾਰਮਾਸਿਊਟੀਕਲ ਕੰਪਨੀ ਦੀ ਨਿਰਮਾਣ ਇਕਾਈ ਦਾ ਪਿਛਲੇ ਦੋ ਦਿਨਾਂ ’ਚ ਨਿਰੀਖਣ ਕੀਤਾ ਗਿਆ ਤੇ ਨਮੂਨੇ ਇਕੱਠੇ ਕੀਤੇ ਗਏ। Coldreef Cough Syrup
ਇਹ ਖਬਰ ਵੀ ਪੜ੍ਹੋ : Drone Sister Scheme: ਪੰਨਵਾਂ ਦੀ ਪ੍ਰਭਜੋਤ ਕੌਰ ਡਰੋਨ ਦੀਦੀ ਯੋਜਨਾ ਰਾਹੀਂ ਸੰਗਰੂਰ ’ਚ ਔਰਤਾਂ ਲਈ ਬਣੀ ਪ੍ਰੇਰਨਾ
ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੁਡੂਚੇਰੀ ਨੂੰ ਦਵਾਈਆਂ ਸਪਲਾਈ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਰਸਾਇਣਕ ‘ਡਾਈਥਾਈਲੀਨ ਗਲਾਈਕੋਲ’ ਦੀ ਮੌਜ਼ੂਦਗੀ ਦਾ ਪਤਾ ਲਾਉਣ ਲਈ ਨਮੂਨੇ ਸਰਕਾਰੀ ਪ੍ਰਯੋਗਸ਼ਾਲਾਵਾਂ ’ਚ ਭੇਜੇ ਜਾਣਗੇ। ਕੇਂਦਰੀ ਸਿਹਤ ਮੰਤਰਾਲੇ ਨੇ ਬੱਚਿਆਂ ਦੀਆਂ ਮੌਤਾਂ ਦਾ ਨੋਟਿਸ ਲੈਂਦੇ ਹੋਏ, ਸ਼ੁੱਕਰਵਾਰ ਨੂੰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ, ਜਿਸ ’ਚ ਨਿਰਦੇਸ਼ ਦਿੱਤਾ ਗਿਆ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੰਘ ਤੇ ਜ਼ੁਕਾਮ ਦੀਆਂ ਦਵਾਈਆਂ ਨਾ ਦਿੱਤੀਆਂ ਜਾਣ। Coldreef Cough Syrup