ਫਿੱਕੀ ਪ੍ਰੋਗਰਾਮ ‘ਚ ਬੋਲੇ ਪੀਐੱਮ ਮੋਦੀ | PM Modi
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਵਪਾਰ ਤੇ ਉਦਯੋਗ ਮਹਾਂਸੰਘ (ਫਿੱਕੀ) ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ‘ਚ ਦਿੱਲੀ ‘ਚ ਹੋਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਬੈਂਕਾਂ ਸਬੰਧੀ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਬੈਂਕਾਂ ‘ਚ ਲੋਕਾਂ ਦਾ ਪੈਸਾ ਸੁਰੱਖਿਅਤ ਨਹੀਂ ਰਹੇਗਾ । ਉਨ੍ਹਾਂ ਕਿਹਾ ਕਿ ਐਫਆਰਡੀਆਈ ਸਬੰਧੀ ਅਫਵਾਹ ਫੈਲਾਈ ਜਾ ਰਹੀ ਹੈ। ਪੀਐੱਮ ਨੇ ਕਿਹਾ ਕਿ ਸਰਕਾਰ ਜਮ੍ਹਾਂਕਰਤਾਵਾਂ ਦੇ ਹਿੱਤਾਂ ਤੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਕੰਮ ਕਰ ਰਹੀ ਹੈ, ਪਰ ਅਫ਼ਵਾਹ ਪੂਰੀ ਤਰ੍ਹਾਂ ਉਲਟ ਫੈਲਾਈ ਜਾ ਰਹੀ ਹੈ ।ਅਜਿਹੀਆਂ ਅਫ਼ਵਾਹਾਂ ਨੂੰ ਦੂਰ ਕਰਨ ਲਈ ਫਿੱਕੀ ਵਰਗੇ ਸੰਸਥਾਨਾਂ ਦਾ ਯੋਗਦਾਨ ਮਹੱਤਵਪੂਰਨ ਹੈ। ਪੀਐੱਮ ਨੇ ਕਿਹਾ ਕਿ ਅਸੀਂ ਇੱਕ ਅਜਿਹਾ ਸਿਸਟਮ ਬਣਾਉਣ ‘ਤੇ ਕੰਮ ਕਰ ਰਹੇ ਹਾਂ ਜੋ ਨਾ ਸਿਰਫ਼ ਪਾਰਦਰਸ਼ੀ ਹੈ, ਸਗੋਂ ਸੰਵੇਦਨਸ਼ੀਲ ਵੀ ਹੈ। (PM Modi)
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਦੀ ਲੋੜ ਸਮਝੀ, ਜਨਧਨ ਯੋਜਨਾ ਰਾਹੀਂ ਲੋਕਾਂ ਦੇ ਬੈਂਕ ਖਾਤੇ ਖੁਲ੍ਹਵਾਏ ਪੀਐੱਮ ਨੇ ਕਿਹਾ ਕਿ ਅੱਜ-ਕੱਲ੍ਹ ਜੋ ਐਨਪੀਏ ਦਾ ਹੱਲ੍ਹਾ ਮੱਚ ਰਿਹਾ ਹੈ, ਇਹ ਪਹਿਲਾਂ ਦੀ ਸਰਕਾਰ ‘ਚ ਬੈਠੇ ਅਰਥਸ਼ਾਸਤਰੀਆਂ ਦੀ, ਇਸ ਸਰਕਾਰ ਨੂੰ ਦਿੱਤੀ ਗਈ ਸਭ ਤੋਂ ਵੱਡੀ ਲਾਇਬਿਲਿਟੀ ਹੈ। ਪੀਐੱਮ ਨੇ ਮਨਮੋਹਨ ਸਿੰਘ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਐਨਪੀਏ ਯੂਪੀਏ ਸਰਕਾਰ ਦਾ ਸਭ ਤੋਂ ਵੱਡਾ ਘਪਲਾ ਸੀ ਉਨ੍ਹਾਂ ਕਿਹਾ ਕਿ ਕਾਮਨਵੈਲਥ, 2 ਜੀ, ਕੋਲ ਤੋਂ ਵੀ ਕਿਤੇ ਵੱਡਾ ਇਹ ਘਪਲਾ ਸੀ ਪੀਐੱਮ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ ਜੋ ਲੋਕ ਮੌਨ ਰਹਿ ਕੇ ਸਭ ਕੁਝ ਦੇਖ ਰਹੇ ਸਨ, ਕੀ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕਿਸੇ ਸੰਸਥਾ ਵੱਲੋਂ ਕੀਤੀ ਗਈ?
ਉਨ੍ਹਾਂ ਕਿਹਾ ਕਿ ਪਹਿਲਾਂ ਦੀ ਸਰਕਾਰ ‘ਚ ਬੈਠੇ ਲੋਕ ਜਾਣਦੇ ਸਨ, ਬੈਂਕ ਜਾਣਦੇ ਸਨ, ਉਦਯੋਗ ਜਗਤ ਵੀ ਜਾਣਦਾ ਸੀ ਤੇ ਬਜ਼ਾਰ ਨਾਲ ਜੁੜੀਆਂ ਸੰਸਥਾਵਾਂ ਵੀ ਜਾਣਦੀਆਂ ਸਨ ਕਿ ਗਲਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ‘ਚ ਬੈਠੇ ਕੁਝ ਲੋਕਾਂ ਵੱਲੋਂ ਬੈਂਕਾਂ ‘ਤੇ ਦਬਾਅ ਪਾ ਕੇ ਕੁਝ ਵਿਸ਼ੇਸ਼ ਲੋਕਾਂ ਨੂੰ ਲੋਨ ਦਿਵਾਇਆ ਜਾ ਰਿਹਾ ਸੀ, ਉਦੋਂ ਫਿੱਕੀ ਵਰਗੀਆਂ ਸੰਸਥਾਵਾਂ ਕੀ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸਾਡੇ ਇੱਥੇ ਇੱਕ ਅਜਿਹਾ ਸਿਸਟਮ ਬਣਿਆ, ਜਿਸ ਨਾਲ ਗਰੀਬ ਲੜ ਰਿਹਾ ਸੀ, ਛੋਟੀਆਂ-ਛੋਟੀਆਂ ਚੀਜ਼ਾਂ ਲਈ ਉਸ ਨੂੰ ਸੰਘਰਸ਼ ਕਰਨਾ ਪੈ ਰਿਹਾ ਸੀ ਆਪਣੀ ਹੀ ਪੈਨਸ਼ਨ, ਸਕਾਲਰਸ਼ਿਪ ਪਾਉਣ ਲਈ ਇੱਥੇ-ਉੱਥੇ ਕਮਿਸ਼ਨ ਦੇਣਾ ਹੁੰਦਾ ਸੀ। (PM Modi)