ਚੰਡੀਗੜ੍ਹ/ਅੰਮ੍ਰਿਤਸਰ (ਸੱਚ ਕਹੂੰ ਬਿਊਰੋ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਦੇ ਮੇਅਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੇ ਸਬੰਧ ਵਿੱਚ ਬਰਤਾਨੀਆ ਸਰਕਾਰ ਵੱਲੋਂ ਮੁਆਫੀ ਮੰਗਣ ਦੇ ਦਿੱਤੇ ਗਏ ਸੁਝਾਅ ਦਾ ਸਵਾਗਤ ਕੀਤਾ ਹੈ। ਬੁੱਧਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਦੀ ਘਟਨਾ ਬਾਰੇ ਸਾਦਿਕ ਖਾਨ ਵੱਲੋਂ ਦਿੱਤੇ ਗਏ ਵਿਚਾਰਾਂ ਨੂੰ ਸੁਣਿਆ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਮੇਅਰ ਦੀਆਂ ਭਾਵਨਾਵਾਂ ਜਾਣਕੇ ਖੁਸ਼ੀ ਹੋਈ ਹੈ।
ਉਨ੍ਹਾਂ ਕਿਹਾ ਕਿ ਇਹ ਸੁਝਾਅ ਬ੍ਰਿਟਿਸ਼ ਸਰਕਾਰ ਦੇ ਇਕ ਅਹੁਦੇਦਾਰ ਵੱਲੋਂ ਦਿੱਤਾ ਗਿਆ ਹੈ ਅਤੇ ਜੇ ਇਸ ਨੂੰ ਲਾਗੂ ਕੀਤਾ ਜਾਵੇ ਤਾਂ ਇਹ ਬਹੁਤ ਵਧੀਆ ਹੋਵੇਗਾ ਕਿਉਂਕਿ ਇਸ ਨਾਲ ਭਾਰਤ ਅਤੇ ਯੂ.ਕੇ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਇਸ ਨਾਲ ਅਜ਼ਾਦੀ ਸੰਘਰਸ਼ ਦੌਰਾਨ ਭਾਰਤੀਆਂ ਨੂੰ ਮਿਲੇ ਗੰਭੀਰ ਜ਼ਖਮਾਂ ‘ਤੇ ਕੁਝ ਹੱਦ ਤੱਕ ਮੱਲਮ ਲੱਗੇਗੀ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਇੱਥੇ ਮੁੱਖ ਮੰਤਰੀ ਦੁਆਰਾ ਦਿੱਤੇ ਗਏ ਰਾਤ ਦੇ ਖਾਣੇ ਮੌਕੇ ਦੋਵਾਂ ਨੇਤਾਵਾਂ ਨੇ ਮੁਲਾਕਾਤ ਕੀਤੀ। ਮੀਟਿੰਗ ਵਿੱਚ ਆਪਸੀ ਹਿੱਤਾਂ ਦੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਾਦਿਕ ਖਾਨ ਨੇ ਲੰਡਨ ਅਤੇ ਪੰਜਾਬ ਦਰਮਿਆਨ ਨਜ਼ਦੀਕੀ ਅਤੇ ਭਾਵਕ ਸਬੰਧਾਂ ‘ਤੇ ਜ਼ੋਰ ਦਿੱਤਾ। ਲੰਡਨ ਵਿੱਚ ਇਕ ਵੱਡਾ ਪੰਜਾਬੀ ਭਾਈਚਾਰਾ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਵਿੱਚ ਮਜ਼ਬੂਤ ਸਬੰਧ ਹਨ ਜਿਨ੍ਹਾਂ ਨੂੰ ਉਹ ਲਗਾਤਾਰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕ੍ਰਿਕਟ ਵਿੱਚ ਪੰਜਾਬ ਅਤੇ ਬਰਤਾਨੀਆ ਦੇ ਸਾਂਝੇ ਹਿੱਤਾਂ ਨੂੰ ਦਰਸਾਉਣ ਲਈ ਲੰਡਨ ਦੇ ਮੇਅਰ ਨੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਤੇ ਅੰਮ੍ਰਿਤਸਰ ਤੋਂ ਚੁਣੇ ਹੋਏ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਕ੍ਰਿਕਟ ਬਾਲ ਦਿੱਤੀ। ਇਸੇ ਦੌਰਾਨ ਅੰਮ੍ਰਿਤਸਰ ਜ਼ਿਲ•ੇ ਦੇ ਵਿਧਾਇਕਾਂ ਨੇ ਲੰਡਨ ਦੇ ਮੇਅਰ ਨੂੰ ਇਕ ਯਾਦ ਪੱਤਰ ਸੌਂਪਿਆ ਜਿਸ ਨਾਲ ਨਿੱਜੀ ਅਤੇ ਕਾਰੋਬਾਰੀ ਸੈਲਾਨੀਆਂ ਦੀ ਸਹੂਲਤ ਲਈ ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਲੰਡਨ ਵਿੱਚਕਾਰ ਸਿੱਧੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਨ ਸ਼ੁਰੂ ਕਰਨ ਦੀ ਮੰਗ ਕੀਤੀ।