Flood: ਹੜ੍ਹ ਪ੍ਰਭਾਵਿਤ ਇਲਾਕੇ ’ਚ ਪਾਣੀ, ਰਾਸ਼ਨ, ਦਵਾਈਆਂ ਤੇ ਪਸ਼ੂਆਂ ਦੇ ਚਾਰੇ ਦੀ ਵੰਡ ਲਗਾਤਾਰ ਜਾਰੀ
Flood: ਅੰਮ੍ਰਿਤਸਰ (ਰਾਜਨ ਮਾਨ)। ਮਾਝੇ ਤੇ ਦੁਆਬੇ ’ਚ ਰਾਵੀ ਤੇ ਬਿਆਸ ਦਰਿਆਵਾਂ ਦਾ ਕਹਿਰ ਜਾਰੀ ਹੈ। ਅੱਜ ਮੀਂਹ ਨੇ ਰਾਹਤ ਕਾਰਜਾਂ ਨੂੰ ਪ੍ਰਭਾਵਿਤ ਕੀਤਾ ਹੈ। ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਰਾਵੀ ਵਿੱਚ ਆਏ ਹੜ੍ਹ ਕਾਰਨ ਸੈਂਕੜੇ ਤੋਂ ਵਧੇਰੇ ਪਿੰਡ ਲਪੇਟ ਵਿੱਚ ਆ ਗਏ ਹਨ ਤੇ ਲੋਕਾਂ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਤ ਸਥਾਨਾਂ ’ਤੇ ਲਿਆਉਣ ਤੇ ਰਾਹਤ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਦੀ ਤਰਫੋਂ ਪ੍ਰਬੰਧਕੀ ਸਕੱਤਰ ਪੱਧਰ ਦੇ ਤਿੰਨ ਅਧਿਕਾਰੀ ਜਿਨ੍ਹਾਂ ’ਚ ਸ੍ਰੀ ਕਮਲ ਕਿਸ਼ੋਰ ਯਾਦਵ, ਸ੍ਰੀ ਵਰਨ ਰੂਜ਼ਮ ਤੇ ਸ੍ਰੀ ਬਸੰਤ ਗਰਗ ਸ਼ਾਮਲ ਹਨ, ਹੜ੍ਹ ਪੀੜਤਾਂ ਦੀ ਰਾਹਤ ਲਈ ਚੱਲ ਰਹੇ ਕੰਮਾਂ ਦੀ ਅਗਵਾਈ ਕਰਨੀ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਤੋਂ ਅਜਨਾਲਾ ਪੁੱਜੇ ਹਨ। ਅੱਜ ਅਜਨਾਲਾ ਖੇਤਰ ’ਚ ਬਾਅਦ ਦੁਪਹਿਰ ਲਗਾਤਾਰ ਮੀਂਹ ਜਾਰੀ ਰਿਹਾ ਪਰ ਮੀਂਹ ਦੇ ਬਾਵਜੂਦ ਵੀ ਰਾਹਤ ਦੇ ਕੰਮ ਰੁਕੇ ਨਹੀਂ। ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਉਸੇ ਤਰ੍ਹਾਂ ਆਪਣੇ ਆਪਣੇ ਕੰਮ ’ਚ ਰੁੱਝੇ ਰਹੇ। Flood
Read Also : ਪੰਜਾਬ ’ਚ ਖਤਰੇ ’ਚ ਘੰਟੀ, ਦਰਿਆਵਾਂ ’ਚ ਹੜ੍ਹ, 37 ਸਾਲਾਂ ਦਾ ਰਿਕਾਰਡ ਟੁੱਟਿਆ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਰਾਹਤ ਦੇ ਕੰਮ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ। ਉਹ ਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਮਨਿੰਦਰ ਸਿੰਘ ਖ਼ੁਦ ਸਵੇਰੇ 6 ਵਜੇ ਤੋਂ ਪਹਿਲਾਂ ਪ੍ਰਭਾਵਿਤ ਖੇਤਰਾਂ ’ਚ ਪਹੁੰਚ ਜਾਂਦੇ ਹਨ ਤੇ ਰਾਤ 11 ਵਜੇ ਤੱਕ ਉਹ ਸਾਰੇ ਪ੍ਰਭਾਵਿਤ ਸਥਾਨਾਂ ’ਤੇ ਪਹੁੰਚ ਕੇ ਅਧਿਕਾਰੀਆਂ ਨਾਲ ਕੰਮ ਕਰਵਾ ਰਹੇ ਹਨ। ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਲਗਾਤਾਰ ਲੋਕ ਸੇਵਾ ’ਚ ਲੱਗੇ ਹੋਏ ਹਨ।
Punjab News
ਅੱਜ ਐੱਸਡੀਐੱਮ ਅਜਨਾਲਾ ਸ੍ਰੀ ਰਵਿੰਦਰ ਸਿੰਘ, ਐੱਸਡੀਐੱਮ ਅੰਮ੍ਰਿਤਸਰ ਵੰਨ ਗੁਰਸਿਮਰਨ ਸਿੰਘ ਢਿੱਲੋਂ ਤੇ ਸਹਾਇਕ ਕਮਿਸ਼ਨਰ ਖੁਸ਼ਪ੍ਰੀਤ ਸਿੰਘ ਰਮਦਾਸ ਨੇੜਲੇ ਪਿੰਡਾਂ ’ਚ ਰਾਹਤ ਦੇ ਕੰਮ ਸੰਭਾਲਦੇ ਰਹੇ। ਉਨ੍ਹਾਂ ਨਾਲ ਐੱਨਡੀਆਰਐੱਫ ਦੀਆਂ ਦੋ ਟੀਮਾਂ, ਕਿਸ਼ਤੀਆਂ ਤੇ ਰਾਹਤ ਦੇ ਕੰਮਾਂ ਨੂੰ ਚਲਾਉਣ ਲਈ ਮੰਗਵਾਏ ਗਏ ਏਟੀਓਆਰ ਵਹੀਕਲ ਸ਼ਾਮਲ ਸਨ। ਜਦ ਕਿ ਅਜਨਾਲਾ ਨੇੜਲੇ ਪਿੰਡ ਸੁਧਾਰ, ਮਲਕਪੁਰ, ਦਰਿਆ, ਰੂੜੇਵਾਲ, ਥੋਬਾ ਆਦਿ ਪਿੰਡਾਂ ਵਿੱਚ ਰਾਹਤ ਦਾ ਕੰਮ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਜਾਰੀ ਰਿਹਾ।
ਇਨ੍ਹਾਂ ਕੰਮ ਕਰ ਰਹੀਆਂ ਟੀਮਾਂ ਨੂੰ ਡੀਜ਼ਲ ਦੇਣ ਦਾ ਕੰਮ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸ੍ਰੀ ਅਮਨਜੀਤ ਸਿੰਘ ਦੀ ਅਗਵਾਈ ਹੇਠ ਮਿਲਦਾ ਰਿਹਾ ਤੇ ਉਹਨਾਂ ਵੱਲੋਂ ਹੀ ਸਾਰੇ ਜ਼ਿਲ੍ਹੇ ’ਚ ਫੂਡ ਪੈਕਟ, ਰਾਸ਼ਨ, ਪੀਣ ਵਾਲੇ ਪਾਣੀ ਦੀ ਸਪਲਾਈ ਲਗਾਤਾਰ ਜਾਰੀ ਰਹੀ। ਜ਼ਿਲ੍ਹਾ ਪ੍ਰਸ਼ਾਸਨ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਆਏ ਹੋਏ ਫੂਡ ਪੈਕਟ ਦੀ ਡਿਲੀਵਰੀ ਪ੍ਰਭਾਵਿਤ ਪਰਿਵਾਰਾਂ ਤੱਕ ਲਗਾਤਾਰ ਕੀਤੀ ਜਾਂਦੀ ਰਹੀ।
Amritsar News
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲੇ੍ਹ ਦੇ 70 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹਨ ਜਿਨ੍ਹਾਂ ਦੀ ਅੰਦਾਜ਼ਨ ਆਬਾਦੀ 30 ਹਜ਼ਾਰ ਦੇ ਕਰੀਬ ਹੈ। ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਐੱਨਡੀਆਰਐੱਫ ਤੇ ਆਰਮੀ ਦੀਆਂ ਹੜ ਰਾਹਤ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਥਾਨਾਂ ’ਤੇ ਸੜਕੀ ਰਸਤੇ ਨਹੀਂ ਪਹੁੰਚ ਨਹੀਂ ਰਹੀ, ਉਨ੍ਹਾਂ ਵਾਸਤੇ 30 ਦੇ ਕਰੀਬ ਕਿਸ਼ਤੀਆਂ ਕੰਮ ਕਰ ਰਹੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨ ਰਾਹਤ ਕੈਂਪ ਕਾਰਜਸ਼ੀਲ ਹਨ ਤੇ ਇਸ ਤੋਂ ਇਲਾਵਾ ਕਈ ਸਕੂਲ ਵੀ ਲੋਕਾਂ ਦੇ ਰਹਿਣ ਲਈ ਖੋਲ੍ਹੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ 24 ਘੰਟੇ ਲਈ ਮੈਡੀਕਲ ਟੀਮਾਂ ਰਾਹਤ ਕੈਂਪਾਂ ’ਚ ਤਾਇਨਾਤੀ ਕੀਤੀ ਗਈ ਹੈ, ਇਸ ਤੋਂ ਇਲਾਵਾ ਉੱਚੀਆਂ ਥਾਵਾਂ ’ਤੇ ਵੀ ਮੈਡੀਕਲ ਟੀਮਾਂ ਬੈਠ ਕੇ ਲੋਕਾਂ ਦਾ ਇਲਾਜ ਤੇ ਦਵਾਈਆਂ ਦੀ ਵੰਡ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰੈਸਕਿਊ ਟੀਮਾਂ ਵੱਲੋਂ ਹੁਣ ਤੱਕ 1700 ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਲੋੜਵੰਦ ਵਿਅਕਤੀਆਂ ਤੱਕ ਖਾਸ ਕਰਕੇ ਜੋ ਵਿਅਕਤੀ ਆਪਣੇ ਘਰ ਦੀਆਂ ਛੱਤਾਂ ’ਤੇ ਸ਼ਰਨ ਲਈ ਬੈਠੇ ਹਨ, ਨੂੰ ਬਰਸਾਤ ਤੋਂ ਬਚਣ ਲਈ 700 ਦੇ ਕਰੀਬ ਤਰਪਾਲਾਂ ਦੀ ਵੰਡ ਵੀ ਕੀਤੀ ਜਾ ਚੁੱਕੀ ਹੈ।